ਕਿਹਾ : ਬਿਜਲੀ ਸਪਲਾਈ ਰੈਗੂਲਰ ਕਰਨ ਦੇ ਭਰੋਸੇ ਮਗਰੋਂ ਹੀ ਚੁੱਕਿਆ ਜਾਵੇਗਾ ਧਰਨਾ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਅੰਦਰ ਬਿਜਲੀ ਦੇ ਲਗਦੇ ਲੰਮੇ-ਲੰਮੇ ਕੱਟਾਂ ਤੋਂ ਪੰਜਾਬ ਦੇ ਲੋਕ ਪ੍ਰੇਸ਼ਾਨ ਹੋ ਗਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਗੁਰਬਚਨ ਸਿੰਘ ਚੱਬਾ ਦੀ ਅਗਵਾਈ ’ਚ ਸੈਂਕੜੇ ਕਿਸਾਨਾਂ ਵੱਲੋਂ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਮੂਹਰੇ ਧਰਨਾ ਸ਼ੁਰੂ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜਿੱਥੇ ਪੇਂਡੂ ਖੇਤਰਾਂ ਵਿਚ ਬਿਜਲੀ ਦੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ, ਉਥੇ ਹੀ ਕਿਸਾਨਾਂ ਲਈ ਬਿਜਲੀ ਨਾ ਆਉਣ ਕਰਕੇ ਪਾਣੀ ਦੀ ਵੱਡੀ ਘਾਟ ਪੈਦਾ ਹੋ ਗਈ ਹੈ, ਜਿਸ ਕਾਰਨ ਸਬਜੀਆਂ ਅਤੇ ਪਸੂਆਂ ਲਈ ਬੀਜਿਆ ਗਿਆ ਹਰਾ ਚਾਰਾ ਵੀ ਸੁੱਕਣਾ ਸ਼ੁਰੂ ਹੋ ਗਿਆ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ’ਤੇ ਆਰੋਪ ਲਗਾਇਆ ਕਿ ਪੇਂਡੂ ਖੇਤਰਾਂ ’ਚ ਬਿਜਲੀ ਦੇ ਲੰਮੇ-ਲੰਮੇ ਕੱਟ ਲਗਾ ਕੇ ਜਾਣਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਜਦੋਂ ਤੱਕ ਬਿਜਲੀ ਮੰਤਰੀ ਬਿਜਲੀ ਸਪਲਾਈ ਨੂੰ ਰੈਗੂਲਰ ਕਰਨ ਦਾ ਭਰੋਸਾ ਨਹੀਂ ਦਿੰਦੇ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ 24 ਘੰਟੇ ਅਤੇ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਹੁਣ ਸਮੁੱਚੇ ਪੰਜਾਬ ਵਿਚ ਲੱਗ ਰਹੇ ਬਿਜਲੀ ਦੇ ਕੱਟਾਂ ਨੇ ਪੰਜਾਬ ਦੀ ਜਨਤਾ ਦੀ ਤੌਬਾ ਕਰਵਾ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਕਈ ਹੋਰ ਥਾਵਾਂ ’ਤੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਕੱਟਾਂ ਦੇ ਖਿਲਾਫ਼ ਧਰਨੇ ਦਿੱਤੇ ਗਏ।