ਚੰਡੀਗੜ੍ਹ ‘ਚ ਮਨਪ੍ਰੀਤ ਬਾਦਲ ਦੇ ‘ਭਿਖਾਰੀ’ ਵਾਲੇ ਲੱਗੇ ਪੋਸਟਰ
ਚੰਡੀਗੜ੍ਹ : ਪੰਜਾਬ ਸਰਕਾਰ ਦਾ ਵੀ ਦਿਨੋਂ ਦਿਨ ਦੀਵਾਲਾ ਨਿਕਲਦਾ ਜਾ ਰਿਹਾ ਹੈ। ਇਸ ਮਹੀਨੇ ਪੰਜਾਬ ਸਰਕਾਰ ਦੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ। ਇਸ ਤੋਂ ਅੱਕ ਕੇ ਤਕਨੀਕੀ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਦੇ 6 ਵਿਭਾਗਾਂ ਵਲੋਂ ਤਨਖਾਹਾਂ ਨਾ ਮਿਲਣ ਕਰਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਤਕਨੀਕੀ ਸਿੱਖਿਆ ਵਿਭਾਗ ਦੇ ਚੰਡੀਗੜ੍ਹ ਸਥਿਤ ਦਫਤਰ ਦੇ ਬਾਹਰ ਮਨਪ੍ਰੀਤ ਬਾਦਲ ਦੀ ‘ਭਿਖਾਰੀ’ ਦੇ ਰੂਪ ਵਿਚ ਫੋਟੋ ਵੀ ਲਗਾ ਦਿੱਤੀ ਗਈ। ਯਾਦ ਰਹੇ ਕਿ ਪਿਛਲੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਵਿੱਚ ਮਾੜੇ ਆਰਥਿਕ ਹਾਲਾਤ ਹੋਣ ਦੇ ਬਾਵਜੂਦ ਤਨਖਾਹਾਂ ਸਮੇਂ ਸਿਰ ਦੇਣ ਦਾ ਵਾਅਦਾ ਕੀਤਾ ਸੀ। ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਕਾਤ ਵੀ ਕੀਤੀ ਸੀ। ਇਸ ਦੇ ਬਾਵਜੂਦ ਸਰਕਾਰ ਤਨਖਾਹਾਂ ਦਾ ਪ੍ਰਬੰਧ ਨਹੀਂ ਕਰ ਸਕੀ।
ਬਰਿੰਦਰ ਸਿੰਘ ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣੇ
ਪੰਜ ਜਨਰਲ ਸਕੱਤਰ ਵੀ ਚੁਣੇ ਗਏ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਯੂਥ ਕਾਂਗਰਸ ਦੀ ਹੋਈ ਚੋਣ ਤੋਂ ਬਾਅਦ ਬਰਿੰਦਰ ਸਿੰਘ ਢਿੱਲੋਂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਚੋਣ ਨਤੀਜਾ ਸ਼ਨੀਵਾਰ ਦੇਰ ਸ਼ਾਮ ਪੰਜਾਬ ਕਾਂਗਰਸ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਚ ਐਲਾਨਿਆ ਗਿਆ। ਢਿੱਲੋਂ ਦੇ ਪ੍ਰਧਾਨ ਬਣਨ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਯੂਥ ਵਰਕਰ ਉੱਥੇ ਪੁੱਜੇ ਅਤੇ ਢਿੱਲੋਂ ਨੂੰ ਵਧਾਈ ਦਿੱਤੀ।
ਢਿੱਲੋਂ ਨੇ ਇਸ ਮੌਕੇ ਕਿਹਾ ਕਿ ਯੂਥ ਕਾਂਗਰਸ ਪੰਜਾਬ ਸਰਕਾਰ ਦੀ ਨੀਤੀਆਂ ਦਾ ਪ੍ਰਚਾਰ ਕਰੇਗੀ ਅਤੇ ਜੋ ਯੂਥ ਕਾਂਗਰਸ ਦੇ ਸਾਬਕਾ ਆਗੂ ਹਨ ਉਨ੍ਹਾਂ ਨਾਲ ਮਿਲ ਕੇ ਪੰਜਾਬ ‘ਚ ਕਾਂਗਰਸ ਦਾ ਆਧਾਰ ਮਜ਼ਬੂਤ ਕੀਤਾ ਜਾਵੇਗਾ। ਨਵੇਂ ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕਰਵਾਈਆਂ ਜਾਣਗੀਆਂ ਅਤੇ ਪੰਜਾਬ ਕਾਂਗਰਸ ਲਈ ਨੌਜਵਾਨ ਪੂਰੀ ਸਰਗਰਮੀ ਨਾਲ ਕੰਮ ਕਰਨਗੇ। ਜਾਣਕਾਰੀ ਅਨੁਸਾਰ ਕੁੱਲ ਵੋਟਾਂ ਵਿਚੋਂ ਢਿੱਲੋਂ ਨੂੰ 29600 ਵੋਟ ਪਈ, ਜਦ ਕਿ ਪ੍ਰਧਾਨਗੀ ਦੀ ਦੌੜ ਵਿਚ ਸ਼ਾਮਲ ਜਸਵਿੰਦਰ ਜੱਸੀ ਨੂੰ 8 ਹਜ਼ਾਰ ਅਤੇ ਗੁਰਜੋਤ ਢੀਂਡਸਾ ਨੂੰ 6 ਹਜ਼ਾਰ ਵੋਟ ਪਈ। ਇਸ ਮੌਕੇ ਸੂਬਾ ਜਨਰਲ ਸਕੱਤਰਾਂ ਦੀ ਹੋਈ ਚੋਣ ‘ਚ 5 ਜਨਰਲ ਸਕੱਤਰ ਚੁਣੇ ਗਏ। ਪਹਿਲੇ ਨੰਬਰ ‘ਤੇ ਰਹੇ ਮੋਹਿਤ ਮੋਹਿੰਦਰਾ ਨੂੰ 6038 ਵੋਟਾਂ ਪਈਆਂ, ਜਦ ਕਿ ਕਿਰਨਪ੍ਰੀਤ ਪਾਹੜਾ ਨੂੰ 5358, ਅਕਾਸ਼ਦੀਪ ਗਿੱਲ ਨੂੰ 4290, ਉਦੇਵੀਰ ਢਿੱਲੋਂ ਨੂੰ 3626 ਅਤੇ ਦਿਲਰਾਜ ਸਰਕਾਰੀਆ ਨੂੰ 2524 ਵੋਟਾਂ ਪਈਆਂ। ਜਾਣਕਾਰੀ ਅਨੁਸਾਰ ਮਹਿਲਾ ਉਪ ਪ੍ਰਧਾਨ ਦੇ ਅਹੁਦੇ ਲਈ ਦਮਨ ਬਾਜਵਾ ਨੂੰ 3000 ਵੋਟਾਂ ਪਈਆਂ। ਦੱਸਿਆ ਜਾ ਰਿਹਾ ਹੈ ਕਿ ਦਮਨ ਬਾਜਵਾ ਖ਼ਿਲਾਫ਼ ਕੋਈ ਉਮੀਦਵਾਰ ਨਹੀਂ ਸੀ। ਇਸ ਦੇ ਇਲਾਵਾ 3 ਹੋਰ ਉਪ ਪ੍ਰਧਾਨ ਚੁਣੇ ਗਏ ਹਨ, ਜਿਨ੍ਹਾਂ ਵਿਚ 2 ਜਨਰਲ ਵਰਗ ਤੋਂ ਅਤੇ ਇਕ ਰਾਖਵੇਂ ਕੋਟੇ ‘ਚੋਂ ਚੁਣਿਆ ਗਿਆ ਹੈ। ਇਸ ਚੋਣ ਮਗਰੋਂ ਹੁਣ ਸੂਬਾ ਜਥੇਬੰਦੀ ਵਿਚ ਸਕੱਤਰਾਂ ਦੀ ਚੋਣ ਵੀ ਕੀਤੀ ਜਾਵੇਗੀ।
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਸਿੱਖ ਸੰਗਤ ਦੇ ਨਾਂ ਖੁੱਲ੍ਹਾ ਪੱਤਰ
ਦਰਬਾਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦੇਣ ਦੀ ਮੰਗ
ਅੰਮ੍ਰਿਤਸਰ/ਬਿਊਰੋ ਨਿਊਜ਼ :ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਨੇ ਮੰਗਲਵਾਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਸਿੱਖ ਸੰਗਤ ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕਰਦਿਆਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਫ਼ੌਜੀ ਹਮਲੇ, ਝੂਠੇ ਮੁਕਾਬਲਿਆਂ ਅਤੇ ਨਵੰਬਰ, 1984 ਕਤਲੇਆਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖੀ ਉੱਪਰ ਅੱਤਵਾਦੀ ਹਮਲਾ ਐਲਾਨਣ ਲਈ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਅੰਮ੍ਰਿਤਸਰ ‘ਚ ਪੱਤਰਕਾਰ ਸੰਮੇਲਨ ਦੌਰਾਨ ਜਥੇਬੰਦੀ ਦੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵਿੰਦਰ ਸਿੰਘ ਪਲਾਸੌਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਕਿਰਪਾਲ ਸਿੰਘ ਰੰਧਾਵਾ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਦੇ ਬਾਬਾ ਦਰਸ਼ਨ ਸਿੰਘ, ਕਾਬਲ ਸਿੰਘ, ਵਿਰਸਾ ਸਿੰਘ ਆਦਿ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਝੂਠੇ ਮੁਕਾਬਲਿਆਂ ਵਿਚ ਅਤੇ ਧਰਮ ਯੁੱਧ ਮੋਰਚੇ ਦੌਰਾਨ ਸ਼ਹੀਦ ਹੋਣ ਵਾਲਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਵੇ। ਸਾਕਾ ਨੀਲਾ ਤਾਰਾ ਸਮੇਂ ਮਾਰੇ ਗਏ ਸਮੂਹ ਸ਼ਹੀਦਾਂ ਦੀਆਂ ਤਸਵੀਰਾਂ ਸ਼ਹੀਦ ਗੈਲਰੀ ਵਿਚ ਲਾਈਆਂ ਜਾਣ, ਪੰਜਾਬ ਦੇ ਸੰਸਦ ਮੈਂਬਰ ਅਤੇ ਵਿਧਾਇਕ ਜੂਨ 1984, ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਪੜਤਾਲ ਲਈ ਵੱਖ ਵੱਖ ਮਤੇ ਸੰਸਦ ਅਤੇ ਵਿਧਾਨ ਸਭਾ ਵਿਚ ਲੈ ਕੇ ਜਾਣ।
ਉਨ੍ਹਾਂ ਆਖਿਆ ਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਤੋਂ ਇਲਾਵਾ ਲਾਲ ਕ੍ਰਿਸ਼ਨ ਅਡਵਾਨੀ, ਪ੍ਰਕਾਸ਼ ਸਿੰਘ ਬਾਦਲ, ਕੇਪੀਐੱਸ ਗਿੱਲ, ਕੁਲਦੀਪ ਬਰਾੜ ਆਦਿ ਨੂੰ ਦਿੱਤੇ ਸਨਮਾਨ ਵਾਪਸ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਫ਼ੌਜੀ ਹਮਲੇ ਖਿਲਾਫ ਉਦੋਂ ਅਸਤੀਫ਼ਾ ਦਿੱਤਾ ਸੀ, ਹੁਣ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਕੇ ਫ਼ੌਜੀ ਹਮਲੇ ਨੂੰ ਜਾਇਜ਼ ਠਹਿਰਾ ਰਹੇ ਹਨ। ਉਹ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਤੇ ਨਸ਼ਿਆਂ ਦੇ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੀ ਅਸਫ਼ਲ ਰਹੇ ਹਨ। ਇਸੇ ਤਰ੍ਹਾਂ ਗ਼ਰੀਬਾਂ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਹੋਏ। ਉਨ੍ਹਾਂ ਆਖਿਆ ਕਿ ਪੰਜਾਬ ਦੇ ਭਲੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਬੰਦੀ ਸਿੱਖਾਂ ਦੀ ਰਿਹਾਈ, ਪੰਜਾਬ ਵਿਚ ਲੁੱਟਾਂ ਰਾਹੀਂ ਜਾਇਦਾਦਾਂ ਬਣਾਉਣ ਵਾਲਿਆਂ ਦੀ ਜਾਂਚ ਮੰਗੀ ਗਈ। ਕਸ਼ਮੀਰੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੱਕ ਬਹਾਲ ਹੋਣੇ ਚਾਹੀਦੇ ਹਨ। ਉੱਥੇ ਐਮਨੈਸਟੀ ਇੰਟਰਨੈਸ਼ਨਲ ਨੂੰ ਦੌਰਾ ਕਰਨ ਦੀ ਪ੍ਰਵਾਨਗੀ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਆਖਿਆ ਕਿ ਇਨ੍ਹਾਂ ਮੁੱਦਿਆਂ ਉੱਤੇ ਆਪਣੀ ਅਵਾਜ਼ ਬੁਲੰਦ ਕਰਨ। ਜਥੇਬੰਦੀ ਵੱਲੋਂ ਅਗਲੇ ਵਰ੍ਹੇ ਫਰਵਰੀ ਮਹੀਨੇ ਪੰਥਕ ਕਨਵੈਨਸ਼ਨ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਵਿਚ ਇਹ ਮੁੱਦੇ ਮੁੜ ਉਭਾਰੇ ਜਾਣਗੇ ਅਤੇ ਇਨ੍ਹਾਂ ਨੂੰ ਪੰਥਕ ਮੁੱਦੇ ਬਣਾਉਣ ਲਈ ਜੱਦੋ-ਜਹਿਦ ਕੀਤੀ ਜਾਵੇਗੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …