ਪਾਰਟੀ ਦੇ ਕਈ ਆਗੂਆਂ ਨਾਲ ਕਾਂਗਰਸ ਭਵਨ ‘ਚ ਕੀਤੀ ਗੱਲਬਾਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵਿਧਾਨ ਸਭਾ ਚੋਣਾਂ ਲਈ ਤਿਆਰੀ ਵਿੱਢ ਦਿੱਤੀ ਹੈ। ਉਨ੍ਹਾਂ ਕਾਂਗਰਸ ਭਵਨ ਚੰਡੀਗੜ੍ਹ ‘ਚ ਪਾਰਟੀ ਦੇ ਆਗੂਆਂ ਤੋਂ ਫੀਡਬੈਕ ਲੈਣੀ ਸ਼ੁਰੂ ਕੀਤੀ ਹੈ ਤਾਂ ਜੋ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕੀਤਾ ਜਾ ਸਕੇ। ਸਿੱਧੂ ਨੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਢਾਂਚੇ ਨੂੰ ਨਵੇਂ ਸਿਰਿਓਂ ਉਲੀਕਣ ਲਈ ਜ਼ਿਲ੍ਹਾ ਪੱਧਰ ਅਤੇ ਕਾਂਗਰਸ ਦੇ ਵੱਖ-ਵੱਖ ਸੈੱਲਾਂ ਦੇ ਮੁੱਖ ਆਗੂਆਂ ਨਾਲ ਮੰਥਨ ਕੀਤਾ। ਪ੍ਰਧਾਨ ਨੇ ਸਾਰਿਆਂ ਆਗੂਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਕਿਹਾ ਹੈ।
ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਡੈਨੀ ਤੇ ਪਵਨ ਗੋਇਲ ਨੇ ਸਾਂਝੇ ਤੌਰ ‘ਤੇ ਪਾਰਟੀ ਦੇ 35 ਵਿਭਾਗਾਂ/ਸੈੱਲਾਂ ਨਾਲ ਜੁੜੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਆਗੂਆਂ ਤੋਂ ਅਗਲੀਆਂ ਚੋਣਾਂ ਨੂੰ ਲੈ ਕੇ ਵਿਉਂਤਬੰਦੀ ਬਾਰੇ ਮਸ਼ਵਰੇ ਲਏ। ਮੀਟਿੰਗ ਦਾ ਮਕਸਦ ਪਾਰਟੀ ਦੇ ਵੱਖ-ਵੱਖ ਸੈੱਲਾਂ ਅਤੇ ਵਿੰਗਾਂ ਨੂੰ ਮਜ਼ਬੂਤ ਕਰਨਾ ਹੈ। ਵੇਰਵਿਆਂ ਅਨੁਸਾਰ ਪਾਰਟੀ ਆਗੂਆਂ ਨੇ ਨਵਜੋਤ ਸਿੱਧੂ ਨੂੰ ਨੁਕਤੇ ਸੁਝਾਏ ਹਨ ਅਤੇ ਵਰਕਰਾਂ ਨੂੰ ਮੁੜ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਦੌਰੇ ਕਰਨ ਦੀ ਸਲਾਹ ਦਿੱਤੀ ਹੈ। ਚੇਤੇ ਰਹੇ ਕਿ ਨਵਜੋਤ ਸਿੱਧੂ ਨੇ ਤਾਜਪੋਸ਼ੀ ਵਾਲੇ ਦਿਨ ਕਿਹਾ ਸੀ ਕਿ ਉਹ 15 ਅਗਸਤ ਤੋਂ ਆਪਣਾ ਬਿਸਤਰਾ ਕਾਂਗਰਸ ਭਵਨ ਵਿਚ ਲਾ ਲੈਣਗੇ। ਇਹ ਵਾਅਦਾ ਕੀਤਾ ਸੀ ਕਿ ਉਹ ਵਰਕਰਾਂ ਨੂੰ ਪੂਰਾ ਮਾਣ-ਸਤਿਕਾਰ ਦੇਣਗੇ ਅਤੇ ਹਰ ਵਰਕਰ ਹੁਣ ਪ੍ਰਧਾਨ ਬਣ ਗਿਆ ਹੈ।
ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਕਾਂਗਰਸ
ਨਵਜੋਤ ਸਿੱਧੂ ਨੇ ਕਿਸਾਨਾਂ ਦੀ ਨਰਾਜ਼ਗੀ ਨੂੰ ਦੇਖਦੇ ਹੋਏ ਮੁੜ ਆਖਿਆ ਹੈ ਕਿ ਕਾਂਗਰਸ ਪਾਰਟੀ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਤੇ ਕਿਸਾਨ ਅੰਦੋਲਨ ਕਰਨ ਵਾਲਿਆਂ ਨਾਲ ਖੜ੍ਹੀ ਹੈ ਤੇ ਤਿੰਨੋਂ ਕਾਲੇ ਕਾਨੂੰਨ ਲਾਜ਼ਮੀ ਰੱਦ ਹੋਣੇ ਚਾਹੀਦੇ ਹਨ। ਉਨ੍ਹਾਂ ਟਵੀਟ ਦੇ ਨਾਲ ਰਾਹੁਲ ਗਾਂਧੀ ਦੀ ਟਰੈਕਟਰ ਵਾਲੀ ਤਸਵੀਰ ਵੀ ਸ਼ੇਅਰ ਕੀਤੀ। ਦੱਸਣਯੋਗ ਹੈ ਕਿ ਤਾਜਪੋਸ਼ੀ ਸਮਾਗਮਾਂ ‘ਚ ਸਿੱਧੂ ਨੇ ਕਿਸਾਨਾਂ ਬਾਰੇ ਆਖ ਦਿੱਤਾ ਸੀ ਕਿ ‘ਪਿਆਸਾ ਖ਼ੂਹ ਕੋਲ ਚੱਲ ਕੇ ਆਉਂਦਾ ਹੈ’। ਉਸ ਮਗਰੋਂ ਕਿਸਾਨਾਂ ਨੇ ਨਵਜੋਤ ਸਿੱਧੂ ਨੂੰ ਨਿਸ਼ਾਨੇ ‘ਤੇ ਲਿਆ ਸੀ।