Breaking News
Home / ਦੁਨੀਆ / ਪਹਿਲੀ ਸੰਸਾਰ ਜੰਗ ਦੇ ਭਾਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਪਹਿਲੀ ਸੰਸਾਰ ਜੰਗ ਦੇ ਭਾਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਇੰਗਲੈਂਡ ਦੇ ਮਿਡਲੈਂਡ ‘ਚ ਬਣਾਏ 10 ਫੁੱਟ ਉਚੇ ਕਾਂਸੇ ਦੇ ਬੁੱਤ ‘ਲਾਇਨਜ਼ ਆਫ ਦ ਗਰੇਟ ਵਾਰ’ ਤੋਂ ਹਟਾਇਆ ਪਰਦਾ
ਲੰਡਨ/ਬਿਊਰੋ ਨਿਊਜ਼ : ਪਹਿਲੀ ਸੰਸਾਰ ਜੰਗ ਵਿਚ ਸ਼ਹੀਦ ਹੋਣ ਵਾਲੇ ਭਾਰਤੀ ਜਵਾਨਾਂ ਦੇ ਸਨਮਾਨ ਵਿਚ ਇੰਗਲੈਂਡ ਦੇ ਮਿਡਲੈਂਡ ਖੇਤਰ ਵਿਚ ਸਥਿਤ ਸਮੈਥਵਿਕ ਕਸਬੇ ‘ਚ ਐਤਵਾਰ ਨੂੰ ਇਕ ਬੁੱਤ ਦੀ ਘੁੰਢ ਚੁਕਾਈ ਕੀਤੀ ਗਈ।
ਸਮੈਥਵਿਕ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ‘ਲਾਇਨਜ਼ ਆਫ ਦ ਗਰੇਟ ਵਾਰ’ ਨਾਮਕ ਇਸ ਬੁੱਤ ਨੂੰ ਲਗਾਉਣ ਲਈ ਵੱਡਾ ਉਪਰਾਲਾ ਕੀਤਾ ਹੈ। ਇਸ ਬੁੱਤ ਰਾਹੀਂ ਪਹਿਲੀ ਸੰਸਾਰ ਜੰਗ ਵਿਚ ਬ੍ਰਿਟਿਸ਼ ਫ਼ੌਜ ਲਈ ਲੜਨ ਵਾਲੇ ਏਸ਼ੀਆਈ ਦੇਸ਼ਾਂ ਦੇ ਜਵਾਨਾਂ ਦੀ ਬਹਾਦਰੀ ਦੇ ਸਨਮਾਨ ਵਜੋਂ ਇਕ ਦਸਤਾਰਧਾਰੀ ਜਵਾਨ ਨੂੰ ਦਰਸਾਇਆ ਗਿਆ ਹੈ।
ਸਮੈਥਵਿਕ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਬੁੱਤ ਉਨ੍ਹਾਂ ਬਹਾਦਰ ਜਵਾਨਾਂ ਦੇ ਸਨਮਾਨ ਵਜੋਂ ਸਮੈਥਵਿਕ ਹਾਈ ਸਟ੍ਰੀਟ ਵਿਚ ਲਗਾਇਆ ਗਿਆ ਹੈ ਜੋ ਆਪਣੇ ਦੇਸ਼ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਜਾ ਕੇ ਬ੍ਰਿਟਿਸ਼ ਫ਼ੌਜ ਲਈ ਜੰਗ ਲੜੇ।
ਨਵੰਬਰ 1918 ਨੂੰ ਲੜੀ ਗਈ ਪਹਿਲੀ ਸੰਸਾਰ ਜੰਗ ਦੇ ਸ਼ਤਾਬਦੀ ਸਮਾਗਮ ਮਨਾਉਣ ਲਈ 10 ਫੁੱਟ ਉੱਚਾ ਕਾਂਸੇ ਦਾ ਇਹ ਬੁੱਤ ਸਮੈਥਵਿਕ ਵਿਚ ਲਗਾਇਆ ਗਿਆ ਹੈ। ਇਹ ਬੁੱਤ ਸਮੈਥਵਿਕ ਦੀ ਹਾਈ ਸਟ੍ਰੀਟ ਅਤੇ ਟੋਲਹਾਊਸ ਵੇ ਵਿਚਕਾਰ ਲਗਾਇਆ ਗਿਆ ਹੈ। ਇਸ ਬੁੱਤ ਨੂੰ ਤਿਆਰ ਕਰਨ ਵਿਚ ਗੁਰੂ ਨਾਨਕ ਗੁਰਦੁਆਰਾ ਸਾਹਿਬ ਨੇ 20 ਹਜ਼ਾਰ ਪੌਂਡ ਅਤੇ ਸੈਂਡਵੈੱਲ ਕੌਂਸਲ ਨੇ ਬੁੱਤ ਲਗਾਉਣ ਲਈ ਥਾਂ ਦਾ ਪ੍ਰਬੰਧ ਕੀਤਾ ਹੈ।
ਸੈਂਡਵੈੱਲ ਕੌਂਸਲ ਦੇ ਆਗੂ ਅਤੇ ਕੌਂਸਲਰ ਸਟੀਵ ਈਲਿੰਗ ਨੇ ਕਿਹਾ ਕਿ ਇਹ ਬੁੱਤ ਉਨ੍ਹਾਂ ਲੋਕਾਂ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਸਾਡੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ। ਇਸ ਬੁੱਤ ਦਾ ਡਿਜ਼ਾਈਨ ਸਥਾਨਕ ਮਿਡਲੈਂਡ ਦੇ ਕਲਾਕਾਰ ਲਿਊਕ ਪੈਰੀ ਨੇ ਤਿਆਰ ਕੀਤਾ ਹੈ ਅਤੇ ਇਸ ‘ਤੇ ਬ੍ਰਿਟਿਸ਼ ਫ਼ੌਜ ਦੀ ਸਬੰਧਤ ਰੈਜੀਮੈਂਟ ਦਾ ਨਾਂ ਵੀ ਉਕਰਿਆ ਹੋਇਆ ਹੈ। ਪੈਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਹਿਲੀ ਸੰਸਾਰ ਜੰਗ ਦੌਰਾਨ 15 ਲੱਖ ਭਾਰਤੀ ਜਵਾਨਾਂ ਨੇ ਹਿੱਸਾ ਲਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਨ੍ਹਾਂ ਲੋਕਾਂ ਨੂੰ ਹੁਣ ਤਕ ਅਣਗੌਲਿਆਂ ਕਿਉਂ ਕੀਤਾ ਗਿਆ। ਇਸ ਹਫ਼ਤੇ ਦੇ ਸ਼ੁਰੂ ਵਿਚ ਹਾਊਸ ਆਫ ਕਾਮਨਜ਼ ‘ਚ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਵੀ ਪਹਿਲੀ ਸੰਸਾਰ ਜੰਗ ਵਿਚ ਬ੍ਰਿਟਿਸ਼ ਫ਼ੌਜ ਵੱਲੋਂ ਲੜ ਕੇ ਸ਼ਹੀਦ ਹੋਣ ਵਾਲੇ ਭਾਰਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ। ਪਹਿਲੀ ਸੰਸਾਰ ਜੰਗ ਵਿਚ ਅਣਵੰਡੇ ਭਾਰਤ ਦੇ 74 ਹਜ਼ਾਰ ਫ਼ੌਜੀ ਸ਼ਹੀਦ ਹੋਏ ਸਨ। ਉਨ੍ਹਾਂ ਵਿਚੋਂ ਬਹਾਦਰੀ ਵਿਖਾਉਣ ਬਦਲੇ 11 ਜਵਾਨਾਂ ਨੂੰ ਵਿਕਟੋਰੀਆ ਯਾਸ ਦੇ ਸਨਮਾਨ ਨਾਲ ਨਿਵਾਜਿਆ ਗਿਆ ਸੀ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ

ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …