ਕਿਹਾ : ਦੇਸ਼ ਨੂੰ 30-31 ਰਾਜਪਾਲ ਅਤੇ ਪ੍ਰਧਾਨ ਮੰਤਰੀ ਮੋਦੀ ਚਲਾ ਰਹੇ ਹਨ
ਚੰਡੀਗੜ੍ਹ/ਬਿਊਰੋ ਨਿਊਜ਼ : ਦਿੱਲੀ ’ਚ ਆਈਏਐਸ ਅਧਿਕਾਰੀਆਂ ਦੀ ਕਮਾਨ ਰਾਜਪਾਲ ਨੂੰ ਸੌਂਪਣ ਦੇ ਆਰਡੀਨੈਂਸ ਤੋਂ ਬਾਅਦ ਆਮ ਆਦਮੀ ਪਾਰਟੀ ’ਚ ਹੜਕੰਪ ਮਚ ਗਿਆ ਹੈ। ਸਵੇਰ ਤੋਂ ਸ਼ੋਸ਼ਲ ਮੀਡੀਆ ’ਤੇ ਇਕ-ਦੂਜੇ ਆਰੋਪ ਲਗਾਉਣ ਦਾ ਦੌਰ ਚੱਲ ਰਿਹਾ ਹੈ। ਇਸੇ ਦਰਮਿਆਨ ਦਿੱਲੀ ’ਚ ਐਲਜੀ ਨੂੰ ਮੁੜ ਤਾਕਤਵਰ ਬਣਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਭੜਕ ਉਠੇ ਅਤੇ ਉਨ੍ਹਾਂ ਵੱਲੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਹਨ। ਉਨ੍ਹਾਂ ਆਪਣੇ ਪਹਿਲੇ ਟਵੀਟ ’ਚ ਲਿਖਿਆ ਕਿ ਜੇਕਰ ਭਾਰਤੀ ਸੰਵਿਧਾਨ ’ਚ ਲੋਕਤੰਤਰ ਦੇ ਕਾਤਲਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਹੁੰਦਾ ਤਾਂ ਪੂਰੀ ਭਾਰਤੀ ਜਨਤਾ ਪਾਰਟੀ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਅਤੇ ਫਿਰ ਉਨ੍ਹਾਂ ਨੇ ਪੰਜਾਬੀ ’ਚ ਇਕ ਟਵੀਟ ਕੀਤਾ ਜਿਸ ’ਚ ਉਨ੍ਹਾਂ ਲਿਖਿਆ ਕਿ ਪੂਰੇ ਦੇਸ਼ ਨੂੰ 30-31 ਰਾਜਪਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਲਾ ਰਹੇ, ਫਿਰ ਵੋਟਾਂ ਪਵਾਉਣ ਲਈ ਖਰਚੇ ਜਾਂਦੇ ਅਰਬਾਂ ਰੁਪਇਆਂ ਦਾ ਕੀ ਫਾਇਦਾ। ਧਿਆਨ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਵੀ 36 ਦਾ ਅੰਕੜਾ ਚੱਲ ਰਿਹਾ ਹੈ ਅਤੇ ਦੋਵਾਂ ਦਰਮਿਆਨ ਅਕਸਰ ਖਿੱਚੋਤਾਣ ਦੇਖੀ ਜਾਂਦੀ ਹੈ।