-1.3 C
Toronto
Sunday, November 9, 2025
spot_img
Homeਪੰਜਾਬਬੱਚਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਸਭਿਅਕ ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ

ਬੱਚਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਸਭਿਅਕ ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ

ਭਾਰਤ ‘ਚੋਂ ਰੋਜ਼ਾਨਾ 149 ਬੱਚੇ ਹੋ ਰਹੇ ਹਨ ਅਗਵਾ
ਪਟਿਆਲਾ/ਬਿਊਰੋ ਨਿਊਜ਼ : ਹਰ ਦੇਸ਼ ਦਾ ਭਵਿੱਖ ਉੱਥੇ ਰਹਿਣ ਵਾਲੇ ਬੱਚੇ ਹੁੰਦੇ ਹਨ। ਇਸ ਲਈ ਨਵੀਂ ਪੀੜ੍ਹੀ ਨੂੰ ਜ਼ਿੰਦਗੀ ਦੇ ਹਰ ਇਕ ਖੇਤਰ ਵਿਚ ਨਿਪੁੰਨ ਬਣਾਉਣ ਲਈ ਬੱਚਿਆਂ ਦੇ ਪਰਿਵਾਰਕ ਮੈਂਬਰ, ਸਮਾਜ ਤੇ ਸਰਕਾਰ ਨਿਰੰਤਰ ਕੋਸ਼ਿਸ਼ ਕਰਦੇ ਹਨ। ਇਸ ਦੇ ਬਾਵਜੂਦ ਵੀ ਦੇਸ਼ ਭਰ ਵਿਚ ਆਏ ਦਿਨ ਬੱਚਿਆਂ ਨਾਲ ਹੋ ਰਹੀਆਂ ਘਟਨਾਵਾਂ ਇਕ ਸਭਿਅਕ ਦੇਸ਼ ਦੇ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।
ਇਸ ਸਬੰਧ ਵਿਚ ਗ੍ਰਹਿ ਮੰਤਰਾਲੇ ਦੀ 2017-18 ਦੀ ਰਿਪੋਰਟ ਹੈਰਾਨੀਜਨਕ ਤਸਵੀਰ ਪੇਸ਼ ਕਰਦੀ ਹੈ ਕਿ ਦੇਸ਼ ਭਰ ਵਿਚ ਸਾਲ 2016 ਵਿਚ 1 ਲੱਖ 6 ਹਜ਼ਾਰ 958 ਅਪਰਾਧਿਕ ਘਟਨਾਵਾਂ ਬੱਚਿਆਂ ਨਾਲ ਵਾਪਰਨ ਦੇ ਕੇਸ ਦਰਜ ਕੀਤੇ ਗਏ ਸੀ। ਇਹ ਅੰਕੜਾ ਸਾਲ 2015 ਵਿਚ 94 ਹਜ਼ਾਰ 172 ਸੀ। ਬੱਚਿਆਂ ਨਾਲ ਵਾਪਰਨ ਵਾਲੀਆਂ ਵਾਰਦਾਤਾਂ ਵਿਚ ਸਭ ਤੋਂ ਵੱਧ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਪਿਛਲੇ ਸਾਲਾਂ ਦੌਰਾਨ ਭਾਰਤ ਵਿਚ ਦਰਜ ਕੀਤੀਆਂ ਗਈਆਂ। ਸਾਲ 2016 ਵਿਚ 54 ਹਜ਼ਾਰ 723 ਬੱਚੇ ਦੇਸ਼ ਦੇ ਸਾਰੇ ਰਾਜਾਂ ਤੋਂ ਅਗਵਾ ਕੀਤੇ ਗਏ ਅਤੇ 2015 ਵਿਚ 41893 ਤੇ 2014 ‘ਚ 37854 ਬੱਚੇ ਅਗਵਾ ਹੋਏ ਸੀ।
ਇਸ ਸਬੰਧ ਵਿਚ ਸਮਾਜ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮਾਜ ਵਿਚ ਨੈਤਿਕ ਕਦਰਾਂ ਕੀਮਤਾਂ ਵਿਚ ਆ ਰਹੀ ਗਿਰਾਵਟ ਤੇ ਬੱਚਿਆਂ ਨੂੰ ਅਪਰਾਧ ਸਬੰਧੀ ਜਾਗਰੂਕਤਾ ਦੀ ਘਾਟ ਹੋਣ ਕਾਰਨ ਅਪਰਾਧਿਕ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਨਸ਼ਾ ਵੀ ਮਨੁੱਖ ਨੂੰ ਅਜਿਹਾ ਵਿਹਾਰ ਕਰਨ ਲਈ ਉਕਸਾਉਂਦਾ ਹੈ। ਮਾਹਰਾਂ ਨੇ ਇਸ ਸਬੰਧ ਵਿਚ ਸੁਝਾਅ ਦਿੰਦਿਆਂ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਨੂੰ ਛੋਟੀ ਉਮਰ ਤੋਂ ਜ਼ਿੰਦਗੀ ਦੇ ਹਰ ਇਕ ਪੱਖ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਅਪਰਾਧਿਕ ਘਟਨਾਵਾਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ ਤੇ ਸਮਾਜ ਦੇ ਕਮਜ਼ੋਰ ਵਰਗ ਨੂੰ ਖ਼ਾਸ ਕਰਕੇ ਸਰਕਾਰ ਵਲੋਂ ਸੁਰੱਖਿਅਤ ਕਰਨਾ ਚਾਹੀਦਾ ਹੈ, ਕਿਉਂਕਿ ਜ਼ਿਆਦਾਤਰ ਘਟਨਾਵਾਂ ਇਨ੍ਹਾਂ ਵਰਗਾਂ ਦੇ ਬੱਚਿਆਂ ਨਾਲ ਹੀ ਵਾਪਰਦੀਆਂ ਹਨ। ਇਸ ਸਬੰਧ ‘ਚ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਮਲੇ ਵਿਚ ਕਿਸੇ ‘ਤੇ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ ਤੇ ਬੱਚਿਆਂ ਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ।
ਉਨ੍ਹਾਂ ਆਖਿਆ ਕਿ ਮਾਪਿਆਂ ਨੂੰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਅਪਰਾਧਿਕ ਘਟਨਾਵਾਂ ਸਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਬੱਚੇ ਆਪਣੇ ਆਪ ਨੂੰ ਅਪਰਾਧਿਕ ਘਟਨਾਵਾਂ ਤੋਂ ਸੁਰੱਖਿਅਤ ਰੱਖ ਸਕਣ। ਇਸ ਸਬੰਧੀ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨਾਲ ਹਮੇਸ਼ਾ ਤਾਲਮੇਲ ਬਣਾਈ ਰੱਖਣ ਤੇ ਜ਼ਿੰਦਗੀ ਦੇ ਹਰ ਪੱਖ ਤੇ ਮੋੜ ਬਾਰੇ ਬੱਚਿਆਂ ਨੂੰ ਪਹਿਲਾਂ ਹੀ ਸਿੱਖਿਅਤ ਕਰਨਾ ਲਾਜ਼ਮੀ ਹੈ।

RELATED ARTICLES
POPULAR POSTS