ਮੌਦਗਿੱਲ ਨੇ ਕਾਂਗਰਸੀ ਉਮੀਦਵਾਰ ਬਬਲਾ ਨੂੰ ਵੱਡੇ ਫਰਕ ਨਾਲ ਹਰਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਭਾਜਪਾ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਚੰਡੀਗੜ੍ਹ ਮਿਉਂਸਿਪਲ ਕਾਰਪੋਰੇਸ਼ਨ ਦੇ ਡਿਪਟੀ ਮੇਅਰ ਦੇ ਅਹੁਦਿਆਂ ਉੱਤੇ ਜਿੱਤ ਹਾਸਲ ਕਰ ਲਈ ਹੈ। 27 ਮੈਂਬਰੀ ਚੰਡੀਗੜ੍ਹ ਮਿਉਂਸਪਲ ਕਾਰਪੋਰੇਸ਼ਨ ਲਈ ਅੱਜ ਵੋਟਾਂ ਪਈਆਂ। ਦੇਵੇਸ਼ ਮੌਦਗਿਲ ਮੇਅਰ, ਗੁਰਪ੍ਰੀਤ ਸਿੰਘ ਢਿੱਲੋਂ ਸੀਨੀਅਰ ਡਿਪਟੀ ਮੇਅਰ ਅਤੇ ਵਿਨੋਦ ਅਗਰਵਾਲ ਡਿਪਟੀ ਮੇਅਰ ਵਜੋਂ ਚੁਣੇ ਗਏ ਹਨ।
ਮੌਦਗਿਲ ਚੰਡੀਗੜ੍ਹ ਨਗਰ ਨਿਗਮ ਦੇ 22ਵੇਂ ਮੇਅਰ ਹੋਣਗੇ। ਮੌਦਗਿਲ ਨੇ 22 ਵੋਟਾਂ ਹਾਸਲ ਕੀਤੀਆਂ ਜਦਕਿ ਕਾਂਗਰਸ ਦੇ ਦਵਿੰਦਰ ਸਿੰਘ ਬਬਲਾ ਨੂੰ 5 ਵੋਟਾਂ ਹੀ ਪਈਆਂ। ਗੁਰਪ੍ਰੀਤ ਸਿੰਘ ਢਿੱਲੋਂ ਨੂੰ 21 ਵੋਟਾਂ ਪਈਆਂ ਜਦਕਿ ਕਾਂਗਰਸ ਦੇ ਸ਼ੀਲਾ ਫੂਲ ਸਿੰਘ ਨੂੰ ਛੇ ਵੋਟਾਂ ਹੀ ਮਿਲ ਸਕੀਆਂ। ਵਿਨੋਦ ਅਗਰਵਾਲ ਨੂੰ 22 ਵੋਟਾਂ ਮਿਲੀਆਂ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਰਵਿੰਦਰ ਕੌਰ ਦੇ ਹੱਕ ਵਿੱਚ ਚਾਰ ਵੋਟਾਂ ਪਈਆਂ। ਇੱਕ ਵੋਟ ਨੂੰ ਅਯੋਗ ਐਲਾਨ ਦਿੱਤਾ ਗਿਆ।