Breaking News
Home / ਪੰਜਾਬ / ਪੰਜਾਬ ‘ਚ ਅੱਤਵਾਦ ਨੂੰ ਮੁੜ ਸਿਰ ਨਹੀਂ ਚੁੱਕਣ ਦਿਆਂਗੇ: ਕੈਪਟਨ ਅਮਰਿੰਦਰ

ਪੰਜਾਬ ‘ਚ ਅੱਤਵਾਦ ਨੂੰ ਮੁੜ ਸਿਰ ਨਹੀਂ ਚੁੱਕਣ ਦਿਆਂਗੇ: ਕੈਪਟਨ ਅਮਰਿੰਦਰ

ਮੁਹਾਲੀ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ‘ਚ ਅੱਤਵਾਦ ਨੂੰ ਮੁੜ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਸੂਬੇ ‘ਚ ਅਮਨ ਭੰਗ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਪੁਲਿਸ ਵੱਲੋਂ ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਵਿਚ ਕਰਵਾਏ ਗਏ ਦੂਜੇ ਕੇਪੀਐੱਸ ਗਿੱਲ ਯਾਦਗਾਰੀ ਭਾਸ਼ਨ ਸਮਾਰੋਹ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਅੱਤਵਾਦ ਸੌਖਿਆਂ ਹੀ ਕੌਮਾਂਤਰੀ ਸਰਹੱਦਾਂ ਪਾਰ ਕਰ ਸਕਦਾ ਹੈ।
ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨਾਲ ਨੌਜਵਾਨਾਂ ਨੂੰ ਉਕਸਾਉਣਾ, ਦਹਿਸ਼ਤ ਫੈਲਾਉਣਾ ਅਤੇ ਦਹਿਸ਼ਤਗਰਦੀ ਦੀ ਵਿਚਾਰਧਾਰਾ ਦਾ ਪਸਾਰ ਸੌਖਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਸਰਹੱਦੀ ਸੂਬਾ ਹੋਣ ਤੇ ਜੰਮੂ-ਕਸ਼ਮੀਰ ਨਾਲ ਜੁੜੇ ਹੋਣ ਕਰ ਕੇ ਨਸ਼ਿਆਂ ਤੇ ਅੱਤਵਾਦ ਦੀ ਚੁਣੌਤੀ ਦੇ ਮੱਦੇਨਜ਼ਰ ਆਧੁਨਿਕ ਪੁਲੀਸਿੰਗ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਤਕਨੀਕੀ ਪੱਖੋਂ ਪਰਿਪੱਕ ਤੇ ਪੇਸ਼ੇਵਰ ਪਹੁੰਚ ਰੱਖਦੀ ਹੋਣੀ ਚਾਹੀਦੀ ਹੈ। ਕੈਪਟਨ ਨੇ ਸਾਬਕਾ ਡੀਜੀਪੀ ਕੇਪੀਐੱਸ ਗਿੱਲ ਵੱਲੋਂ ਪੰਜਾਬ ‘ਚ ਅੱਤਵਾਦ ਨੂੰ ਠੱਲ ਪਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਮਰਹੂਮ ਅਧਿਕਾਰੀ ਤੋਂ ਪੰਜਾਬ ਪੁਲਿਸ ਨੂੰ ਸੇਧ ਲੈਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਪੰਜਾਬ ਪੁਲੀਸ ਨੂੰ ਹਦਾਇਤ ਦਿੱਤੀ ਕਿ ਕਿਸੇ ਵੀ ਅੰਦਰੂਨੀ ਜਾਂ ਬਾਹਰੀ ਖ਼ਤਰੇ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। ਪਾਕਿਸਤਾਨ ਵੱਲੋਂ ਪੰਜਾਬ ‘ਚ ਗੜਬੜੀ ਪੈਦਾ ਕਰਨ ਦੀਆਂ ਹਾਲ ਹੀ ਵਿੱਚ ਕੀਤੀਆਂ ਕੋਸ਼ਿਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਮਨਸੂਬਿਆਂ ਨੂੰ ਪਹਿਲਾਂ ਹੀ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਪੁਲਿਸ ਨੇ ਦੋ ਦਰਜਨ ਤੋਂ ਵੱਧ ਅੱਤਵਾਦੀ ਸੰਗਠਨਾਂ ਦਾ ਪਰਦਾਫ਼ਾਸ਼ ਕੀਤਾ ਅਤੇ 100 ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ।

Check Also

ਚੰਡੀਗੜ੍ਹ ’ਚ ਕਰੋਨਾ ਪਾਜ਼ੇਟਿਵ ਮਰੀਜ਼ ਦੀ ਇਲਾਜ ਦੌਰਾਨ ਮੌਤ 

ਯੂਪੀ ਦੇ ਫ਼ਿਰੋਜ਼ਾਬਾਦ ਨਾਲ ਸਬੰਧਤ ਮਰੀਜ਼ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਕੀਤਾ ਗਿਆ ਸੀ ਤਬਦੀਲ ਚੰਡੀਗੜ੍ਹ/ਬਿਊਰੋ …