1.6 C
Toronto
Thursday, November 27, 2025
spot_img
Homeਪੰਜਾਬਭਾਜਪਾ ਨੇ ਕਿਸਾਨਾਂ ਅਤੇ ਅਕਾਲੀ ਦਲ ਨਾਲ ਵਿਸ਼ਵਾਸਘਾਤ ਕੀਤਾ : ਬਾਦਲ

ਭਾਜਪਾ ਨੇ ਕਿਸਾਨਾਂ ਅਤੇ ਅਕਾਲੀ ਦਲ ਨਾਲ ਵਿਸ਼ਵਾਸਘਾਤ ਕੀਤਾ : ਬਾਦਲ

ਅਕਾਲੀ ਦਲ ਨੇ ਕਿਸਾਨਾਂ ਬਹਾਨੇ ਚੋਣ ਬਿਗਲ ਵਜਾਇਆ
ਬਠਿੰਡਾ/ਬਿਊਰੋ ਨਿਊਜ਼ : ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇ ਦੀ ਫ਼ਸਲ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਵਿਰੁੱਧ ਬਠਿੰਡਾ ਵਿਚ ‘ਰੋਸ ਪ੍ਰਦਰਸ਼ਨ’ ਕੀਤਾ। ‘ਪ੍ਰਦਰਸ਼ਨ’ ਥਰਮਲ ਗਰਾਊਂਡ ਵਿੱਚ ਹੋਇਆ, ਜਿੱਥੇ ਰੈਲੀ-ਨੁਮਾ ਵੱਡਾ ਪੰਡਾਲ ਸਜਾਇਆ ਗਿਆ ਤੇ ਅਕਾਲੀ ਲੀਡਰਸ਼ਿਪ ਮੰਚ ‘ਤੇ ਸੁਸ਼ੋਭਿਤ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ‘ਚ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨੇ ਤਿੰਨ ਖੇਤੀ ਆਰਡੀਨੈਂਸਾਂ ਨੂੰ ਕਾਨੂੰਨਾਂ ਵਿੱਚ ਬਦਲਣ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲੈਣ ਦੇ ਕੀਤੇ ਵਾਅਦਿਆਂ ‘ਤੇ ਉਨ੍ਹਾਂ ਨਾਲ ਤੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ।
ਉਨ੍ਹਾਂ ਕਿਹਾ, ”ਜਦੋਂ ਸੰਸਦ ਵਿੱਚ ਬਿੱਲ ਲਿਆ ਕੇ ਇਨ੍ਹਾਂ ਨੂੰ ਕਾਨੂੰਨਾਂ ਵਿੱਚ ਬਦਲਣ ਦਾ ਯਤਨ ਕੀਤਾ ਗਿਆ ਤਾਂ ਮੈਂ ਠੱਗਿਆ ਮਹਿਸੂਸ ਕੀਤਾ ਅਤੇ ਬਹੁਤ ਤਕਲੀਫ ਹੋਈ। ਜਦੋਂ ਵਿਸ਼ਵਾਸਘਾਤ ਹੋਇਆ ਤਾਂ ਅਸੀਂ ਮੰਤਰੀ ਮੰਡਲ ਤੋਂ ਅਸਤੀਫ਼ਾ ਵੀ ਦਿੱਤਾ, ਭਾਜਪਾ ਨਾਲ ਗਠਜੋੜ ਵੀ ਤੋੜਿਆ ਅਤੇ ਮੈਂ ਆਪਣਾ ਪਦਮ ਵਿਭੂਸ਼ਣ ਵੀ ਮੋੜ ਦਿੱਤਾ।” ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸਾਨ ਅੰਦੋਲਨ ਦੀ ਪੁਰਜ਼ੋਰ ਹਮਾਇਤ ਕਰਦਾ ਹੈ ਅਤੇ ਕਿਸਾਨ ਯੂਨੀਅਨਾਂ ਨਾਲ ਡਟ ਕੇ ਖੜ੍ਹਾ ਹੈ। ਬੇਅਦਬੀ ਮਾਮਲੇ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ‘ਤੇ ਆਰੋਪ ਲਾਉਣ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਸ਼ਰਧਾਵਾਨ ਸਿੱਖ ਹੋਣ ਦੇ ਨਾਤੇ ਉਹ ਕਿਸ ਤਰੀਕੇ ਦਾ ਗੁਨਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ‘ਤੇ ਬੇਅਦਬੀ ਦੇ ਦੋਸ਼ ਲਾ ਰਹੇ ਹਨ, ਉਹ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੇ ਨਹੀਂ, ਬਲਕਿ ਇੰਦਰਾ ਗਾਂਧੀ ਦੇ ਸ਼ਰਧਾਲੂ ਹਨ, ਜਿਸ ਨੇ ਤਤਕਾਲੀ ਰਾਜਪਾਲ ਬੀਡੀ ਪਾਂਡੇ ਨੂੰ ਸ਼ਰ੍ਹੇਆਮ ਕਿਹਾ ਸੀ ਕਿ ”ਮੈਂ ਸ੍ਰੀ ਹਰਿਮੰਦਿਰ ਸਾਹਿਬ ‘ਤੇ ਬੰਬ ਸੁੱਟਣ ਲਈ ਤਿਆਰ ਹਾਂ।” ਉਨ੍ਹਾਂ ਸੰਕੇਤ ਦਿੱਤਾ ਕਿ ਉਹ ਆਉਂਦੇ ਦਿਨੀਂ ਜਨਤਕ ਜੀਵਨ ਵਿੱਚ ਹੋਰ ਸਰਗਰਮੀ ਨਾਲ ਸ਼ਾਮਲ ਹੋਣਗੇ।
ਇਸ ਦੌਰਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸਿਰਫ ਅਕਾਲੀ ਦਲ ਤੇ ਬਸਪਾ ਸਰਕਾਰ ਹੀ ਕਿਸਾਨਾਂ, ਮਜ਼ਦੂਰਾਂ ਅਤੇ ਕਮਜ਼ੋਰ ਵਰਗਾਂ ਦਾ ਹੱਥ ਫੜ ਸਕਦੀ ਹੈ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਜਗਮੀਤ ਸਿੰਘ ਬਰਾੜ, ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਰੂਪ ਚੰਦ ਸਿੰਗਲਾ, ਜੀਤ ਮਹਿੰਦਰ ਸਿੰਘ ਸਿੱਧੂ, ਪ੍ਰਕਾਸ਼ ਸਿੰਘ ਭੱਟੀ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਐੱਸਓਆਈ ਦੇ ਪ੍ਰਧਾਨ ਰੋਬਿਨ ਬਰਾੜ ਵੀ ਹਾਜ਼ਰ ਸਨ।

RELATED ARTICLES
POPULAR POSTS