ਮਾਨਸਾ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਮਾਨਸਾ ਦੀ ਰਹਿਣ ਵਾਲੀ ਸਿੱਪੀ ਸ਼ਰਮਾ 646 ਪੀਟੀਆਈ ਯੂਨੀਅਨ ਦੀ ਆਗੂ ਵਜੋਂ ਲਗਾਤਾਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਹੁਣ ਬਦਲਾਅ ਵਾਲੀ ਸਰਕਾਰ ਵਲੋਂ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਰੋਸ ਵਜੋਂ ਉਸ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਫੀ ਸਮਾਂ ਪਹਿਲਾਂ ਸਿੱਪੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਈ ਸੀ ਤੇ ਪਿਛਲੀ ਸਰਕਾਰ ਖਿਲਾਫ ਸੰਘਰਸ਼ ਕੀਤਾ ਸੀ। ਇਸ ਦੌਰਾਨ ਕੇਜਰੀਵਾਲ ਨੇ ਸਿੱਪੀ ਨੂੰ ਆਪਣੀ ਮੂੰਹ ਬੋਲੀ ਭੈਣ ਬਣਾਇਆ ਸੀ। ਉਨ੍ਹਾਂ ਪੰਜਾਬ ‘ਚ ‘ਆਪ’ ਦੀ ਸਰਕਾਰ ਆਉਣ ‘ਤੇ ਉਨ੍ਹਾਂ ਦੇ ਦਿਨ ਬਦਲਣ ਦੀ ਗੱਲ ਕੀਤੀ ਸੀ ਪਰ ‘ਆਪ’ ਸਰਕਾਰ ਨੇ ਕੁਝ ਨਾ ਕੀਤਾ।