16.2 C
Toronto
Sunday, October 5, 2025
spot_img
Homeਪੰਜਾਬਗਰੇਵਾਲ ਤੇ ਜਿਆਣੀ ਦੇ ਘਰਾਂ ਅੱਗੇ ਰੋਸ ਮੁਜ਼ਾਹਰੇ

ਗਰੇਵਾਲ ਤੇ ਜਿਆਣੀ ਦੇ ਘਰਾਂ ਅੱਗੇ ਰੋਸ ਮੁਜ਼ਾਹਰੇ

ਭਾਜਪਾ ਵਿਰੁੱਧ ਸੰਘਰਸ਼ ਮਘਾਉਣ ਦਾ ਸੱਦਾ – ਟਰੈਕਟਰ ਪਰੇਡ ਲਈ ਵੀ ਹੋਣ ਲੱਗੀਆਂ ਰਿਹਰਸਲਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨ ਅੰਦੋਲਨ ਦੌਰਾਨ ‘ਮਹਿਲਾ ਕਿਸਾਨ ਦਿਵਸ’ ਮੌਕੇ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਬੀਕੇਯੂ (ਏਕਤਾ-ਉਗਰਾਹਾਂ) ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਨੇ ਭਾਜਪਾ ਦੇ ਦੋ ਆਗੂਆਂ ਹਰਜੀਤ ਸਿੰਘ ਗਰੇਵਾਲ ਅਤੇ ਸੁਰਜੀਤ ਕੁਮਾਰ ਜਿਆਣੀ ਦੇ ਘਰਾਂ ਅੱਗੇ ਵੱਡੇ ਰੋਸ ਮੁਜ਼ਾਹਰੇ ਕੀਤੇ।
ਸੂਬੇ ਵਿੱਚ ਸਵਾ ਸੌ ਤੋਂ ਵੱਧ ਥਾਵਾਂ ‘ਤੇ ਕਿਸਾਨਾਂ ਦੇ ਧਰਨੇ ਪਹਿਲਾਂ ਵਾਂਗ ਜਾਰੀ ਹਨ। ਧਰਨਿਆਂ ਵਿਚ ਮਹਿਲਾਵਾਂ ਦਾ ਬੋਲਬਾਲਾ ਰਿਹਾ। ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਦਿੱਲੀ ‘ਚ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਦੀ ਰਿਹਰਸਲ ਵਜੋਂ ਪਿੰਡਾਂ ‘ਤੇ ਸ਼ਹਿਰਾਂ ਵਿੱਚ ਟਰੈਕਟਰ ਮਾਰਚ ਕੱਢੇ ਗਏ। ਭਾਜਪਾ ਦੇ ਪੰਜਾਬ ਨਾਲ ਸਬੰਧਤ ਦੋ ਸੀਨੀਅਰ ਆਗੂਆਂ- ਹਰਜੀਤ ਸਿੰਘ ਗਰੇਵਾਲ ਜੋ ਕਿ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦੇ ਰਹਿਣ ਵਾਲੇ ਹਨ ਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਜੋ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਟਹਿੜਾ ਦੇ ਰਹਿਣ ਵਾਲੇ ਹਨ, ਵੱਲੋਂ ਕੀਤੀ ਬਿਆਨਬਾਜ਼ੀ ਨੂੰ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਢਾਹ ਲਾਉਣ ਵਾਲੀ ਕਰਾਰ ਦਿੱਤਾ ਸੀ। ਗਰੇਵਾਲ ਤੇ ਜਿਆਣੀ ਦੇ ਘਰਾਂ ਨੇੜੇ ਦਿੱਤੇ ਧਰਨਿਆਂ ‘ਚ ਮਾਲਵਾ ਖੇਤਰ ਦੇ ਅੱਧੀ ਦਰਜਨ ਜ਼ਿਲ੍ਹਿਆਂ ਨਾਲ ਸਬੰਧਤ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਸੱਦਾ ਦਿੱਤਾ ਕਿ ਭਾਜਪਾ ਆਗੂਆਂ ਖਿਲਾਫ ਸੰਘਰਸ਼ ਹੋਰ ਤੇਜ਼ ਕੀਤਾ ਜਾਵੇ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਘੋਲ ‘ਚ ਸ਼ਾਮਲ ਸਮੂਹ ਜਥੇਬੰਦੀਆਂ ਦੇ ਸੱਦੇ ‘ਤੇ ਹਜ਼ਾਰਾਂ ਮਹਿਲਾਵਾਂ ਵੱਲੋਂ ਜਥੇਬੰਦੀ ਦੀ ਅਗਵਾਈ ‘ਚ ਭਾਜਪਾ ਆਗੂ ਗਰੇਵਾਲ ਤੇ ਜਿਆਣੀ ਦੇ ਪਿੰਡਾਂ ਧਨੌਲਾ ਤੇ ਕਟਹਿੜਾ ਵਿਖੇ ਰੋਹ ਭਰਪੂਰ ਰੈਲੀਆਂ ਕਰਕੇ ਮੋਦੀ ਹਕੂਮਤ ਨੂੰ ਵੰਗਾਰਿਆ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਰੋਸ ਰੈਲੀਆਂ ਮੋਦੀ ਸਰਕਾਰ ਦੀ ਦੇਸੀ-ਵਿਦੇਸ਼ੀ ਕਾਰਪੋਰੇਟਾਂ ਤੇ ਸਾਮਰਾਜੀਆਂ ਨਾਲ ਗੱਠਜੋੜ ਖਿਲਾਫ ਔਰਤ ਸ਼ਕਤੀ ਦੇ ਖੌਲਦੇ ਰੋਹ ਦਾ ਪ੍ਰਗਟਾਵਾ ਹੋ ਨਿੱਬੜੀਆਂ। ਇਸ ਮੌਕੇ ਘੋਲ ‘ਚ ਜਾਨਾਂ ਵਾਰਨ ਵਾਲੇ 75 ਤੋਂ ਵੱਧ ਕਿਸਾਨ-ਮਜ਼ਦੂਰਾਂ ਤੇ ਮਹਿਲਾ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਬੁਲਾਰਿਆਂ ਨੇ ਪਿੰਡ-ਪਿੰਡ ਮਹਿਲਾਵਾਂ ਦੀਆਂ ਜਥੇਬੰਦਕ ਕਮੇਟੀਆਂ ਬਣਾਉਣ ਦਾ ਐਲਾਨ ਵੀ ਕੀਤਾ।

RELATED ARTICLES
POPULAR POSTS