ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ‘ਚ ਬੁੱਧੀਜੀਵੀਆਂ, ਲੇਖਕਾਂ, ਵਿਦਿਆਰਥੀਆਂ ਅਤੇ ਕਿਸਾਨਾਂ ਨੇ ਸੈਕਟਰ 17 ‘ਚ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਰੋਕਿਆ, ਜਿਸ ਦਾ ਸਮਾਜਿਕ ਕਾਰਕੁਨਾਂ ਨੇ ਵਿਰੋਧ ਕੀਤਾ। ਪੁਲਿਸ ਨੇ ਅੱਧਾ ਦਰਜਨ ਦੇ ਕਰੀਬ ਕਿਸਾਨਾਂ ਨੂੰ ਘਸੀਟਦਿਆਂ ਹਿਰਾਸਤ ‘ਚ ਲੈ ਕੇ ਬੱਸ ਵਿੱਚ ਬਿਠਾ ਲਿਆ। ਕਿਸਾਨ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਬੱਸ ਅੱਗੇ ਹੀ ਸੜਕ ‘ਤੇ ਬੈਠ ਗਏ। ਇਸ ਦੌਰਾਨ ਹਾਲਾਤ ਤਣਾਅ ਵਾਲੇ ਬਣ ਗਏ। ਅਖੀਰ ਧਰਨਾਕਾਰੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਦਿੱਤਾ। ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਮਨਜੀਤ ਸਿੰਘ, ਡਾ. ਪਿਆਰਾ ਲਾਲ ਗਰਗ, ਐਡਵੋਕੇਟ ਪ੍ਰੇਮ ਸਿੰਘ ਭੰਗੂ, ਦੇਵੀ ਦਿਆਲ ਸ਼ਰਮਾ, ਡਾ.ਅਰੀਤ, ਡਾ. ਕੰਵਲਜੀਤ ਕੌਰ ਢਿੱਲੋਂ, ਬਾਬਾ ਸਾਧੂ ਸਿੰਘ, ਬਾਬਾ ਗੁਰਦਿਆਲ ਸਿੰਘ, ਜੋਗਿੰਦਰ ਸਿੰਘ, ਕਿਰਪਾਲ ਸਿੰਘ ਸੈਣੀ, ਵਿਦਿਆਰਥੀ ਆਗੂ ਅਮਨ ਨੇ ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ਦੀ ਨਿੰਦਾ ਕੀਤੀ। ਕਿਸਾਨ ਜਥੇਬੰਦੀਆਂ ਨੇ ਏਡੀਸੀ ਕੇ ਪੀ ਐੱਸ ਮਾਹੀ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ ਜਿਸ ਰਾਹੀਂ ਕੇਂਦਰੀ ਮੰਤਰੀ ਅਜੈ ਸਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਖ਼ਿਲਾਫ਼ ਕਾਨੂੰਨੀ ਕਾਰਵਾਈ ਤੇ ਘਟਨਾ ਦੀ ਸੁਪਰੀਮ ਕੋਰਟ ਦੇ ਜੱਜਾਂ ਦੀ ਦੇਖ-ਰੇਖ ਹੇਠ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ।
ਦੇਸ਼ ‘ਚ ਹਿੰਸਕ ਮਾਹੌਲ ਪੈਦਾ ਕਰਨ ਸਬੰਧੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਪੰਜਾਬੀ ਮੰਚ, ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਪਿੰਡ ਬਚਾਓ ਕਮੇਟੀ, ਪੀਐੱਸਯੂ ਲਲਕਾਰ, ਕਿਸਾਨ ਏਕਤਾ ਮਟਕਾ ਚੌਕ, ਐੱਸਐੱਫਐੱਸ, ਐੱਸਓਆਈ, ਓਐੱਸਏ, ਨਿਸ਼ਕਾਮ ਸੇਵਾ ਜਥਾ ਚੰਡੀਗੜ੍ਹ, ਮੁਸਲਿਮ ਭਾਈਚਾਰਾ ਸੁਸਾਇਟੀ ਸੈਕਟਰ 45, ਏਆਈਕੇਐੱਫ, ਕੁੱਲ ਹਿੰਦ ਮਿਸ਼ਨ ਸਭਾ, ਆਲ ਇੰਡੀਆ ਵਿਮੈੱਨ ਫੈੱਡਰੇਸ਼ਨ ਦੇ ਆਗੂ ਅਤੇ ਕਿਸਾਨ ਹਮਾਇਤੀ ਹਾਜ਼ਰ ਸਨ।