ਟਰੰਪ ਨੇ ਬਿਡੇਨ ਨੂੰ ਦੱਸਿਆ ਨਿਰਾਸ਼ਾਵਾਦੀ ਉਮੀਦਵਾਰ
ਬਿਡੇਨ ਬੋਲੇ – ਟਰੰਪ ਨੂੰ ਦੋਸਤ ਮੁਲਕਾਂ ਲਈ ‘ਗੰਦਾ’ ਸ਼ਬਦ ਨਹੀਂ ਵਰਤਣਾ ਚਾਹੀਦਾ
ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੇ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਡੋਨਾਲਡ ਅਤੇ ਜੋ ਬਿਡੇਨ ਇਕ ਦੂਜੇ ‘ਤੇ ਸਿਆਸੀ ਦੂਸ਼ਣਬਾਜ਼ੀ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕਰੋਨਾ ਮਹਾਮਾਰੀ ਜਲਦੀ ਹੀ ਖ਼ਤਮ ਹੋਵੇਗੀ।
ਉਨ੍ਹਾਂ ਆਪਣੇ ਵਿਰੋਧੀ ਜੋ ਬਿਡੇਨ ‘ਤੇ ਇਲਜ਼ਾਮ ਲਗਾਇਆ ਕਿ ਉਹ ਮਹਾਮਾਰੀ ਨੂੰ ਲੈ ਕੇ ਜਨਤਾ ਵਿਚ ਦਹਿਸ਼ਤ ਫੈਲਾ ਰਹੇ ਹਨ ਅਤੇ ਅਸੀਂ ਕਰੋਨਾ ‘ਤੇ ਪ੍ਰਭਾਵੀ ਕੰਟਰੋਲ ਕਰਦੇ ਹੋਏ ਅੱਗੇ ਵੱਧ ਰਹੇ ਹਾਂ। ਟਰੰਪ ਨੇ ਵਿਰੋਧੀ ਉਮੀਦਵਾਰ ਬਿਡੇਨ ਨੂੰ ਨਿਰਾਸ਼ਾਵਾਦੀ ਉਮੀਦਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਕੰਮਾਂ ਨੂੰ ਦੇਖ ਲਿਆ ਹੈ। ਹੁਣ ਤੁਹਾਨੂੰ ਤੈਅ ਕਰਨਾ ਹੈ ਕਿ ਤੁਸੀਂ ਆਸ਼ਾਵਾਦੀ, ਦੇਸ਼ਭਗਤੀ ਨਾਲ ਅਮਰੀਕਾ ਦੀ ਸਫਲਤਾ ਚਾਹੁਣ ਵਾਲਿਆਂ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਜਾਂ ਫਿਰ ਬਿਡੇਨ ਵਰਗੇ ਉਦਾਸ ਅਤੇ ਨਿਰਾਸ਼ਾਵਾਦੀ ਲੋਕਾਂ ਨੂੰ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ। ਇਸੇ ਦੌਰਾਨ ਭਾਰਤ ਦੇ ਹਵਾ ਪ੍ਰਦੂਸ਼ਣ ‘ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟਿੱਪਣੀ ਦੀ ਆਲੋਚਨਾ ਕਰਦਿਆਂ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋ ਬਿਡੇਨ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਦੀ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਦੀ ਬਹੁਤ ਇੱਜ਼ਤ ਕਰਦੇ ਹਨ। ਬਿਡੇਨ ਨੇ ਇੱਕ ਟਵੀਟ ਵਿਚ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ ‘ਗੰਦਾ’ ਦੇਸ਼ ਦੱਸਿਆ ਹੈ।
ਆਪਣੇ ਦੋਸਤਾਂ ਬਾਰੇ ਇਸ ਤਰ੍ਹਾਂ ਗੱਲ ਨਹੀਂ ਕੀਤੀ ਜਾਂਦੀ ਅਤੇ ਇਸ ਤਰ੍ਹਾਂ ਵਾਤਾਵਰਨ ਤਬਦੀਲੀ ਵਰਗੀਆਂ ਆਲਮੀ ਚੁਣੌਤੀਆਂ ਦਾ ਸਾਹਮਣਾ ਵੀ ਨਹੀਂ ਕੀਤਾ ਜਾਂਦਾ। ਟਰੰਪ ਨੇ ਪਿਛਲੇ ਦਿਨੀਂ ਰਾਸ਼ਟਰਪਤੀ ਚੋਣਾਂ ਦੀ ਬਹਿਸ ਦੌਰਾਨ ਚੀਨ, ਭਾਰਤ ਤੇ ਰੂਸ ਬਾਰੇ ਕਿਹਾ ਸੀ ਕਿ ਇਹ ਦੇਸ਼ ਆਪਣੀਆਂ ‘ਗੰਦੀਆਂ’ ਹਵਾਵਾਂ ਵੱਲ ਧਿਆਨ ਨਹੀਂ ਦੇ ਰਹੇ ਹਨ।
ਬਿਡੇਨ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਅਮਰੀਕਾ ਤੇ ਭਾਰਤ ਅੱਤਵਾਦ ਖ਼ਿਲਾਫ਼ ਅਤੇ ਅਮਨ ਤੇ ਸ਼ਾਂਤੀ ਨੂੰ ਉਤਸ਼ਾਹ ਦੇਣ ਲਈ ਇਕੱਠਿਆਂ ਕੰਮ ਕਰਨਗੇ।
ਅਮੀਰ ਦੋਸਤਾਂ ਦੀ ਮੱਦਦ ਕਰ ਰਹੇ ਹਨ ਟਰੰਪ : ਓਬਾਮਾ
ਵਾਸ਼ਿੰਗਟਨ : ਅਮਰੀਕੀ ਚੋਣਾਂ ਵਿਚ ਤੇਜ਼ੀ ਆਉਣ ਨਾਲ ਹੀ ਇਕ ਦੂਜੇ ‘ਤੇ ਦੋਸ਼ ਲਗਾਉਣ ਦਾ ਦੌਰ ਸਿਖਰ ‘ਤੇ ਪਹੁੰਚ ਗਿਆ ਹੈ। ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ਨੂੰ ਚੋਣ ਪ੍ਰਚਾਰ ਵਿਚ ਸਿੱਧਾ ਨਿਸ਼ਾਨਾ ਬਣਾਇਆ। ਉਨ੍ਹਾਂ ਫਲੋਰੀਡਾ ਦੀ ਇਕ ਰੈਲੀ ਵਿਚ ਕਿਹਾ ਕਿ ਟਰੰਪ ਆਪਣੇ ਨਿਜੀ ਸਵਾਰਥ ਤੇ ਅਮੀਰ ਦੋਸਤਾਂ ਦੀ ਮਦਦ ਲਈ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕੋਲ ਕਰੋਨਾ ਮਹਾਮਾਰੀ ਨਾਲ ਲੜਨ ਲਈ ਕੋਈ ਯੋਜਨਾ ਨਹੀਂ ਹੈ। ਓਬਾਮਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਟਰੰਪ ਨੂੰ ਹੁਣ ਦੂਜਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਉਹ ਆਮ ਆਦਮੀ ਲਈ ਨਹੀਂ ਬਲਕਿ ਆਪਣੇ ਸੁਆਰਥਾਂ ਲਈ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …