ਸਰਕਾਰ ਵੱਲੋਂ ਸਟੇਟ ਹੈਰੀਟੇਜ ਰਜਿਸਟਰ ‘ਚ ਸ਼ਾਮਲ ਕਰਨ ਬਾਅਦ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ
ਬ੍ਰਿਸਬਨ : ਆਸਟਰੇਲੀਆ ਦੇ ਸੂਬਾ ਨਿਊ ਸਾਊਥ ਵੇਲਜ਼ ਸਰਕਾਰ ਵਿੱਚ ਵਿਰਾਸਤੀ ਮੰਤਰੀ ਡਾਨ ਹਰਵਿਨ ਨੇ ਕਿਹਾ ਕਿ 1968 ਵਿਚ ਸਥਾਪਤ ਹੋਇਆ ਆਸਟਰੇਲੀਆ ਦਾ ਪਹਿਲਾ ਸਿੱਖ ਗੁਰਦੁਆਰਾ (ਵੂਲਗੂਲਗਾ) ਦੇਸ਼ ਅਤੇ ਸਮੁੱਚੇ ਭਾਈਚਾਰੇ ਲਈ ਸਮਾਜਿਕ ਅਤੇ ਧਾਰਮਿਕ ਅਹਿਮੀਅਤ ਰੱਖਦਾ ਹੈ, ਜਿਸ ਨੂੰ ਆਸਟਰੇਲੀਆ ਦੀ ਵਿਰਾਸਤ ਸੂਚੀ (ਸਟੇਟ ਹੈਰੀਟੇਜ ਰਜਿਸਟਰ) ਵਿੱਚ ਸ਼ਾਮਲ ਕਰਦਿਆਂ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ।
ਗੁਰਦੁਆਰਾ ਸਾਹਿਬ ਦੇ ਇੱਕ ਅਹੁਦੇਦਾਰ ਅਮਨਦੀਪ ਸਿੰਘ ਸਿੱਧੂ ਨੇ ਇਸ ਨੂੰ ਆਸਟਰੇਲੀਆ ਅਤੇ ਨਿਊ ਸਾਊਥ ਵੇਲਜ਼ ਵਿੱਚ ਵੱਸਦੇ ਸਿੱਖ ਭਾਈਚਾਰੇ ਲਈ ਇਕ ਸ਼ਾਨਦਾਰ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਅਨੁਸਾਰ ਇਸ ਬਾਬਤ ਅਰਜ਼ੀ ਸਾਲ 2013 ਤੋਂ ਹੀ ਦਿੱਤੀ ਗਈ ਸੀ ਅਤੇ ਸਰਕਾਰ ਵੱਲੋਂ ਇਸ ਦੀ ਇਤਿਹਾਸਕ ਮਹੱਤਤਾ, ਭਾਈਚਾਰੇ ਦੀ ਭਰੋਸੇਯੋਗਤਾ, ਇਸ ਸਾਰੇ ਖੇਤਰ ਅਤੇ ਇਮਾਰਤ ਦਾ ਜਾਇਜ਼ਾ ਲੈਣ ਦੀ ਲੰਮੀ ਪ੍ਰਕਿਰਿਆ ਮਗਰੋਂ ਹੀ ਅਜਿਹਾ ਸੰਭਵ ਹੋਇਆ ਹੈ। ਸਿੱਧੂ ਅਨੁਸਾਰ ਵੂਲਗੂਲਗਾ ਖੇਤਰ ਵਿੱਚ ਪੰਜਾਬੀ ਭਾਈਚਾਰਾ ਪੰਜਾਬ ਤੋਂ 1940-50ਵਿਆਂ ਦੌਰਾਨ ਇੱਥੇ ਵੱਸਣਾ ਸ਼ੁਰੂ ਹੋਇਆ ਸੀ ਅਤੇ ਉਨ੍ਹਾਂ ਆਪਣੀਆਂ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਲੋੜਾਂ ਹਿੱਤ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਇਸ ਪਹਿਲੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਸੀ। ਕਾਫਸ ਹਾਰਬਰ ਤੋਂ ਆਸਟਰੇਲੀਆ ਦੇ ਪਹਿਲੇ ਸਿੱਖ ਸੰਸਦ ਮੈਂਬਰ ਗੁਰਮੇਸ਼ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਵਿਰਾਸਤੀ ਲੜੀ ਵਿੱਚ ਸ਼ਾਮਲ ਹੋਣਾ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਕਾਰਜਕਾਰੀ ਮੰਤਰੀ ਜੈਫ਼ ਲੀ ਨੇ ਆਖਿਆ ਕਿ ਸਰਕਾਰ ਦਾ ਇਹ ਫ਼ੈਸਲਾ ਸਿੱਖ ਭਾਈਚਾਰੇ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ।
Check Also
ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ
ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …