ਅਮਰੀਕੀ ਵੀਜ਼ਾ ਨਿਯਮਾਂ ‘ਚ ਬਦਲਾਅ, ਦਰੁਸਤ ਕਰ ਲਓ ਆਪਣੇ ਅਕਾਊਂਟ
ਵਾਸ਼ਿੰਗਟਨ : ਜੇਕਰ ਤੁਸੀਂ ਅਮਰੀਕਾ ਜਾਣ ਦੀ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਦਰੁਸਤ ਕਰ ਲਓ, ਕਿਉਂਕਿ ਅਮਰੀਕਾ ਨੇ ਆਪਣੇ ਵੀਜ਼ਾ ਨਿਯਮਾਂ ‘ਚ ਬਦਲਾਅ ਕੀਤਾ ਹੈ। ਅਮਰੀਕਾ ‘ਚ ਵਿਦੇਸ਼ੀ ਨਾਗਰਿਕਾਂ ਦੀ ਬਰੀਕੀ ਨਾਲ ਜਾਂਚ ਕਰਨ ਲਈ ਅਪਣਾਈ ਗਈ ਨੀਤੀ ਤਹਿਤ ਇੱਥੇ ਦਾਖ਼ਲ ਹੋਣ ਲਈ ਲਗਪਗ ਸਾਰੇ ਵੀਜ਼ਾ ਬਿਨੈਕਾਰਾਂ ਨੂੰ ਸੋਸ਼ਲ ਮੀਡੀਆ ਦੇ ਇਸਤੇਮਾਲ ਬਾਰੇ ਜਾਣਕਾਰੀ ਦੇਣੀ ਪਵੇਗੀ। ਵਿਦੇਸ਼ ਵਿਭਾਗ ਨੇ ਸ਼ਨਿਚਰਵਾਰ ਨੂੰ ਇਕ ਨਵੀਂ ਨੀਤੀ ਅਪਣਾਈ ਹੈ ਜਿਸ ਤਹਿਤ ਆਰਜ਼ੀ ਵਿਜ਼ਿਟਰਾਂ ਸਮੇਤ ਸਾਰੇ ਵੀਜ਼ਾ ਬਿਨੈਕਾਰਾਂ ਨੂੰ ਹੋਰ ਜਾਣਕਾਰੀ ਦੇ ਨਾਲ-ਨਾਲ ਇਕ ਡ੍ਰਾਪ ਡਾਊਨ ਮੈਨਿਊ ‘ਚ ਆਪਣੇ ਸੋਸ਼ਲ ਮੀਡੀਆ ਪਛਾਣਕਰਤਾਵਾਂ ਨੂੰ ਸੂਚੀਬੱਧ ਕਰਨ ਦੀ ਲੋੜ ਹੋਵੇਗੀ। ਸੋਸ਼ਲ ਮੀਡੀਆ ਦਾ ਇਸਤੇਮਾਲ ਨਾ ਕਰਨ ਵਾਲੇ ਬਿਨੈਕਾਰਾਂ ਕੋਲ ਇਸ ‘ਚ ਇਕ ਹੋਰ ਬਦਲ ਮੌਜੂਦ ਹੋਵੇਗਾ ਤਾਂਕਿ ਉਹ ਇਹ ਦੱਸ ਸਕਣ ਕਿ ਉਹ ਇਨ੍ਹਾਂ ਦੀ ਵਰਤੋਂ ਨਹੀਂ ਕਰਦੇ ਹਨ। ਹੁਣ ਤਕ ਇਸ ਡ੍ਰਾਪ ਡਾਊਨ ਮੈਨਿਊ ‘ਚ ਸਿਰਫ਼ ਵੱਡੇ ਸੋਸ਼ਲ ਮੀਡੀਆ ਵੈੱਬਸਾਈਟਾਂ ਦੀ ਜਾਣਕਾਰੀ ਸੀ, ਪਰ ਹੁਣ ਇਸ ‘ਚ ਬਿਨੈਕਾਰ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਾਰੀਆਂ ਸਾਈਟਾਂ ਦੀ ਜਾਣਕਾਰੀ ਦੇਣ ਦੀ ਸਹੂਲਤ ਉਪਲਬਧ ਹੋਵੇਗੀ। ਇਕ ਅਧਿਕਾਰੀ ਨੇ ਦੱਸਿਆ, ‘ਇਹ ਅਮਰੀਕਾ ‘ਚ ਦਾਖ਼ਲੇ ਲਈ ਬਿਨੈ ਕਰਨ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਦੀ ਬਰੀਕੀ ਨਾਲ ਜਾਂਚ ਕਰਨ ਲਈ ਇਕ ਅਹਿਮ ਕਦਮ ਹੈ।’ ਅਧਿਕਾਰੀ ਨੇ ਦੱਸਿਆ, ‘ਹਾਲੀਆ ਦੇ ਸਾਲਾਂ ‘ਚ ਜਿਵੇਂ ਕਿ ਅਸੀਂ ਦੁਨੀਆ ਭਰ ‘ਚ ਵੇਖਿਆ ਹੈ ਕਿ ਅੱਤਵਾਦੀ ਭਾਵਨਾਵਾਂ ਤੇ ਸਰਗਰਮੀਆਂ ਲਈ ਸੋਸ਼ਲ ਮੀਡੀਆ ਇਕ ਵੱਡਾ ਮੰਚ ਹੋ ਸਕਦਾ ਹੈ। ਇਹ ਅੱਤਵਾਦੀਆਂ, ਜਨ ਸੁਰੱਖਿਆ ਦੇ ਖ਼ਤਰੇ ਤੇ ਹੋਰ ਖ਼ਤਰਨਾਕ ਸਰਗਰਮੀਆਂ ਦੀ ਪਛਾਣ ਕਰਨ ਦਾ ਇਕ ਉਪਕਰਨ ਸਾਬਤ ਹੋਵੇਗਾ। ਇਸ ਨਾਲ ਅਜਿਹੇ ਲੋਕਾਂ ਨੂੰ ਨਾ ਤਾਂ ਇਮੀਗ੍ਰੇਸ਼ਨ ਲਾਭ ਮਿਲੇਗਾ ਤੇ ਨਾ ਹੀ ਅਮਰੀਕੀ ਧਰਤੀ ‘ਤੇ ਪੈਰ ਜਮਾਉਣ ਦੀ ਸਹੂਲਤ ਹੋਵੇਗੀ।’ ਅਧਿਕਾਰੀ ਮੁਤਾਬਕ ਜੋ ਕੋਈ ਆਪਣੇ ਸੋਸ਼ਲ ਮੀਡੀਆ ਨੂੰ ਲੈ ਕੇ ਗ਼ਲਤ ਜਾਣਕਾਰੀ ਦੇਵੇਗਾ ਉਸ ਨੂੰ ਗੰਭੀਰ ਇਮੀਗ੍ਰੇਸ਼ਨ ਦੇ ਨਤੀਜੇ ਭੁਗਤਣੇ ਪੈਣਗੇ।
ਮੰਗੀਆਂ ਜਾ ਸਕਦੀਆਂ ਨੇ ਹੋਰ ਵੀ ਜਾਣਕਾਰੀਆਂ
ਅਮਰੀਕੀ ਵੀਜ਼ਾ ਬਿਨੈਕਾਰ ਨੂੰ ਆਪਣੇ ਪੰਜ ਸਾਲ ਦੇ ਸੋਸ਼ਲ ਮੀਡੀਆ ਦੇ ਰਿਕਾਰਡ ਤੋਂ ਇਲਾਵਾ ਆਪਣੇ ਪੁਰਾਣੇ ਪਾਸਪੋਰਟ ਦਾ ਵੇਰਵਾ ਤੇ ਨੰਬਰ, ਪੰਜ ਸਾਲ ਦੌਰਾਨ ਇਸਤੇਮਾਲ ਕੀਤੇ ਗਏ ਈਮੇਲ ਐਡ੍ਰੈੱਸ ਤੇ ਫੋਨ ਨੰਬਰ ਅਤੇ 15 ਸਾਲ ਦੀ ਬਾਇਓਲਾਜਿਕਲ ਜਾਣਕਾਰੀ ਜਿਵੇਂ ਕਿੱਥੇ ਕਿੱਥੇ ਰਹੇ, ਕਿੱਥੇ ਪੜ੍ਹਾਈ ਜਾਂ ਨੌਕਰੀ ਕੀਤੀ ਤੇ ਕਿਨ੍ਹਾਂ ਥਾਵਾਂ ਦੀ ਯਾਤਰਾ ਕੀਤੀ- ਜਿਹੀਆਂ ਜਾਣਕਾਰੀਆਂ ਵੀ ਦੇਣੀਆਂ ਪੈ ਸਕਦੀਆਂ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …