Breaking News
Home / ਪੰਜਾਬ / ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ‘ਆਪ’ ‘ਚ ਸ਼ਾਮਲ

ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ‘ਆਪ’ ‘ਚ ਸ਼ਾਮਲ

ਚੋਣਾਂ ਤੋਂ ਪਹਿਲਾਂ ਦਲਬਦਲੀਆਂ ਦਾ ਰੁਝਾਨ ਜਾਰੀ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਵੱਡਾ ਝਟਕਾ ਲੱਗਿਆ ਹੈ। ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਨੇ ਦਲ ਬਦਲੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਰਾਕੇਸ਼ ਸੋਮਨ ਨੂੰ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਸੋਮਨ ਬਸਪਾ ਦੇ ਸੀਨੀਅਰ ਆਗੂ ਸਨ। ਉਹ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਕੇਸ਼ ਸੋਮਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗ਼ਰੀਬਾਂ, ਦਲਿਤਾਂ ਅਤੇ ਬੇਰੁਜ਼ਗਾਰਾਂ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ। ਪਿਛਲੇ ਦੋ ਸਾਲਾਂ ਵਿੱਚ ਕੀਤੇ ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਸ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਗ਼ਰੀਬਾਂ ਨੂੰ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਇੱਕ ਨੇਕ ਕਾਰਜ ਹੈ ਅਤੇ ਸਰਕਾਰ ਇਸ ਲਈ ਲਗਾਤਾਰ ਕੰਮ ਕਰ ਰਹੀ ਹੈ।
ਰਾਕੇਸ਼ ਸੋਮਨ ਨੇ ਕਿਹਾ ਕਿ ਬਸਪਾ ਦੀ ਲੀਡਰਸ਼ਿਪ ਤੋਂ ਸਹਿਯੋਗ ਨਾ ਮਿਲਣ ਕਾਰਨ ਉਨ੍ਹਾਂ ਪਾਰਟੀ ਛੱਡਣ ਦਾ ਫ਼ੈਸਲਾ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਭ ਤੋਂ ਪਹਿਲਾਂ ਉਨ੍ਹਾਂ ਦੀ ਟਿਕਟ ਦਾ ਹੀ ਐਲਾਨ ਹੋਇਆ ਸੀ ਪਰ ਪਿਛਲੇ ਦੋ ਮਹੀਨਿਆਂ ਤੋਂ ਉਹ ਇਕੱਲੇ ਪ੍ਰਚਾਰ ਵਿਚ ਲੱਗੇ ਹੋਏ ਸਨ। ਵੋਟ ਕੱਟੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ, ਉਨ੍ਹਾਂ ਦੀ ਵੋਟ ਮੁਹਾਲੀ ਵਿਚ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਜਿਸ ਕਰਕੇ ਉਨ੍ਹਾਂ ਇਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਦੂਜੇ ਪਾਸੇ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਪਾਰਟੀ ਕੋਲ ਉਮੀਦਵਾਰਾਂ ਦਾ ਪੂਰਾ ਪੈਨਲ ਹੈ। ਛੇਤੀ ਹੀ ਹੁਸ਼ਿਆਰਪੁਰ ਲਈ ਮਜ਼ਬੂਤ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ।
ਤਕਨੀਕੀ ਕਾਰਨ ਕਰਕੇ ਰੋਕੀ ਸੋਮਨ ਦੀ ਟਿਕਟ : ਬੈਨੀਵਾਲ
ਬਸਪਾ ਦੇ ਕੇਂਦਰੀ ਕੋਆਰਡੀਨੇਟਰ ਅਤੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਸੋਮਨ ਦੇ ‘ਆਪ’ ਵਿੱਚ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਪਾਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਰਾਕੇਸ਼ ਸੋਮਨ ਦੀ ਟਿਕਟ ਇੱਕ ਤਕਨੀਕੀ ਕਾਰਨ ਕਰਕੇ ਰੋਕ ਲਈ ਗਈ ਸੀ ਕਿਉਂਕਿ ਉਨ੍ਹਾਂ ਕੋਲ ਵੋਟ ਸੂਚੀ ਵਾਲੀ ਤਸਦੀਕਸ਼ੁਦਾ ਵੋਟ ਦੀ ਕੋਈ ਕਾਪੀ ਨਹੀਂ ਸੀ। ਪਾਰਟੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਮਿਲੀਭੁਗਤ ਨਾਲ ਰਾਕੇਸ਼ ਸੋਮਨ ਦੀ ਵੋਟ ਕੱਟ ਦਿੱਤੀ ਸੀ ਜਿਸ ਸਬੰਧੀ ਬੀਤੇ ਦਿਨ ਸੋਮਨ, ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਅਤੇ ਵਿਧਾਇਕ ਡਾ. ਨਛੱਤਰਪਾਲ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਨੂੰ ਚੰਡੀਗੜ੍ਹ ਮਿਲੇ ਸਨ ਪਰ ਨਵੀਂ ਵੋਟ ਦੀ ਅਪੀਲ ਮੁੱਖ ਚੋਣ ਕਮਿਸ਼ਨ ਨੇ ਰੱਦ ਕਰ ਦਿੱਤੀ।

 

 

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫਤਰ ਖਿਲਾਫ ਕੀਤੀ ਸ਼ਿਕਾਇਤ

ਸਰਕਾਰ ਦੇ ਨਿਯਮਾਂ ਦੀ ਅਣਦੇਖੀ ਹੋਣ ਦੇ ਵੀ ਸੰਤ ਸੀਚੇਵਾਲ ਨੇ ਲਗਾਏ ਆਰੋਪ ਜਲੰਧਰ/ਬਿਊਰੋ ਨਿਊਜ਼ …