ਮਾਝੇ ਦੀ ਧਰਤੀ ਆਈ ਨਸ਼ਿਆਂ ਦੀ ਲਪੇਟ ‘ਚ
ਰਮਦਾਸ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵਲੋਂ ਰਾਜ ਵਿਚੋਂ ਨਸ਼ੇ ਦੇ ਖਾਤਮੇ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਸਰਹੱਦ ਨਾਲ ਲੱਗਦੀ ਮਾਝੇ ਦੀ ਧਰਤੀ ਨਸ਼ਿਆਂ ਦੀ ਲਪੇਟ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ਵਿੱਚ ਆਉਣ ‘ਤੇ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਸਬੰਧੀ ਖਾਧੀ ਸਹੁੰ ਦਾ ਲੋਕਾਂ ਤੇ ਸਿਆਸੀ ਧਿਰਾਂ ਵਲੋਂ ਮਜ਼ਾਕ ਉਡਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਸਪਲਾਈ ਤੋੜਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਕਈ ਨੌਜਵਾਨ ਵਧੇਰੇ ਨਸ਼ਾ ਲੈਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਹਾਲ ਹੀ ਵਿੱਚ ਪਿੰਡ ਕਾਦਰਾਬਾਦ ਦੇ 23 ਸਾਲਾ ਨੌਜਵਾਨ ਦੀ ਵਧੇਰੇ ਨਸ਼ੇ ਕਾਰਨ ਮੌਤ ਹੋ ਗਈ ਸੀ ਅਤੇ ਇਸ ਤੋਂ ਕੁਝ ਦਿਨ ਪਹਿਲਾਂ ਹੀ ਨੇੜਲੇ ਪਿੰਡ ਕੋਟਲੀ ਮੱਲੀਆਂ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ।
ਇਸੇ ਤਰ੍ਹਾਂ ਮਾਝੇ ਅੰਦਰ ਪਿਛਲੇ ਕੁਝ ਸਮੇਂ ਵਿੱਚ ਹੀ ਦਰਜਨ ਦੇ ਕਰੀਬ ਨੌਜਵਾਨ ਸਿਵਿਆਂ ਦੇ ਰਾਹ ਪੈ ਚੁੱਕੇ ਹਨ। ਨਸ਼ਿਆਂ ਵਿਰੁੱਧ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿਚ ਹੈ। ਹਾਲ ਹੀ ਵਿੱਚ ਮਜੀਠਾ ਹਲਕੇ ਅੰਦਰ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸ ਉਪਰ ਨਸ਼ਾ ਤਸਕਰੀ ਦੇ ਇਲਜ਼ਾਮ ਲਾਉਣ ਦੇ ਮਾਮਲੇ ਵਿੱਚ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਰਥਿਕ ਪੱਖੋਂ ਟੁੱਟ ਚੁੱਕੇ ਨੌਜਵਾਨਾਂ ਵਲੋਂ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ। ਆਰਥਿਕ ਕਮਜ਼ੋਰ ਹੋ ਜਾਣ ਕਰਕੇ ਨਸ਼ੇੜੀਆਂ ਵਲੋਂ ਸਸਤੇ ਤੇ ਘਟੀਆ ਨਸ਼ਿਆਂ ਦਾ ਸੇਵਨ ਕੀਤਾ ਜਾ ਰਿਹਾ ਹੈ। ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਨੇ ਜਵਾਨੀ ਤਬਾਹ ਕਰਕੇ ਰੱਖ ਦਿੱਤੀ ਹੈ। ਸਿਆਸੀ ਪਾਰਟੀਆਂ ਵਲੋਂ ਚੋਣਾਂ ਸਮੇਂ ਇਸ ਨੂੰ ਮੁੱਦਾ ਜ਼ਰੂਰ ਬਣਾਇਆ ਜਾਂਦਾ ਹੈ ਪਰ ਇਸ ਮਾਮਲੇ ਪ੍ਰਤੀ ਕੋਈ ਵੀ ਗੰਭੀਰ ਨਜ਼ਰ ਨਹੀਂ ਆ ਰਿਹਾ। ਸਮੈਕ ਤੇ ਹੈਰੋਇਨ ਦੇ ਕੀਮਤੀ ਨਸ਼ਿਆਂ ਤੋਂ ਇਲਾਵਾ ਹੁਣ ਗੋਲੀਆਂ ਤੇ ਸਿੰਥੈਟਿਕ ਡਰੱਗ ਦਾ ਇਸਤੇਮਾਲ ਜ਼ਿਆਦਾ ਕੀਤਾ ਜਾ ਰਿਹਾ ਹੈ ਜੋ ਬਹੁਤ ਘਾਤਕ ਹੈ।
ਨਸ਼ਾ ਛੁਡਾਉਣ ਦੀ ਆੜ ਵਿੱਚ ਸੈਂਕੜੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਪੰਜਾਬ ਵਿੱਚ ਖੁੱਲ੍ਹੇ ਹੋਏ ਹਨ। ਇਨ੍ਹਾਂ ਕੇਂਦਰਾਂ ਵਿੱਚ ਨਸ਼ਾ ਛੁਡਾਉਣ ਦੇ ਨਾਂ ‘ਤੇ ਬੱਚਿਆਂ ਦਾ ਸਰੀਰਕ ਤੇ ਮਾਪਿਆਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਵੀ ਇੱਕ ਅਜਿਹੇ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ 15,324 ਨਸ਼ੇ ਤੋਂ ਗ੍ਰਸਤ ਰੋਗੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਹਰਸਿਮਰਤ ਨੇ ਨਸ਼ਿਆਂ ਦੇ ਮਾਮਲੇ ‘ਚ ਕੈਪਟਨ ਨੂੰ ਘੇਰਿਆ
ਜਲੰਧਰ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਕ ਵਾਰ ਪੰਜਾਬ ਵਿਚ ਨਸ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਬੋਲਿਆ। ਹਰਸਿਮਰਤ ਨੇ ਟਵੀਟ ਕਰਕੇ ਕਿਹਾ ਕਿ ਲੋਕ ਦੁਹਾਈ ਦੇ ਰਹੇ ਹਨ ਕਿ ਨਸ਼ਾ ਤਸਕਰੀ ਦੇ ਵੱਡੇ ਮਗਰਮੱਛਾਂ ਅਤੇ ਉਨ੍ਹਾਂ ਨਾਲ ਮਿਲੇ ਹੋਏ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕੈਪਟਨ ਨੂੰ ਨਸ਼ਿਆਂ ਦੇ ਮਾਮਲੇ ‘ਚ ਸਖਤ ਰੁਖ਼ ਅਪਨਾਉਣ ਲਈ ਕਿਹਾ ਅਤੇ ਨਸ਼ਾ ਖਤਮ ਕਰਨ ਲਈ ਚੁੱਕੀ ਸਹੁੰ ਵੀ ਯਾਦ ਕਰਵਾਈ। ਇਸੇ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਰਸਿਮਰਤ ਬਾਦਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੇ ਪਰਿਵਾਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਪੰਜਾਬ ਵਿਚ ਡਰੱਗ ਪਲੇਗ ਵਾਂਗ ਫੈਲਿਆ ਹੈ।
100 :ਪਰਿਵਾਰ ਪਿੰਡ ‘ਚ ਲੱਗੇ ਹਨ ਨਸ਼ੇ ਦੇ ਧੰਦੇ ‘ਚ
ਸਵੇਰ ਦੇ 11:30 ਵਜ ਰਹੇ ਹਨ। ਧੁੱਪ ਤੇਜ ਅਤੇ ਤਾਪਮਾਨ 40 ਡਿਗਰੀ ਨੂੰ ਛੂਹ ਰਿਹਾ ਹੈ। ਪਿੰਡ ਮਰੋਰੀ ਦੀਆਂ ਗਲੀਆਂ ਸੁੰਨੀਆਂ ਹਨ। ਸਭ ਤੋਂ ਪਹਿਲਾਂ ਦਿਖੀ ਪਿੰਡ ਦੀ ਫਿਰਨੀ ‘ਤੇ ਬੱਚਿਆਂ ਦੀ ਟੋਲੀ, ਜਿਨ੍ਹਾਂ ਨੇ ਛਬੀਲ ਲਗਾਈ ਹੋਈ ਸੀ। ਮੋੜ ਮੁੜਨ ‘ਤੇ ਛਾਂ ‘ਚ ਬੈਠੇ ਕੁਝ ਬਜ਼ੁਰਗ ਮਿਲੇ ਤਾਂ ਤਜ਼ਰਬੇ ਦੀ ਨਜ਼ਰ ਨਾਲ ਪੰਡ ਨੂੰ ਜਾਨਣ ਦੀ ਇੱਛਾ ਸਾਨੂੰ ਉਨ੍ਹਾਂ ਦੇ ਕੋਲ ਲੈ ਗਈ। ਗੱਲਬਾਤ ਦਾ ਸਿਲਸਿਲਾ ਸ਼ੁਰੁ ਹੋਇਆ ਤਾਂ ਝੁਰੜੀਆਂ ਨਾਲ ਭਰੇ ਚਿਹਰੇ ‘ਤੇ ਦਰਦ ਝਲਕ ਰਿਹਾ ਸੀ। ਦਰਦ ਉਸ ਕਲੰਕ ਦਾ, ਜਿਸ ਤੋਂ ਉਹ ਖਹਿੜਾ ਛੁਡਾਉਣਾ ਚਾਹੁੰਦੇ ਹਨ
ਪਿੰਡ ਦੇ ਇਸ ਕਲੰਕ ਨੂੰ ਮਿਟਦਾ ਦੇਖਣਾ ਚਾਹੁੰਦੇ ਹਨ ਪਿੰਡ ਦੇ ਬਜ਼ੁਰਗਵਿਕਾਸ ਨਾ ਰੋਜ਼ਗਾਰ ਪਿੰਡ ਮਰੋਰੀ ‘ਤੇ ਨਸ਼ੇ ਦੀ ਮਾਰ
ਕੱਚੀਆਂ ਗਲੀਆਂ, ਪਿੰਡ ‘ਚ ਡਿਸਪੈਂਸਰੀ ਤੱਕ ਨਹੀਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਦਾ ਪਿੰਡ ਮਰੋਰੀ, ਜੋ ਪਟਿਆਲਾ ਦੀ ਮਹਾਰਾਣੀ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦੇ ਸੰਸਦੀ ਹਲਕੇ ‘ਚ ਪੈਂਦਾ ਹੈ। ਪਿਛਲੀ ਲੋਕ ਸਭਾ ‘ਚ ਪਟਿਆਲਾ ਤੋਂ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੇ ਪਿੰਡ ਨੂੰ ਗੋਦ ਲਿਆ ਸੀ। ਪੰਜਾਬ-ਹਰਿਆਣਾ ਬਾਰਡਰ ‘ਤੇ ਘੱਗਰ ਨਦੀ ਦੇ ਕੋਲ ਵਸੇ ਇਸ ਪਿੰਡ ਦੀ ਪਹਿਚਾਣ ਦਹਾਕਿਆਂ ਤੋਂ ਕੱਚੀ ਸ਼ਰਾਬ ਕੱਢਣ ਦੀ ਰਹੀ ਹੈ। ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਪਤਾ ਲੱਗਿਆ ਕਿ ਕੱਚੀ ਸ਼ਰਾਬ ਕੱਢਣ ਦਾ ਕੰਮ ਕੁੱਝ ਘੱਟ ਹੋਇਆ ਹੈ ਪ੍ਰੰਤੂ ਅਜੇ ਭੁੱਕੀ, ਚਿੱਟੇ ਅਤੇ ਸਮੈਕ ਦਾ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ। ਵਿਕਾਸ ਦੇ ਰਸਤੇ ਇਸ ਪਿੰਡ ‘ਚ ਦੁਪਹਿਰ ਬਾਅਦ ਮਹਿੰਗੀਆਂ ਕਾਰਾਂ ਨਜ਼ਰ ਆਉਣ ਲਗਦੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਭ ਨਸ਼ਾ ਖਰੀਦਣ ਪਹੁੰਚਦੇ ਹਨ। ਗੱਲਬਾਤ ਦੌਰਾਨ ਪਿੰਡ ਦੇ ਹਾਲਾਤ ਜਾਨਣ ਤੋਂ ਪਤਾ ਲੱਗਿਆ ਮਰੋਰੀ ‘ਚ ਕੋਈ ਸਰਕਾਰੀ ਬੱਸ ਨਹੀਂ ਆਉਂਦੀ, ਪਿੰਡ ‘ਚ ਨਾ ਇਨਸਾਨਾਂ ਦੇ ਲਈ ਅਤੇ ਨਾ ਹੀ ਪਸ਼ੂਆਂ ਦੇ ਲਈ ਕੋਈ ਡਿਸਪੈਂਸਰੀ ਹੈ। ਲਗਭਗ 12 ਸਾਲ ਪਹਿਲਾਂ ਪਿੰਡ ‘ਚ ਪਾਣੀ ਦੀ ਟੈਂਕੀ ਜ਼ਰੂਰੀ ਬਣੀ ਸੀ ਪ੍ਰੰਤੂ ਪਾਣੀ ਦੀ ਸਪਲਾਈ ਅੱਜ ਤੱਕ ਸ਼ੁਰੂ ਨਹੀਂ ਹੋਈ। ਲਗਭਗ ਤਿੰਨ ਹਜ਼ਾਰ ਦੀ ਅਬਾਦੀ ਵਾਲੇ ਇਸ ਪਿੰਡ ‘ਚ ਜ਼ਿਆਦਾ ਛੋਟੇ ਕਿਸਾਨ ਹਨ। ਲਗਭਗ 40 ਫੀਸਦੀ ਅਬਾਦੀ ਦੇ ਕੋਲ ਜ਼ਮੀਨ ਨਹੀਂ। ਨੇੜਲੇ ਇਲਾਕੇ ‘ਚ ਨਾ ਤਾਂ ਕੋਈ ਇੰਡਸਟਰੀ ਹੈ ਅਤੇ ਨਾ ਹੀ ਰੋਜ਼ਗਾਰ ਦਾ ਕੋਈ ਦੂਜਾ ਸਾਧਨ, ਲਿਹਾਜ਼ਾ ਬੇਰੁਜ਼ਗਾਰੀ ਅਤੇ ਅਨਪੜ੍ਹਤਾ ਇਸ ਪਿੰਡ ਦੇ ਲੋਕਾਂ ਨੂੰ ਨਸ਼ੇ ਦੇ ਧੰਦੇ ‘ਚ ਧੱਕ ਰਹੀ ਹੈ। ਪਿੰਡ ਦੇ 4-5 ਨੌਜਵਾਨ ਹੀ ਛੋਟੀ-ਮੋਟੀ ਸਰਕਾਰੀ ਨੌਕਰੀਆਂ ‘ਤੇ ਲੱਗੇ ਹੋਏ ਹਨ।
ਕੱਚੀ ਸ਼ਰਾਬ ਦੇ ਲਈ ਮਸ਼ਹੂਰ ਸੀ ਹੁਣ ਸਮੈਕ ਅਤੇ ਚਿੱਟੇ ਨੇ ਲਈ ਥਾਂ
ਸਮਾਣਾ ਤੋਂ ਲੈ ਕੇ ਪਾਤੜਾਂ ਤੱਕ ਦੇ ਇਲਾਕੇ ‘ਚ ਹੀ ਨਹੀਂ ਘੱਗਰ ਪਾਰ ਹਰਿਆਣਾ ‘ਚ ਵੀ ਮਰੋਰੀ ਦੀ ਕੱਚੀ ਸ਼ਰਾਬ ਕਾਫ਼ੀ ਮਸ਼ਹੂਰ ਹੋਇਆ ਕਰਦੀ ਸੀ। ਪਿੰਡ ਦੀ ਰੇਡ ਪੈਣ ‘ਤੇ ਇਹ ਲੋਕ ਘੱਗਰ ਪਾਰ ਕਰਕੇ ਹਰਿਆਣਾ ‘ਚ ਦਾਖਲ ਹੋ ਕੇ ਪੁਲਿਸ ਤੋਂ ਬਚ ਜਾਂਦੇ ਸਨ। ਪਿੰਡ ‘ਚ ਕੱਚੀ ਸ਼ਰਾਬ ਕੱਢਣ ਦੀ ਥਾਂ ਹੁਣ ਭੁੱਕੀ ਅਤੇ ਚਿੱਟੇ ਅਤ ਸਮੈਕ ਦੇ ਕਾਰੋਬਾਰ ਨੇ ਲੈ ਲਈ ਹੈ। ਪਿੰਡ ਵਾਸੀਆਂ ਦੇ ਅਨੁਸਾਰ ਪਿੰਡ ਦੇ ਲਗਭਗ 100 ਪਰਿਵਾਰ ਅੱਜ ਵੀ ਨਸ਼ੇ ਦੇ ਧੰਦੇ ‘ਚ ਲੱਗੇ ਹੋਏ ਹਨ। ਇਹ ਉਹ ਪਰਿਵਾਰ ਹਨ, ਜਿਨ੍ਹਾਂ ਦੇ ਕੋਲ ਖੇਤੀ ਦੇ ਲਈ ਜ਼ਮੀਨ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਰੁਜ਼ਗਾਰ ਹੈ। ਪ੍ਰੰਤੂ ਨਸ਼ੇ ਦੇ ਧੰਦੇ ‘ਚ ਇੰਨੀ ਕਮਾਈ ਕਰ ਰਹੇ ਹਨ ਕਿ ਜ਼ਿੰਦਗੀ ਵਧੀਆ ਕਟ ਸਕੇ।
ਵਿਆਹੁਤਾ ਸਬੰਧ ਬਣ ਰਹੇ ਹਨ ਕਾਰੋਬਾਰ ਚਲਾਉਣ ਦਾ ਆਧਾਰ
ਪਿੰਡ ‘ਚ ਥੋੜ੍ਹੀ ਪੜਤਾਲ ਕਰਨ ‘ਤੇ ਪਤਾ ਲੱਗਿਆ ਕਿ ਨਸ਼ੇ ਦੇ ਧੰਦੇ ਨਾਲ ਜੁੜੇ ਲੋਕ ਭਾਰਤ-ਪਾਕਿ ਬਾਰਡਰ ਏਰੀਆ ਤੋਂ ਨਸ਼ੇ ਦੀ ਖੇਪ ਲਿਆਉਂਦੇ ਹਨ। ਇਹ ਕਾਰੋਬਾ ਇਨ੍ਹਾਂ ਲੋਕਾਂ ਦੇ ਲਈ ਫੈਮਿਲੀ ਬਿਜਨਸ ਬਣ ਚੁੱਕਿਆ ਹੈ। ਇਸ ਧੰਦੇ ਨਾਲ ਜੁੜੇ ਇਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਾਰੋਬਾਰ ਦਾ ਤਰੀਕਾ ਸਾਨੂੰ ਦੱਸਿਆ। ਉਸ ਨੇ ਦੱਸਿਆ ਕਿ ਪਿੰਡ ਦੇ ਲੜਕੇ-ਲੜਕੀਆਂ ਦੇ ਵਿਆਹ ਭਾਰਤ-ਪਾਕਿ ਬਾਰਡਰ ਏਰੀਆ ‘ਚ ਉਨ੍ਹਾਂ ਦੀ ਬਿਰਾਦਰੀ ਦੇ ਪਿੰਡਾਂ ‘ਚ ਕਰਵਾਈ ਜਾਂਦੀ ਹੈ। ਜਿੱਥੋਂ ਮਹਿਲਾਵਾਂ ਬੱਚਿਆਂ ਦੇ ਨਾਲ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਅਤੇ ਨਸ਼ੇ ਦੀ ਖੇਪ ਵੀ ਨਾਲ ਲਿਆਉਂਦੀਆਂ ਹਨ। ਮਹਿਲਾਵਾਂ ਅਤੇ ਬੱਚਿਆਂ ਦੀ ਰਸਤੇ ‘ਚ ਚੈਕਿੰਗ ਵੀ ਨਹੀਂ ਹੁੰਦੀ। ਜਿਸ ਨਾਲ ਨਸ਼ੇ ਦੀ ਖੇਪ ਲਿਆਉਣ ‘ਚ ਅਸਾਨੀ ਰਹਿੰਦੀ ਹੈ। ਯਾਨੀ ਨਸ਼ੇ ਦਾ ਕਾਰੋਬਾਰ ਹੁਣ ਵਿਆਹੁਤਾ ਸਬੰਧਾਂ ਦੇ ਆਧਾਰ ‘ਤੇ ਚੱਲਣ ਲੱਗਾ ਹੈ।
ਜਨਵਰੀ ‘ਚ ਐਸਐਚਓ ਤੇ ਚੌਕੀ ਇੰਚਾਰਜ ਹੋਏ ਸਨ ਸਸਪੈਂਡ
6 ਜਨਵਰੀ 2019 ਨੂੰ ਇਸ ਪਿੰਡ ‘ਚ ਪੁਲਿਸ ਨੇ ਰੇਡ ਕਰਕੇ ਵੱਡੀ ਮਾਤਰਾ ‘ਚ ਨਸ਼ਾ ਬਰਾਮਦ ਕੀਤਾ ਸੀ। ਪਟਿਆਲਾ ਦੇ ਐਸਐਸਪੀ ਨੇ ਖੁਦ ਟੀਮ ਤਿਆਰ ਕਰਕੇ ਆਪਣੀ ਦੇਖ-ਰੇਖ ‘ ਇਹ ਰੈਡ ਕਰਵਾਈ ਸੀ, ਜਿਸ ‘ਚ 18 ਵਿਅਕਤੀਆਂ ਦੇ ਖਿਲਾਫ਼ ਨਾਰਕੋਟਿਕਸ ਐਕਟ ਦੇ ਤਹਿਤ ਮੁੱਕਦਮਾ ਦਰਜ ਕੀਤਾ ਸੀ। ਪੁਲਿਸ ਨੇ ਇਥੋਂ 5380 ਲੀਟਰ ਲਾਹਣ ਅਤੇ 68 ਬੋਤਲਾਂ ਕੱਚੀ ਸ਼ਰਾਬ ਬਰਾਮਦ ਕੀਤੀ ਸੀ। ਇੰਨੀ ਵੱਡੀ ਖੇਪ ਮਿਲਣ ‘ਤੇ ਐਸਐਸਪੀ ਨੇ ਇਸ ਪਿੰਡ ਨੂੰ ਲਗਦੀ ਪੁਲਿਸ ਚੌਕੀ ਮਵੀ ਦੇ ਇੰਚਾਰਜ ਛੱਜੂ ਸਿੰਘ ਅਤੇ ਥਾਣਾ ਸਦਰ ਸਮਾਣਾ ਦੇ ਐਸਐਚ ਨਾਰਾਇਣ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ।
ਬੇਰੁਜ਼ਗਾਰੀ ਨਾਲ ਲੜਨਗੇ ਤਾਂ ਹੀ ਨਸ਼ਿਆਂਤੋਂ ਬਚਣਗੇ : ਡਾ. ਗਾਂਧੀ
ਮਰੋਰੀ ਨੂੰ ਗੋਦ ਲੈਣ ਵਾਲੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਅਸੀਂ ਪਿੰਡ ਦੇ ਹਾਲਾਤ ‘ਦੇ ਗੱਲਬਾਤ ਕੀਤੀ। ਪਹਿਲਾਂ ਤਾਂ ਉਹ ਇਸ ਪਿੰਡ ਨੂੰ ਲੈ ਕੇ ਗੱਲਬਾਤ ਕਰਨ ਲਈ ਹੀ ਨਹੀਂ ਸਨ। ਫਿਰ ਉਨਾਂ ਨੇ ਕਿਹਾ ਕਿ ਕੀ ਕਿਸੇ ਸਰਕਾਰੀ ਯੋਜਨਾ ਦੇ ਤਹਿਤ ਪਿੰਡ ਨੂੰ ਗੋਦ ਲੈਣ ਨਾਲ ਹੀ ਪਿੰਡ ਚੰਡੀਗੜ੍ਹ ਬਣ ਜਾਵੇਗਾ। ਉਨ੍ਹਾਂ ਇਸ ਪਿੰਡ ਦੇ ਬਦਤਰ ਹਾਲਾਤ ਦੇ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਡਾ. ਗਾਂਧੀ ਦਾ ਕਹਿਣਾ ਸੀ ਕਿ ਇਸ ਇਲਾਕੇ ‘ਚ ਕੋਈ ਪ੍ਰੋਜੈਕਟ ਦੇ ਕੇ ਇਥੋਂ ਬੇਰੁਜ਼ਗਾਰੀ ਨਾਲ ਲੜਨ ਦੇ ਲਈ ਕੰਮ ਹੋਣਾ ਚਾਹੀਦਾ ਹੈ। ਰੋਜ਼ਗਾਰ ਦੇ ਸਾਧਨ ਹੋਣਗੇ ਤਾਂ ਨੌਜਵਾਨ ਵਰਗ ਨਸ਼ੇ ਤੋਂ ਦੂਰ ਰਹੇਗਾ।
ਵਿਭਾਗਾਂ ‘ਚ ਤਬਦੀਲੀ
ਕਾਂਗਰਸ ਦੇ ਸੱਤਾ ਸੰਭਾਲਣ ਤੋਂ ਬਾਅਦ ਵੱਖ-ਵੱਖ ਮੰਤਰੀ ਆਪਣੇ ਆਪਣੇ ਵਿਭਾਗ ਦਾ ਕੰਮ ਪੂਰੀ ਤਰ੍ਹਾਂ ਸਮਝਣ ਲੱਗੇ ਸਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ। ਹੁਣ ਇਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਆਪਣੇ ਵਿਭਾਗ ਦਾ ਕੰਮ ਨਹੀਂ ਸੰਭਾਲ ਰਹੇ, ਉਥੇ ਹੀ ਹੋਰ ਮੰਤਰੀਆਂ ਨੇ ਨਵੇਂ ਸਿਰੇ ਤੋਂ ਅਫ਼ਸਰਾਂ ਅਤੇ ਸਾਬਕਾ ਮੰਤਰੀਆਂ ਤੋਂ ਆਪਣੇ ਵਿਭਾਗ ਦੇ ਕੰਮਕਾਜ ਸਬੰਧੀ ਜਾਣਕਾਰੀ ਲੈਣੀ ਪੈ ਰਹੀ ਹੈ ਤਾਂ ਕਿ ਉਹ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਸਕਣ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰ ਸਕਣ।
ਕਾਬੂ ਨਹੀਂ ਆ ਰਹੇ ਮੰਤਰੀ ਜੀ
ਪੰਜਾਬ ਸਰਕਾਰ ਦੇ ਇਕ ਕੈਬਨਿਟ ਮੰਤਰੀ ਕਿਸੇ ਦੇ ਕਾਬੂ ਨਹੀਂ ਆ ਰਹੇ। ਇਹ ਮੰਤਰੀ ਆਪਣੀ ਹੀ ਧੁਨ ‘ਚ ਮਸਤ ਹਨ ਅਤੇ ਆਪਣੇ ਹਿਸਾਬ ਨਾਲ ਹੀ ਚੱਲ ਰਹੇ ਹਨ। ਪ੍ਰੰਤੂ ਖੁਦ ਇਨ੍ਹਾਂ ਦੇ ਸਾਥੀ ਮੰਤਰੀ ਵੀ ਇਨ੍ਹਾਂ ਦੀ ਇਸ ਵਤੀਰੇ ਤੋਂ ਖੁਸ਼ ਨਹੀਂ ਹਨ ਪ੍ਰੰਤੂ ਹੁਣ ਪਾਰਟੀ ਹਾਈ ਕਮਾਂਡ ਦੀ ਘੁਰਕੀ ਤੋਂ ਬਾਅਦ ਬਾਕੀ ਮੰਤਰੀ ਵੀ ਇਨ੍ਹਾਂ ਖਿਲਾਫ਼ ਕੋਈ ਟਿੱਪਣੀ ਨਹੀਂ ਕਰ ਰਹੇ। ਇਸ ਮੰਤਰੀ ਨੂੰ ਕਾਬੂ ਕਰਨ ਦੇ ਲਈ ਕਈ ਰਾਜਨੀਤਿਕ ਦਾਅ-ਪੇਚ ਖੇਡੇ ਗਏ। ਪ੍ਰੰਤੂ ਕਿਸੇ ਦੇ ਕਾਬੂ ਨਹੀਂ ਆਏ। ਅਜਿਹੇ ‘ਚ ਹੁਣ ਉਹ ਪਾਰਟੀ ਦੇ ਆਗੂਆਂ ਨੂੰ ਵੀ ਸਮਝ ‘ਚ ਨਹੀਂ ਆ ਰਿਹਾ ਕਿ ਇਨ੍ਹਾਂ ਨੂੰ ਲਾਈਨ ‘ਤੇ ਕਿਸ ਤਰ੍ਹਾਂ ਲਿਆਂਦਾ ਜਾਵੇਗਾ।
ਅਜੇ ਤਾਂ ਵਿਭਾਗ ਹੀ ਸੰਭਾਲਿਆ ਹੈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ‘ਚ ਆਪਣੀ ਕਈ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ ਕੀਤਾ ਹੈ। ਪੂਰਾ ਇਕ ਹਫ਼ਤਾ ਨਵੇਂ ਵਿਭਾਗਾਂ ਦਾ ਜ਼ਿੰਮਾ ਮਿਲਣ ਤੋਂ ਬਾਅਦ ਮੰਤਰੀਆਂ ਨੇ ਵਿਭਾਗਾਂ ਦੇ ਕੰਮਕਾਜ ਨੂੂੰ ਦੇਖਣਾ ਸ਼ੁਰੂ ਕੀਤਾ ਹੈ। ਪ੍ਰੰਤੂ ਜੇਕਰ ਨਵਾਂ ਵਿਭਾਗ ਮਿਲਣ ਤੋਂ ਬਾਅਦ ਮੰਤਰੀ ਤੋਂ ਕੁੱਝ ਵੀ ਪੁੱਛਿਆ ਜਾਂਦਾ ਹੈ ਤਾਂ ਇਕ ਹੀ ਜਵਾਬ ਮਿਲਦਾ ਹੈ ਕਿ ਅਜੇ ਵਿਭਾਗ ਦਾ ਕੰਮਕਾਜ ਦੇਖਣਾ ਸ਼ੁਰੂ ਕੀਤਾ ਹੈ। ਸਵਾਲ ਜਵਾਬ ਬਾਅਦ ‘ਚ ਕੀਤੇ ਜਾਣ ਤਾਂ ਚੰਗਾ ਹੋਵੇਗਾ।
ਮੰਤਰੀਆਂ ਨੂੰ ਕੌਣ ਪੁੱਛਦੈ
ਭਾਜਪਾ ਨੂੰ ਲਗਾਤਾਰ ਚੋਣਾਂ ‘ਚ ਜਿੱਤ ਮਿਲ ਰਹੀ ਹੈ ਪ੍ਰੰਤੂ ਕਾਕਾ ਦੇ ਮੰਤਰੀ ਕੁਝ ਨਾਰਾਜ਼ ਹਨ। ਉਨ੍ਹਾਂ ਨੂੰ ਇੰਨੀ ਤਵੱਜੋਂ ਨਹੀਂ ਮਿਲ ਰਹੀ, ਜਿੰਨੀ ਮਿਲਣੀ ਚਾਹੀਦੀ ਸੀ। ਇਸ ਦੇ ਪਿੱਛੇ ਕੁਝ ਮੰਤਰੀ ਤਰਕ ਵੀ ਦੇ ਰਹੇ ਹਨ। ਕਹਿੰਦੇ ਹਨ ਕਿ ਅੱਜਕੱਲ੍ਹ ਤਾਂ ਮੁੱਖ ਮੰਤਰੀ ਅਤੇ ਅਫ਼ਸਰ ਹੀ ਸਭ ਕੁਝ ਹਨ ਮੰਤਰੀਆਂ ਨੂੰ ਕੌਣ ਪੁੱਛਦਾ ਹੈ। ਚਾਹੇ ਕੋਈ ਯੋਜਨਾ ਲਾਂਚ ਕਰਨੀ ਹੋਵੇ ਜਾਂ ਹੋਰ ਕਿਸੇ ਵਿਭਾਗ ਦੀ ਜਾਣਕਾਰੀ ਸਾਂਝੀ ਕਰਨ ਦੀ ਗੱਲ ਹੋਵੇ, ਮੰਤਰੀ ਤਾਂ ਪਿੱਛੇ ਹੀ ਰਹਿ ਰਹੇ ਹਨ। ਇਸ ਦੀ ਤਾਜ਼ੀ ਉਦਾਹਰਨ ਵੀ ਸਾਹਮਣੇ ਆ ਗਈ ਹੈ। ਕੈਬਨਿਟ ਮੀਟਿੰਗ ਦੀ ਤਾਰੀਖ ਪਹਿਲਾਂ ਹੀ ਮੀਡੀਆ ‘ਚ ਆ ਚੁੱਕੀ ਹੈ ਜਦਕਿ ਕੁਝ ਮੰਤਰੀਆਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …