13.1 C
Toronto
Wednesday, October 15, 2025
spot_img
Homeਪੰਜਾਬਗ੍ਰਨੇਡ ਹਮਲੇ 'ਚ ਦੂਜਾ ਸਾਜ਼ਿਸ਼ਕਰਤਾ ਅਵਤਾਰ ਸਿੰਘ ਵੀ ਗ੍ਰਿਫਤਾਰ

ਗ੍ਰਨੇਡ ਹਮਲੇ ‘ਚ ਦੂਜਾ ਸਾਜ਼ਿਸ਼ਕਰਤਾ ਅਵਤਾਰ ਸਿੰਘ ਵੀ ਗ੍ਰਿਫਤਾਰ

ਹਮਲੇ ਦੀਆਂ ਤਾਰਾਂ ਆਈਐਸਆਈ ਦੀ ਸ਼ਹਿ ਪ੍ਰਾਪਤ ਹਰਮੀਤ ਸਿੰਘ ਹੈਪੀ ਨਾਲ ਜੁੜੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਦੂਜੇ ਅਤੇ ਮੁੱਖ ਸਾਜ਼ਿਸ਼ਕਰਤਾ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਨਿਰੰਕਾਰੀ ਸਤਿਸੰਗ ਭਵਨ ਵਿੱਚ ਹੋਏ ਗ੍ਰਨੇਡ ਹਮਲੇ ਦੀ ਗੁੱਥੀ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਗੌਰਤਲਬ ਹੈ ਕਿ ਅੰਮ੍ਰਿਤਸਰ ਦੇ ਅਦਲੀਵਾਲ ਪਿੰਡ ਵਿੱਚ ਸ਼ਰਧਾਲੂਆਂ ‘ਤੇ ਗ੍ਰਨੇਡ ਨਾਲ ਹਮਲਾ ਕਰਨ ਦੀ ਘਟਨਾ ਵਿਚ 3 ਵਿਅਕਤੀ ਮਾਰੇ ਗਏ ਸਨ ਅਤੇ 16 ਜ਼ਖਮੀ ਹੋ ਗਏ ਸਨ।
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਮਾਮਲੇ ਵਿੱਚ ਮੁੱਖ ਮੁਲਜ਼ਮ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਦੇ ਪਾਕਿਸਤਾਨ ਦੀ ਆਈਐਸਆਈ ਦੀ ਹਮਾਇਤ ਵਾਲੇ ਕੇਐਲਐਫ ਦੇ ਹਰਮੀਤ ਸਿੰਘ ਹੈਪੀ ਉਰਫ ਪੀਐਚ.ਡੀ ਨਾਲ ਵੀ ਸਬੰਧ ਹੋਣ ਦੀ ਪੁਸ਼ਟੀ ਹੋਈ ਹੈ। ਅਰੋੜਾ ਨੇ ਦੱਸਿਆ ਕਿ ਹੈਪੀ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰਿਆਂ ‘ਤੇ ਚੱਲਣ ਵਾਲਾ ਸਰਗਰਮ ਮੈਂਬਰ ਸੀ ਜੋ ਕਿ ਸਰਹੱਦੀ ਸੂਬੇ ਪੰਜਾਬ ਵਿੱਚ ਗਰੀਬ ਤੇ ਭੋਲੇ-ਭਾਲੇ ਨੌਜਵਾਨਾਂ ਨੂੰ ਵਰਗ਼ਲਾ ਕੇ ਦਹਿਸ਼ਤ ਫੈਲਾਉਣ ਲਈ ਪ੍ਰੇਰਦਾ ਸੀ। ਉਨ੍ਹਾਂ ਕਸ਼ਮੀਰ ਦੇ ਦਹਿਸ਼ਤੀਆਂ ਵੱਲੋਂ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ‘ਤੇ ਚਿੰਤਾ ਜ਼ਾਹਰ ਕੀਤੀ। ਅਰੋੜਾ ਨਾਲ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਤੇ ਡੀਜੀਪੀ ਕਾਨੂੰਨ ਤੇ ਵਿਵਸਥਾ ਹਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪਹਿਲਾਂ ਗ੍ਰਿਫਤਾਰ ਕੀਤੇ ਬਿਕਰਮਜੀਤ ਸਿੰਘ ਉਰਫ ਬਿਕਰਮ ਤੋਂ ਕੀਤੀ ਪੁਛਗਿੱਛ ਉਪਰੰਤ ਪੁਲਿਸ ਨੇ ਖਿਆਲਾ ਪਿੰਡ ਦੇ ਵਾਸੀ ਅਵਤਾਰ ਸਿੰਘ (32) ਨੂੰ ਉਸ ਦੇ ਚਾਚਾ ਤਰਲੋਕ ਸਿੰਘ ਦੀ ਮੋਟਰ ਤੋਂ ਗ੍ਰਿਫਤਾਰ ਕੀਤਾ ਹੈ। ਅਵਤਾਰ ਸਿੰਘ ਚੱਕ ਮਿਸ਼ਰੀ ਖਾਂ ਗਰੈਜੂਏਟ ਹੈ ਅਤੇ 2012 ਤੋਂ ਨਿਹੰਗ ਸਿੰਘ ਦੇ ਬਾਣੇ ਵਿੱਚ ਰਹਿੰਦਾ ਹੈ। ਉਹ ਆਪਣੇ ਪਿੰਡ ਵਿੱਚ ਇੱਕ ਹਕੀਮ ਦਾ ਕੰਮ ਕਰਦਾ ਸੀ ਅਤੇ ਉਸ ਦਾ ਕੋਈ ਵੀ ਪੁਰਾਣਾ ਪੁਲਿਸ ਰਿਕਾਰਡ ਨਹੀਂ ਹੈ। ਦੋਵੇਂ ਪਿਸਤੌਲ ਜੋ ਸਾਜ਼ਿਸ਼ਕਰਤਾਵਾਂ ਪਾਸ ਹਮਲੇ ਵਾਲੇ ਦਿਨ ਮੌਜੂਦ ਸਨ ਜਿਨ੍ਹਾਂ ਦੀ ਬਰਾਮਦਗੀ ਅਵਤਾਰ ਸਿੰਘ ਖਾਲਸਾ ਪਾਸੋਂ ਹੋਈ ਹੈ। ਜੋ ਹਥਿਆਰ ਬਰਾਮਦ ਹੋਏ ਹਨ ਉਨ੍ਹਾਂ ਵਿੱਚ ਦੋ ਪਿਸਤੌਲ (.32 ਬੋਰ), ਜਿਨ੍ਹਾਂ ਵਿੱਚੋਂ ਇੱਕ ਅਮਰੀਕਾ ਦਾ ਬਣਿਆ ਹੈ, ਚਾਰ ਮੈਗਜ਼ੀਨ ਤੇ 25 ਕਾਰਤੂਸ ਹਨ।

RELATED ARTICLES
POPULAR POSTS