ਅਮਨ ਅਰੋੜਾ ਬੋਲੇ : ਵਿਭਾਗ ਨੂੰ ਮੁੜ ਪੈਰਾਂ ਸਿਰ ਕਰਨਾ ਜ਼ਰੂਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਸੱਤਾ ਹਾਸਲ ਕਰਨ ਤੋਂ ਬਾਅਦ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਵਿਭਾਗਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਭਗਵੰਤ ਮਾਨ ਸਰਕਾਰ ਨੇ ਪਿ੍ਰਟਿੰਗ ਅਤੇ ਸਟੇਸ਼ਨਰੀ ਵਿਭਾਗ ਦੀਆਂ 830 ਅਸਾਮੀਆਂ ਨੂੰ ਖਤਮ ਕਰ ਦਿੱਤਾ ਹੈ ਅਤੇ ਹੁਣ ਇਸ ਵਿਭਾਗ ਵਿਚ ਸਿਰਫ਼ 221 ਕਰਮਚਾਰੀ ਹੀ ਬਾਕੀ ਰਹਿ ਗਏ ਹਨ। ਪਿ੍ਰੰਟਿੰਗ ਦਾ ਜ਼ਿਆਦਾਤਰ ਕੰਮ ਆਊਟਸੋਰਸ ’ਤੇ ਦਿੱਤੇ ਜਾਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਪਿ੍ਰੰਟਿੰਗ ਅਤੇ ਸ਼ਟੇਸ਼ਨਰੀ ਵਿਭਾਗ ਦੇ ਮੰਤਰੀ ਅਮਨ ਅਰੋੜਾ ਦਾ ਕਹਿਣਾ ਹੈ ਕਿ ਵਿਭਾਗ ਨੂੰ ਮੁੜ ਪੈਰਾਂ ਸਿਰ ਕਰਨਾ ਜ਼ਰੂਰੀ ਹੋ ਗਿਆ ਹੈ। ਦਹਾਕਿਆਂ ਪੁਰਾਣੀਆਂ ਪਿ੍ਰੰਟਿੰਗ ਮਸ਼ੀਨਾਂ ਦੀ ਹੁਣ ਜ਼ਰੂਰਤ ਨਹੀਂ। ਵਿਭਾਗਾਂ ਦਾ ਕਾਫ਼ੀ ਕੰਮ ਪੇਪਰਲੈਸ ਹੋ ਗਿਆ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕਾਫ਼ੀ ਅਸਾਮੀਆਂ ਖਾਲੀ ਪਈਆਂ ਹਨ ਜਿਨ੍ਹਾਂ ਨੂੰ ਭਰਨ ਦੀ ਜ਼ਰੂਰਤ ਨਹੀਂ ਅਤੇ ਵਿਭਾਗ ਨੂੰ ਮੁੜ ਪੈਰਾਂ ਸਿਰ ਕਰਨ ਤੋਂ ਬਾਅਦ ਜ਼ਰੂਰਤ ਅਨੁਸਾਰ ਭਰਤੀ ਕੀਤੀ ਜਾਵੇਗੀ। ਪੰਜਾਬ ਪਿ੍ਰੰਟਿੰਗ ਐਂਡ ਸਟੇਸ਼ਨਰੀ ਵਿਭਾਗ ਦੀਆਂ 786 ਟੈਕਨੀਕਲ ਅਸਾਮੀਆਂ ਵਿਚੋਂ 532 ਨੂੰ ਖਤਮ ਕਰ ਦਿੱਤਾ ਗਿਆ ਅਤੇ ਹੁਣ 78 ਅਹੁਦਿਆਂ ’ਤੇ ਕਰਮਚਾਰੀ ਕੰਮ ਕਰ ਸਕਣਗੇ। ਉਥੇ ਹੀ ਮਨਿਸਟ੍ਰੀਅਲ ਸਟਾਫ਼ ਦੇ 474 ਅਹੁਦਿਆਂ ਵਿਚੋਂ 278 ਨੂੰ ਖਤਮ ਕਰ ਦਿੱਤਾ ਗਿਆ ਅਤੇ ਸਿਰਫ਼ 95 ਅਹੁਦਿਆਂ ’ਤੇ ਕਰਮਚਾਰੀ ਕੰਮ ਕਰ ਸਕਣਗੇ। ਸੀ ਅਤੇ ਡੀ ਕੇਡਰ ਦੇ ਕਰਮਚਾਰੀਆਂ ਦਾ ਇਕ ਜੁਆਇੰਟ ਮਲਟੀ ਟਾਸਕ ਵਰਕਰ ਕਾਡਰ ਬਣਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਭਾਗ ਦੇ 79 ਕਲਰਕਾਂ, 64 ਟਾਈਪਰਾਈਟਰ,ਟਰੇਡ ਮਕੈਨਿਕ 48 ਅਤੇ ਕੰਪੋਜੀਟਰਾਂ ਦੇ 94, ਵੇਅਰ ਹਾਊਸ ਅਤੇ ਬਾਈਂਡਰ ਦੇ 52, ਪ੍ਰੈਸ ਦਫਤਰੀ ਦੇ 66 ਅਹੁਦਿਆਂ ਨੂੰ ਸਮਾਪਤ ਕਰ ਦਿੱਤਾ ਗਿਆ ਹੈ।