Breaking News
Home / ਪੰਜਾਬ / ਢੀਂਡਸਾ ਦੀ ਰਿਹਾਇਸ਼ ‘ਤੇ ਇਕਜੁੱਟ ਨਜ਼ਰ ਆਈ ਅਕਾਲੀ ਲੀਡਰਸ਼ਿਪ

ਢੀਂਡਸਾ ਦੀ ਰਿਹਾਇਸ਼ ‘ਤੇ ਇਕਜੁੱਟ ਨਜ਼ਰ ਆਈ ਅਕਾਲੀ ਲੀਡਰਸ਼ਿਪ

ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਚਕਾਰ ਹੋ ਚੁੱਕੀ ਹੈ ਏਕਤਾ
ਸੰਗਰੂਰ/ਬਿਊਰੋ ਨਿਊਜ਼ : ਕਈ ਸਾਲਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਲੀਡਰਸ਼ਿਪ ਇੱਥੇ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਰਿਹਾਇਸ਼ ‘ਤੇ ਇਕਜੁੱਟ ਨਜ਼ਰ ਆਈ ਤੇ ਢੀਂਡਸਾ ਦੀ ਕੋਠੀ ‘ਚ ਅਕਾਲੀ ਵਰਕਰਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿਚਕਾਰ ਹੋਈ ਮੁਕੰਮਲ ਏਕਤਾ ਤੋਂ ਬਾਅਦ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਸੰਗਰੂਰ ਵਿਖੇ ਢੀਂਡਸਾ ਦੀ ਰਿਹਾਇਸ਼ ‘ਤੇ ਪੁੱਜੇ ਸਨ।
ਉਨ੍ਹਾਂ ਨੇ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਲੋਕ ਸਭਾ ਚੋਣਾਂ ਦੇ ਸੰਦਰਭ ਵਿਚ ਵਿਚਾਰ ਚਰਚਾ ਵੀ ਕੀਤੀ। ਭਾਵੇਂ ਕਿ ਢੀਂਡਸਾ ਦੀ ਰਿਹਾਇਸ਼ ‘ਤੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨਹੀਂ ਸਨ ਪਰ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕੀਤਾ। ਢੀਂਡਸਾ ਦੀ ਰਿਹਾਇਸ਼ ‘ਤੇ ਜ਼ਿਲ੍ਹੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਮੌਜੂਦ ਸੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਦੋਵੇਂ ਪਾਰਟੀਆਂ ਨੇ ਵੱਖੋ-ਵੱਖ ਸਿਆਸੀ ਰਾਹਾਂ ਉਪਰ ਚੱਲ ਕੇ ਵੇਖ ਲਿਆ।
ਫੁੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਅਕਾਲੀ ਦਲ ਦੇ ਆਧਾਰ ਨੂੰ ਵੱਡਾ ਖੋਰਾ ਲੱਗਿਆ। ਦੋਵੇਂ ਧਿਰਾਂ ਨੇ ਸਿਆਸੀ ਖੇਤਰ ਵਿਚ ਮੁੜ ਪੈਰਾਂ-ਸਿਰ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਪਰ ਕੁਝ ਪੱਲ੍ਹੇ ਨਹੀਂ ਪਿਆ। ਜਿਹੜੇ ਅਕਾਲੀ ਆਗੂ ਹੁਣ ਤੱਕ ਇੱਕ-ਦੂਜੇ ਨੂੰ ਭੰਡਣ ਅਤੇ ਸਿਆਸੀ ਦੂਸ਼ਣਬਾਜ਼ੀ ਲਈ ਮੌਕਾ ਤੱਕਦੇ ਰਹਿੰਦੇ ਸਨ, ਉਹ ਸਭ ਇੱਕ ਮੰਚ ‘ਤੇ ਇਕੱਠੇ ਨਜ਼ਰ ਆਏ ਜੋ ਕਿ ਅਕਾਲੀ ਸਿਆਸਤ ਲਈ ਸ਼ੁਭ ਸੰਕੇਤ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਇਕਬਾਲ ਸਿੰਘ ਝੂੰਦਾਂ, ਪੀਆਰਟੀਸੀ ਦੇ ਸਾਬਕਾ ਉਪ ਚੇਅਰਮੈਨ ਵਿਨਰਜੀਤ ਸਿੰਘ, ਰਾਜਿੰਦਰ ਦੀਪਾ, ਗੁਲਜ਼ਾਰੀ ਮੂਨਕ, ਤੇਜਿੰਦਰ ਸਿੰਘ ਸੰਘਰੇੜੀ, ਤੇਜਾ ਸਿੰਘ ਕਮਾਲਪੁਰ, ਜ਼ਾਹਿਦਾ ਸੁਲੇਮਾਨ ਆਦਿ ਮੌਜੂਦ ਸਨ।

Check Also

ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ’ਚ ਮੁੜ ਇਕੱਠੇ ਨਜ਼ਰ ਆਉਣਗੇ ਨਵਜੋਤ ਸਿੱਧੂ ਤੇ ਕਪਿਲ ਸ਼ਰਮਾ

ਨਵੇਂ ਸੀਜ਼ਨ ਦਾ ਪਹਿਲਾ ਸ਼ੋਅ 21 ਜੂਨ ਤੋਂ ਹੋ ਰਿਹਾ ਹੈ ਸ਼ੁਰੂ ਅੰਮਿ੍ਰਤਸਰ/ਬਿਊਰੋ ਨਿਊਜ਼ : …