ਲਹਿੰਦੇ ਪੰਜਾਬ ਦੀ ਸਰਕਾਰ ਨੇ ਹਾਈਕੋਰਟ ’ਚ ਦਿੱਤੀ ਜਾਣਕਾਰੀ
ਰਾਵਲਪਿੰਡੀ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਲਈ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿਚ 7 ਸੈਲ ਅਲਾਟ ਕੀਤੇ ਗਏ ਹਨ। ਜੇਲ੍ਹ ਵਿਚ ਆਮ ਤੌਰ ’ਤੇ 10 ਕੈਦੀਆਂ ਦੀ ਸੁਰੱਖਿਆ ਵਿਚ 1 ਕਰਮਚਾਰੀ ਤੈਨਾਤ ਕੀਤਾ ਜਾਂਦਾ ਹੈ। ਪਰ ਇਕੱਲੇ ਇਮਰਾਨ ਖਾਨ ਦੀ ਸੁਰੱਖਿਆ ਲਈ ਅਦਿਆਲਾ ਜੇਲ੍ਹ ਵਿਚ 14 ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਹਨ। ਏਨਾ ਹੀ ਨਹੀਂ, ਇਮਰਾਨ ਖਾਨ ਦੇ ਲਈ ਜੇਲ੍ਹ ਵਿਚ ਵੱਖਰੇ ਤੌਰ ’ਤੇ ਖਾਣਾ ਬਣਾਇਆ ਜਾਂਦਾ ਹੈ ਅਤੇ ਇਹ ਬਾਕੀ ਕੈਦੀਆਂ ਨੂੰ ਨਹੀਂ ਦਿੱਤਾ ਜਾਂਦਾ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਸੂਬਾ ਪੰਜਾਬ ਯਾਨੀ ਲਹਿੰਦੇ ਪੰਜਾਬ ਦੀ ਸਰਕਾਰ ਨੇ ਲਾਹੌਰ ਹਾਈਕੋਰਟ ਵਿਚ ਸੁਣਵਾਈ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਦੱਸਿਆ ਗਿਆ ਕਿ ਇਮਰਾਨ ਖਾਨ ਦੀ ਸੁਰੱਖਿਆ ਦੇ ਲਈ ਹਰ ਮਹੀਨੇ ਕਰੀਬ 12 ਲੱਖ ਪਾਕਿਸਤਾਨੀ ਰੁਪਏ ਦਾ ਖਰਚ ਹੁੰਦਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਭਿ੍ਰਸ਼ਟਾਚਾਰ ਦੇ ਮਾਮਲਿਆਂ ਵਿਚ ਜੇਲ੍ਹ ਵਿਚ ਬੰਦ ਹਨ।