ਜ਼ਰੂਰੀ ਮੁਰੰਮਤ ਲਈ ਇਕ ਹਫਤਾ ਚੱਲਣਗੇ ਕਾਰਜ
ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼
ਵਿਸ਼ਵ ਪ੍ਰਸਿੱਧ ਅਜਾਇਬ ਘਰਾਂ ਵਿਚ ਸ਼ੁਮਾਰ ਹੋ ਚੁੱਕੇ ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ, ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ ਅਤੇ ਗੋਲਡਨ ਟੈਂਪਲ ਪਲਾਜ਼ਾ ਅੰਮਿ੍ਰਤਸਰ 1 ਅਗਸਤ 2022 ਤੱਕ ਛਮਾਹੀ ਰੱਖ-ਰਖਾਓ ਕਰਕੇ ਆਮ ਸੈਲਾਨੀਆਂ ਵਾਸਤੇ ਇਕ ਹਫਤੇ ਲਈ ਬੰਦ ਰੱਖੇ ਜਾਣਗੇ। ਇਸ ਲਈ ਇਨ੍ਹਾਂ ਅਜਾਇਬ ਘਰਾਂ ਨੂੰ ਵੇਖਣ ਆਉਣ ਵਾਲੇ ਸੈਲਾਨੀ 2 ਅਗਸਤ ਨੂੰ ਹੀ ਆਉਣ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਾਲ ਵਿੱਚ ਦੋ ਵਾਰ ਜਨਵਰੀ ਮਹੀਨੇ ਦੇ ਅਖੀਰਲੇ ਹਫਤੇ ਵਿੱਚ ਅਤੇ ਜੁਲਾਈ ਮਹੀਨੇ ਦੇ ਅਖੀਰਲੇ ਹਫਤੇ ’ਚ ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ, ਦਾਸਤਾਨ-ਏ-ਸ਼ਹਾਦਤ ਸ੍ਰੀ ਚਮਕੌਰ ਸਾਹਿਬ ਅਤੇ ਗੋਲਡਨ ਟੈਂਪਲ ਪਲਾਜ਼ਾ ਅੰਮਿ੍ਰਤਸਰ ਨੂੰ ਉਨ੍ਹਾਂ ਜ਼ਰੂਰੀ ਮੁਰੰਮਤਾਂ ਤੇ ਰੱਖ-ਰਖਾਓ ਦੇ ਲਈ ਬੰਦ ਰੱਖਿਆ ਜਾਂਦਾ ਹੈ ਜੋ ਕਿ ਆਮ ਦਿਨਾਂ ਦੇ ਵਿੱਚ ਨਹੀਂ ਹੋ ਸਕਦੀਆਂ ਹਨ। ਇਸ ਕਰਕੇ ਇਹ ਸੂਚਨਾ ਦਿੱਤੀ ਜਾ ਰਹੀ ਹੈ ਕਿ ਸੈਲਾਨੀਆਂ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਵੇ। ਜਦਕਿ 2 ਅਗਸਤ, 2022 ਤੋਂ ਇਹ ਸਾਰੇ ਅਜਾਇਬ ਘਰ ਆਮ ਦੀ ਤਰ੍ਹਾਂ ਸੈਲਾਨੀਆਂ ਵਾਸਤੇ ਖੋਲ੍ਹ ਦਿੱਤੇ ਜਾਣਗੇ।