Breaking News
Home / ਪੰਜਾਬ / ਬਾਦਲਾਂ ਦੇ ਬਾਲਾਸਾਰ ਫਾਰਮ ‘ਚੋਂ ਕਿੰਨੂ ਹੋਏ ਚੋਰੀ

ਬਾਦਲਾਂ ਦੇ ਬਾਲਾਸਾਰ ਫਾਰਮ ‘ਚੋਂ ਕਿੰਨੂ ਹੋਏ ਚੋਰੀ

ਚੋਰੀ ਨੇ ਬਾਦਲਾਂ ਦੇ ਸਾਹ ਸੁਕਾਏ ਅਤੇ ਹਰਿਆਣਾ ਪੁਲਿਸ ਨੂੰ ਲਿਆ ਦਿੱਤੀਆਂ ਤਰੇਲੀਆਂ
ਬਠਿੰਡਾ/ਬਿਊਰੋ ਨਿਊਜ਼ : ਬਾਲਾਸਰ ਫਾਰਮ ਹਾਊਸ ਵਿਚ ਕਰੀਬ 16 ਹਜ਼ਾਰ ਦੇ ਕਿੰਨੂ ਚੋਰੀ ਹੋਣ ਦੇ ਮਾਮਲੇ ਨੇ ਜਿੱਥੇ ਹਰਿਆਣਾ ਪੁਲਿਸ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ ਉਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਹ ਸੁਕਾ ਦਿੱਤੇ ਹਨ। ਸਿਰਸਾ ਪੁਲਿਸ ਨੇ ਦੋ ਕਿੰਨੂ ਚੋਰ ਜੇਲ੍ਹ ਭੇਜ ਦਿੱਤੇ ਹਨ ਜਿਨ੍ਹਾਂ ਖ਼ਿਲਾਫ਼ ਰਣੀਆ ਪੁਲਿਸ ਥਾਣੇ ਵਿਚ ਧਾਰਾ 379 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ਮਗਰੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਿਆਣਾ ਵਿਚਲੇ ਆਪਣੇ ਬਾਲਾਸਰ ਫਾਰਮ ਹਾਊਸ ‘ਤੇ ਪੁੱਜ ਗਏ। ਥਾਣਾ ਰਣੀਆ ਦੇ ਮੁੱਖ ਥਾਣਾ ਅਫ਼ਸਰ ਨੇ ਸਾਬਕਾ ਮੁੱਖ ਮੰਤਰੀ ਕੋਲ ਫ਼ੌਰੀ ਪੁੱਜ ਕੇ ਫੜੇ ਚੋਰਾਂ ਬਾਰੇ ਅਤੇ ਚੋਰੀ ਦੇ ਕੇਸ ਦੀ ਪੂਰੀ ਕਾਰਵਾਈ ਦੇ ਵੇਰਵੇ ਦਿੱਤੇ। ਥਾਣਾ ਰਣੀਆ ਵਿਚ ਕਿੰਨੂ ਚੋਰ ਅਮਰਜੀਤ ਸਿੰਘ ਵਾਸੀ ਸਬਜ਼ੀ ਮੰਡੀ ਸਿਰਸਾ ਅਤੇ ਰਘੂਨਾਥ ਕੰਬੋਜ ਵਾਸੀ ਰਣੀਆ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤਾ ਗਿਆ। ਹਰਿਆਣਾ ਪੁਲਿਸ ਨੇ ਪਤਾ ਲੱਗਦੇ ਹੀ ਦੋਵਾਂ ਕਿੰਨੂ ਚੋਰਾਂ ਨੂੰ ਗੱਡੀ ਸਮੇਤ ਕਾਬੂ ਕਰ ਲਿਆ, ਜਿਸ ਵਿਚ ਕਰੀਬ 50 ਕਰੇਟ ਕਿੰਨੂ ਲੋਡ ਕੀਤੇ ਹੋਏ ਸਨ। ਇਨ੍ਹਾਂ ਕਿੰਨੂਆਂ ਦੀ ਕੀਮਤ ਕਰੀਬ 16,200 ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਫਾਰਮ ਹਾਊਸ ਦੇ ਮੈਨੇਜਰ ਗੁਰਬਾਜ਼ ਸਿੰਘ ਵਾਸੀ ਬਾਮ ਜ਼ਿਲ੍ਹਾ ਮੁਕਤਸਰ ਦੇ ਬਿਆਨਾਂ ‘ਤੇ ਪੁਲਿਸ ਕੇਸ ਦਰਜ ਕਰ ਲਿਆ ਹੈ। ਚੋਰਾਂ ਵਿਚ ਇੱਕ ਅਣਪਛਾਤਾ ਵੀ ਸ਼ਾਮਿਲ ਹੈ। ਪੁਲਿਸ ਅਫ਼ਸਰਾਂ ਦਾ ਇਸ ਗੱਲੋਂ ਬਚਾਓ ਹੋ ਗਿਆ ਕਿ ਮੌਕੇ ਉੱਤੇ ਕਿੰਨੂ ਚੋਰ ਫੜੇ ਗਏ ਹਨ।ਸਿਰਸਾ ਪੁਲਿਸ ਨੇ ਦੋਵਾਂ ਚੋਰਾਂ ਤੋਂ ਪੁੱਛਗਿੱਛ ਕਰਨ ਮਗਰੋਂ ਕੇਂਦਰੀ ਜੇਲ੍ਹ ਸਿਰਸਾ ਭੇਜ ਦਿੱਤਾ ਹੈ। ਪੁਲਿਸ ਨੇ ਮੌਕੇ ‘ਤੇ ਹੀ ਕਰੇਟ ਬਰਾਮਦ ਕਰ ਲਏ ਸਨ ਅਤੇ ਪ੍ਰਤੀ ਕਰੇਟ 18 ਕਿੱਲੋ ਵਜ਼ਨੀ ਕਿੰਨੂ ਸਨ। ਵੇਰਵਿਆਂ ਅਨੁਸਾਰ ਬਾਦਲ ਪਰਿਵਾਰ ਦੇ ਬਾਲਾਸਰ ਫਾਰਮ ਹਾਊਸ ਵਿਚ ਕਰੀਬ 100 ਏਕੜ ਕਿੰਨੂਆਂ ਦਾ ਬਾਗ ਹੈ ਅਤੇ ਹੁਣ ਫ਼ਸਲ ਪੱਕੀ ਹੋਈ ਹੈ। ਫਾਰਮ ਹਾਊਸ ਵਿਚ ਕਿੰਨੂਆਂ ਦੀ ਰਾਖੀ ਲਈ ਰਖਵਾਲੇ ਵੀ ਰੱਖੇ ਹੋਏ ਹਨ। ਫਾਰਮ ਹਾਊਸ ਦਾ ਮੈਨੇਜਰ ਰਾਤ ਸਮੇਂ ਜਦੋਂ ਫਾਰਮ ਹਾਊਸ ਦਾ ਗੇੜਾ ਮਾਰ ਰਿਹਾ ਸੀ ਤਾਂ ਉਸ ਦੀ ਨਜ਼ਰ ਇੱਕ ਛੋਟੇ ਹਾਥੀ ਉੱਤੇ ਪਈ ਜਿਸ ਵਿਚ ਕਿੰਨੂ ਲੋਡ ਕੀਤੇ ਹੋਏ ਸਨ। ਮੈਨੇਜਰ ਨੇ ਫ਼ੌਰੀ ਪੁਲਿਸ ਨੂੰ ਸੂਚਨਾ ਭੇਜ ਦਿੱਤੀ। ਪੁਲਿਸ ਨੇ ਸਾਰੀ ਕਾਰਵਾਈ ਹੱਥੋ ਹੱਥ ਕਰ ਦਿੱਤੀ ਅਤੇ ਮੁਲਜ਼ਮਾਂ ਤੋਂ ਚੋਰੀ ਬਾਰੇ ਵਿਸਥਾਰ ਵਿਚ ਪੁੱਛਗਿੱਛ ਵੀ ਕੀਤੀ।
ਕਿੰਨੂਆਂ ਦੀ ਚੋਰੀ ਦੀ ਖ਼ਬਰ ਜਦੋਂ ਬਾਦਲ ਪਰਿਵਾਰ ਤੱਕ ਪੁੱਜੀ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ੁਦ ਬਾਲਾਸਰ ਪੁੱਜ ਗਏ। ਸੂਤਰਾਂ ਅਨੁਸਾਰ ਪਹਿਲੀ ਦਫ਼ਾ ਫਾਰਮ ਹਾਊਸ ‘ਤੇ ਚੋਰੀ ਹੋਈ ਹੈ ਜੋ ਮੌਕੇ ‘ਤੇ ਫੜੀ ਵੀ ਜਾ ਚੁੱਕੀ ਹੈ। ਸੂਤਰ ਆਖਦੇ ਹਨ ਕਿ ਹੁਣ ਹਰਿਆਣਾ ਪੁਲਿਸ ਅੰਦਰੋਂ ਡਰੀ ਹੋਈ ਹੈ ਅਤੇ ਬਾਲਾਸਰ ਫਾਰਮ ਹਾਊਸ ਦੇ ਇਲਾਕੇ ਵਿਚ ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ।
ਮੁਲਜ਼ਮ ਜੇਲ੍ਹ ਭੇਜੇ
ਥਾਣਾ ਰਣੀਆ ਦੇ ਮੁੱਖ ਥਾਣਾ ਅਫਸਰ ਜਗੀਰ ਸਿੰਘ ਨੇ ਦੱਸਿਆ ਕਿ ਦੋ ਮੁਲਜ਼ਮਾਂ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੂੰ ਸਿਰਸਾ ਜੇਲ੍ਹ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਤੋਂ ਮੌਕੇ ‘ਤੇ ਰਿਕਵਰੀ ਵੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਫਾਰਮ ਹਾਊਸ ਪੁੱਜੇ ਹਨ ਜਿਨ੍ਹਾਂ ਨੂੰ ਇਸ ਮਾਮਲੇ ਬਾਰੇ ਜਾਣੂ ਕਰਾ ਦਿੱਤਾ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …