Breaking News
Home / ਪੰਜਾਬ / ਮੰਡੀਆਂ ਨੂੰ ਪੂੰਜੀਪਤੀਆਂ ਹਵਾਲੇ ਕਰ ਰਹੀ ਹੈ ਸਰਕਾਰ : ਸੁਖਬੀਰ ਬਾਦਲ

ਮੰਡੀਆਂ ਨੂੰ ਪੂੰਜੀਪਤੀਆਂ ਹਵਾਲੇ ਕਰ ਰਹੀ ਹੈ ਸਰਕਾਰ : ਸੁਖਬੀਰ ਬਾਦਲ

ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਦੀ ਕੀਤੀ ਅਪੀਲ
ਸੰਗਰੂਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਆਰੋਪ ਲਾਇਆ ਕਿ ‘ਆਪ’ ਸਰਕਾਰ ਹੁਣ ਪੰਜਾਬ ਦੀਆਂ ਅਨਾਜ ਮੰਡੀਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ ਜੋ ਕਿ ਪੰਜਾਬ ਦੇ ਕਿਸਾਨਾਂ ਅਤੇ ਸਮੂਹ ਪੰਜਾਬੀਆਂ ਨਾਲ ਧੋਖਾ ਹੈ। ਬਾਦਲ ਸੰਗਰੂਰ ਵਿਖੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਰਿਹਾਇਸ਼ ‘ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਪ੍ਰਕਾਸ਼ ਸਿੰਘ ਬਾਦਲ ਨੇ ਆਰੋਪ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਣਬੁੱਝ ਕੇ ਸੂਬੇ ਵਿਚ ਸਰਕਾਰੀ ਖਰੀਦ ਮੰਡੀਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਵਿਚ ਚੱਲ ਰਹੇ ਇਸ ਸਿਸਟਮ ਨੂੰ ਰੋਕਣ ਵਾਸਤੇ ਇਕਜੁੱਟ ਹੋਣਾ ਪਵੇਗਾ ਕਿਉਂਕਿ ਇਸ ਨਾਲ ਤਿੰਨ ਖੇਤੀ ਕਾਨੂੰਨ ਵੇਲੇ ਹੋਈਆਂ ਸ਼ਹਾਦਤਾਂ ਦਾ ਮੁੱਲ ਖ਼ਤਮ ਹੋ ਜਾਵੇਗਾ ਤੇ ਸੂਬੇ ਵਿਚ ਅਨਾਜ ਖਰੀਦ ਮੰਡੀਆਂ ਦਾ ਨਿੱਜੀਕਰਨ ਸ਼ੁਰੂ ਹੋਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਕਿਸਾਨਾਂ ਨੂੰ 22 ਫਸਲਾਂ ‘ਤੇ ਐੱਮਐੱਸਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਵਾਅਦੇ ਤੋਂ ਉਹ ਹੁਣ ਮੁੱਕਰ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਅਨਾਜ ਮੰਡੀਆਂ ਅਤੇ ਖਰੀਦ ਸਿਸਟਮ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਬਾਦਲ ਨੇ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਦਾ ਪੰਜਾਬ ਨਾਲ ਕੋਈ ਲਗਾਅ ਨਹੀਂ ਹੈ, ਜੋ ਕੁਝ ਦਿੱਲੀ ਦੇ ਹੁਕਮਰਾਨ ਆਖ਼ਦੇ ਹਨ, ਇਹ ਉਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਪੰਜਾਬ ਦਾ ਮੁੱਖ ਮੰਤਰੀ ਅਤੇ ਕਾਂਗਰਸੀ ਇੱਕੋ ਸਟੇਜ ‘ਤੇ ਬੈਠੇ ਹਨ ਅਤੇ ਇਹ ਦੋਵੇਂ ਪਾਰਟੀਆਂ ਇਕੱਠੀਆਂ ਹਨ। ਬਾਦਲ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਲੋੜ ਹੈ। ਇਸ ਮੌਕੇ ਪਾਰਟੀ ਆਗੂ ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਲਦੇਵ ਸਿੰਘ ਮਾਨ, ਵਿਨਰਜੀਤ ਸਿੰਘ, ਪ੍ਰਕਾਸ਼ ਚੰਦ ਗਰਗ, ਗਗਨਜੀਤ ਸਿੰਘ ਬਰਨਾਲਾ, ਤੇਜਿੰਦਰ ਸਿੰਘ ਸੰਘਰੇੜੀ, ਰਾਜਿੰਦਰ ਦੀਪਾ, ਤੇਜਾ ਸਿੰਘ ਕਮਾਲਪੁਰ ਆਦਿ ਮੌਜੂਦ ਸਨ।

Check Also

ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਹੁਣ ਫਿਨਲੈਂਡ ਤੋਂ ਲੈਣਗੇ ਟ੍ਰੇਨਿੰਗ

ਦਿੱਲੀ ’ਚ ਐਮਓਯੂ ਕੀਤਾ ਗਿਆ ਸਾਈਨ, ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮਨੀਸ਼ ਸਿਸੋਦੀਆ ਰਹੇ ਮੌਜੂਦ …