Breaking News
Home / ਸੰਪਾਦਕੀ / ਮਨੁੱਖੀ ਸਮਾਜ ਲਈ ਮਾਰੂ ਹੈ ਸੋਸ਼ਲ ਮੀਡੀਆ ਦੀ ਦੁਰਵਰਤੋਂ

ਮਨੁੱਖੀ ਸਮਾਜ ਲਈ ਮਾਰੂ ਹੈ ਸੋਸ਼ਲ ਮੀਡੀਆ ਦੀ ਦੁਰਵਰਤੋਂ

ਅੱਜ ਦਾ ਯੁੱਗ ਆਧੁਨਿਕਤਾ ਦੇ ਲਿਬਾਸ ਵਿਚ ਵਿਚਰ ਰਿਹਾ ਹੈ ਅਤੇ ਆਧੁਨਿਕਵਾਦ ਦੇ ਪਹਿਰਾਵੇ ਵਿਚ ਵਿਚਰਦਾ ਹੋਇਆ ਸਮਾਜ ਦਾ ਹਰ ਵਰਗ ਤਰੱਕੀ ਕਰਨੀ ਲੋਚਦਾ ਹੈ। ਅੱਜ ਦੇ ਸਮਾਜ ਅੰਦਰ ਪੁਰਾਤਨ ਕਾਲ ਤੋਂ ਵੀ ਵਧੇਰੇ ਸਹੂਲਤਾਂ ਹਨ, ਜੋ ਕਿ ਸਾਡੇ ਵੱਡੇ-ਵਡੇਰਿਆਂ ਨੇ ਕਦੇ ਚਿਤਵੀਆਂ ਵੀ ਨਹੀਂ ਸਨ। ਸਾਡੇ ਲਿਬਾਸ ਤੋਂ ਲੈ ਕੇ ਰਹਿਣ-ਸਹਿਣ, ਖਾਣ-ਪੀਣ, ਉੱਠਣ-ਬੈਠਣ, ਗੱਲਬਾਤ ਆਦਿ ਰੋਜ਼ਮਰਾ ਦੀਆਂ ਸਾਰੀਆਂ ਗੱਲਾਂ ਵਿਚ ਆਧੁਨਿਕਤਾ ਦਾ ਬੋਲਬਾਲਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸਮਾਜ ਹਮੇਸ਼ਾ ਆਉਣ ਵਾਲੇ ਬਦਲਾਵਾਂ ਤੋਂ ਪ੍ਰਭਾਵਿਤ ਹੁੰਦਾ, ਇਹ ਤਾਂ ਸਹੀ ਹੈ ਅਤੇ ਇਸ ਦੇ ਮਾੜੇ ਪ੍ਰਭਾਵ ਵੀ ਸਮਾਜ ਨੂੰ ਹੀ ਸਹਿਣੇ ਪੈਂਦੇ ਹਨ, ਇਹ ਵੀ ਕੋਈ ਅਤਿਕਥਨੀ ਨਹੀਂ ਹੈ। ਅੱਜ ਦਾ ਮਨੁੱਖ ਰੋਜ਼ਮਰਾ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਭੱਜ-ਦੌੜ ਕਰਦਾ ਹੈ, ਸੰਘਰਸ਼ ਕਰਦਾ ਹੈ, ਸੁੱਖਾਂ ਦੀ ਪ੍ਰਾਪਤੀ ਲਈ। ਅੱਜ ਦੇ ਸਮਾਜ ਅੰਦਰ ਵੱਧ ਰਹੇ ਇਸ ਆਧੁਨਿਕਤਾ ਦੇ ਰੂਪ ਨੂੰ ਹਰ ਕੋਈ ਅਪਣਾ ਚੁੱਕਾ ਹੈ। ਆਧੁਨਿਕ ਹੋਣਾ ਮਾੜਾ ਨਹੀਂ ਹੈ, ਬਹੁਤ ਚੰਗਾ ਹੈ ਸਮਾਜ ਦੀ ਤਰੱਕੀ ਅਤੇ ਆਪਣੀ ਖੁਸ਼ਹਾਲੀ ਲਈ। ਪਰ ਨਾਲ ਹੀ ਪੁਰਾਤਨ ਕਾਲ ਦੀਆਂ ਘਟਨਾਵਾਂ ਅਤੇ ਇਤਿਹਾਸਕ ਪਿਛੋਕੜ ਨੂੰ ਯਾਦ ਰੱਖਣਾ ਵੀ ਜ਼ਰੂਰੀ ਹੈ। ਆਪਣੇ ਵੱਡੇ-ਵਡੇਰਿਆਂ ਦੀ ਕਮਾਈ, ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਹਰ ਕੌਮ, ਹਰ ਮਜ਼ੱਬ ਲਈ ਉਤਨਾ ਹੀ ਜਰੂਰੀ ਹੈ, ਜਿਤਨਾ ਕਿ ਪ੍ਰਮੇਸ਼ਰ ਦਾ ਨਾਮ ਲੈਣਾ ਜਰੂਰੀ ਹੈ।
ਅੱਜਕੱਲ੍ਹ ਦੇ ਸਮੇਂ ਅੰਦਰ ਆਧੁਨਿਕਤਾ ਦੇ ਕਈ ਸਾਧਨ ਹਨ, ਜਿਨ੍ਹਾ ਵਿਚੋਂ ਅਖਬਾਰਾਂ, ਮੀਡੀਆ, ਇੰਟਰਨੈੱਟ, ਕੰਪਿਊਟਰ ਬਹੁਤ ਹੀ ਮਹੱਤਵਪੂਰਨ ਹੈ ਅਤੇ ਸਮਾਜ ਵੀ ਉਨ੍ਹਾਂ ਉਪਰ ਬਹੁਤ ਨਿਰਭਰ ਕਰਦਾ ਹੈ। ਇਨ੍ਹਾਂ ਸਾਧਨਾਂ ਦੀ ਬਦੌਲਤ ਹੀ ਅਸੀਂ ਦੁਨੀਆ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਸਕਦੇ ਹਾਂ ਅਤੇ ਸਾਰੀ ਦੁਨੀਆ ਦੀਆਂ ਘਟਨਾਵਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਾਂ। ਸੱਚਮੁੱਚ ਹੀ ਇਨਸਾਨ ਦੀਆਂ ਇਨ੍ਹਾਂ ਕਾਢਾਂ ਦਾ ਮਹੱਤਵਪੂਰਨ ਯੋਗਦਾਨ ਹੈ ਆਮ ਜ਼ਿੰਦਗੀ ਅੰਦਰ। ਅਜੋਕਾ ਮਨੁੱਖ ਇਨ੍ਹਾਂ ਸਾਧਨਾਂ ਨਾਲ ਇੰਝ ਬੱਝਾ ਹੋਇਆ ਹੈ ਕਿ ਉਸ ਲਈ ਇਸ ਤੋਂ ਵੱਖ ਹੋਣਾ ਮੁਸ਼ਕਿਲ ਹੀ ਨਹੀਂ ਬਲਕਿ ਨਾ-ਮੁਮਕਿਨ ਵੀ ਹੈ। ਇਨ੍ਹਾਂ ਸਾਧਨਾਂ ਦੇ ਫਾਇਦੇ ਗਿਣੇ ਨਹੀਂ ਜਾ ਸਕਦੇ। ਜਿੱਥੇ ਇਨ੍ਹਾਂ ਸਾਧਨਾ ਦੇ ਫਾਇਦੇ ਅਣਗਿਣਤ ਹਨ, ਉੱਥੇ ਕਈ ਵਾਰ ਇਹ ਨੁਕਸਾਨ ਦਾ ਕਾਰਨ ਵੀ ਬਣ ਜਾਂਦੇ ਹਨ, ਜਿਸ ਤੋਂ ਕਿ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿਛਲੇ ਸਮੇਂ ਦੌਰਾਨ ਭਾਰਤ ਅੰਦਰ ਇਸ ਦਾ ਰੁਝਾਨ ਤੇਜ਼ੀ ਨਾਲ ਸ਼ੁਰੂ ਹੋਇਆ ਹੈ ਕਿ ਮੋਬਾਇਲ ਫ਼ੋਨ ਦੀ ਵਰਤੋਂ ਕਰਕੇ ਕਿਸੇ ਜਾਤ ਜਾਂ ਸਮੁਦਾਇ ਪ੍ਰਤੀ ਗਲਤ ਭਾਸ਼ਾ ਦੀ ਵਰਤੋਂ ਕਰਕੇ ਇਕ ਮੈਸੇਜ ਤਿਆਰ ਕੀਤਾ ਗਿਆ ਅਤੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਦੇ ਮੋਬਾਇਲਾਂ ਤੇ ਭੇਜਿਆ ਗਿਆ, ਜਿਸ ਦਾ ਨਤੀਜਾ ਦੇਸ਼ ਦੇ ਕੁਝ ਹਿੱਸਿਆਂ ਵਿਚ ਦੰਗਿਆਂ ਦਾ ਹੋਣਾ ਸੀ ਅਤੇ ਕਈ ਜਗ੍ਹਾ ਤੋਂ ਲੋਕ ਆਪਣੇ ਘਰ-ਬਾਰ ਛੱਡ ਕੇ ਦੂਜੇ ਸ਼ਹਿਰਾਂ ਨੂੰ ਭੱਜਣ ਲੱਗੇ, ਜੋ ਕਿ ਇਕ ਨਿੰਦਣਯੋਗ ਵਰਤਾਰਾ ਹੈ। ਅਜਿਹੇ ਤੱਤ ਹੀ ਸਮਾਜ ਅੰਦਰ ਘਿਨੌਣੀਆਂ ਕਾਰਵਾਈਆਂ ਕਰਕੇ ਮਾਹੌਲ ਨੂੰ ਖੂਨ ਅਤੇ ਲਾਸ਼ਾਂ ਨਾਲ ਲੱਥ-ਪੱਥ ਕਰਦੇ ਹਨ ਅਤੇ ਪ੍ਰਸ਼ਾਸ਼ਨ ਇਨ੍ਹਾਂ ਨੂੰ ਨਕੇਲ ਪਾਉਣ ਦੀ ਥਾਂ ਆਮ ਜਨਤਾ ਨੂੰ ਹੀ ਨਿਸ਼ਾਨਾ ਬਣਾਉਂਦਾ ਹੈ। ਕਾਨੂੰਨ ਅੰਦਰ ਚਾਹੇ ਇਨ੍ਹਾਂ ਲਈ ਬਹੁਤ ਕਠੋਰ ਸਜ਼ਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ, ਪਰ ਇਹ ਸ਼ਰਾਰਤੀ ਲੋਕ ਹਰ ਵਾਰ ਕਾਨੂੰਨ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਿਚ ਸਫਲ ਹੋ ਜਾਂਦੇ ਹਨ ਅਤੇ ਆਪਣੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ ਰਹਿੰਦੇ ਹਨ। ਦਰਅਸਲ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਦੀ ਕੋਈ ਠੋਸ ਪਛਾਣ ਨਾ ਹੋਣਾ ਵੀ ਇਨ੍ਹਾਂ ਦੇ ਬਚਣ ਦਾ ਮੁੱਖ ਕਾਰਨ ਹੁੰਦੀ ਹੈ।
ਅਜਿਹੇ ਮੁਰਦਾ ਸੋਚ ਦੇ ਮਾਲਕ ਕਿਸੇ ਧਰਮ, ਫਿਰਕੇ ਜਾਂ ਸਮਾਜ ਨਾਲ ਸਬੰਧਤ ਨਹੀਂ ਹੋ ਸਕਦੇ। ਅਜਿਹੇ ਲੋਕਾਂ ਦਾ ਕੋਈ ਧਰਮ, ਦੀਨ-ਈਮਾਨ ਨਹੀਂ ਹੁੰਦਾ, ਜੇ ਹੁੰਦਾ ਹੈ ਤਾਂ ਸਿਰਫ ਇਹ ਕਿ ਸਮਾਜ ਅੰਦਰ ਲੜਾਈ-ਝਗੜਾ, ਫਸਾਦ, ਦੰਗੇ ਕਿੰਝ ਕਰਾਏ ਜਾਣ, ਭਰਾ-ਭਰਾ ਨੂੰ ਕਿਵੇਂ ਮਾਰਿਆ ਜਾਵੇ, ਆਪਸੀ ਸਾਂਝ ਨੂੰ ਕਿਵੇਂ ਅੱਗ ਲਗਾਈ ਜਾਵੇ, ਖੂਨ-ਖਰਾਬਾ ਕਿਵੇਂ ਕਰਾਇਆ ਜਾਵੇ। ਇਹ ਸਭ ਅਜਿਹੇ ਸ਼ਰਾਰਤੀਆਂ ਦੀ ਸੋਚ ਹੈ, ਜੋ ਕਿ ਇਨ੍ਹਾਂ ਨੂੰ ਸਿਰਫ ਇਥੋਂ ਤੱਕ ਹੀ ਰੱਖਦੀ ਹੈ। ਪਿਛਲਿਆਂ ਦਹਾਕਿਆਂ ਦੌਰਾਨ ਅਜਿਹਿਆਂ ਸਿਰਫਿਰਿਆਂ ਵਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਕੀਤੀਆਂ ਘਿਨੌਣੀਆਂ ਕਾਰਵਾਈਆਂ ਦਾ ਖਮਿਆਜ਼ਾ ਸਾਰਾ ਪੰਜਾਬ ਅਤੇ ਸਾਰੀ ਦੁਨੀਆ ਅੰਦਰ ਕਿਤੇ ਵੀ ਬੈਠਾ ਪੰਜਾਬੀ ਜਾਂ ਸਿੱਖ ਭਾਈਚਾਰਾ ਭੁਗਤ ਚੁੱਕਾ ਹੈ। ਅਜਿਹੀਆਂ ਅਤਿ ਨਿੰਦਣਯੋਗ ਕਾਰਵਾਈਆਂ ਦਾ ਸਦਕਾ ਹੀ ਪੰਜਾਬ ਖੁਸ਼ਹਾਲੀ ਦੇ ਰਾਹ ‘ਤੇ ਚੱਲਦਾ-ਚੱਲਦਾ ਖੂਨੀ ਕਤਲੋਗਾਰਤ ਜਿਹੇ ਰਾਖਸ਼ ਦੇ ਮੂੰਹ ਵਿਚ ਜਾ ਪਿਆ ਸੀ, ਜਿਸ ਤੋਂ ਨਿਕਲਣ ਲਈ ਕਈ ਸਾਲ ਲੱਗ ਗਏ ਸਨ। ਕਈ ਮਾਵਾਂ ਦੇ ਪੁੱਤ, ਕਈ ਭੈਣਾਂ ਦੇ ਭਰਾ ਅਤੇ ਕਈਆਂ ਦੇ ਸੁਹਾਗਾਂ ਨੂੰ ਆਪਣੀ ਬਲੀ ਦੇਣੀ ਪਈ ਸੀ। ਪਰਿਵਾਰ ਖਤਮ ਹੋ ਗਏ ਸਨ ਅਤੇ ਜ਼ਮੀਨਾਂ-ਜਾਇਦਾਦਾਂ ਖੁਰਦ-ਬੁਰਦ ਕਰ ਦਿੱਤੀਆਂ ਸਨ। ਉਹ ਅਜਿਹਾ ਬੁਰਾ ਸਮਾਂ ਆਇਆਂ ਸੀ, ਅੱਜ ਉਸ ਦਾ ਜ਼ਿਕਰ ਵੀ ਲੂੰਅ ਕੰਢੇ ਖੜ੍ਹੇ ਕਰ ਦਿੰਦਾ ਹੈ। ਗੁਰੂ ਸਾਹਿਬਾਨ ਜੀ ਦੀ ਅਪਾਰ ਕ੍ਰਿਪਾ ਸਦਕਾ ਅੱਜ ਪੰਜਾਬ ਉਸ ਖੂਨੀ ਦਲਦਲ ਵਿਚੋਂ ਬਾਹਰ ਆ ਚੁੱਕਾ ਹੈ ਅਤੇ ਇਕ ਖੁਸ਼ਹਾਲ ਸੂਬੇ ਵਜੋਂ ਸਥਾਪਿਤ ਹੋ ਰਿਹਾ ਹੈ। ਅਜਿਹੇ ਵਿਚ ਭਾਵਨਾਤਮਕ ਰੂਪ ਵਿਚ ਸ਼ਕਤੀਸ਼ਾਲੀ ਬਣ ਕੇ ਨਿਰਪੱਖ ਸੋਚ ਅਤੇ ਸਹਿਣਸ਼ੀਲਤਾ ਦੀ ਮਿਸਾਲ ਕਾਇਮ ਕਰਦੇ ਹੋਏ ਇਕਜੁਟਤਾ ਦਾ ਪ੍ਰਗਟਾਵਾ ਕਰਨਾ ਪਵੇਗਾ।
ਅੱਜ ਦਾ ਹਰ ਵਰਗ ਪੜ੍ਹਿਆ-ਲਿਖਿਆ ਤੇ ਸਮਝਦਾਰ ਹੈ, ਪਰ ਇਸ ਦੇ ਨਾਲ ਹੀ ਇਹ ਵੀ ਜਰੂਰੀ ਹੈ ਕਿ ਅਸੀਂ ਸਹੀ ਗਲਤ ਦੀ ਪਛਾਣ ਕਰ ਸਕੀਏ ਅਤੇ ਸਮਾਜ ਦੇ ਦੁਸ਼ਮਣ ਲੋਕਾਂ ਦੀ ਇਸ ਜਮਾਤ ਦੀਆਂ ਕੋਝੀਆਂ ਚਾਲਾਂ ਨੂੰ ਸਮਝਦੇ ਹੋਏ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰਕੇ ਅਜਿਹਾ ਮੂੰਹ ਤੋੜ ਜਵਾਬ ਦੇਈਏ ਕਿ ਇਹ ਹੱਥ ਮੱਲਦੇ ਰਹਿ ਜਾਣ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਇਨ੍ਹਾਂ ਪਾਖੰਡੀਆਂ ਅਤੇ ਸਮਾਜ ‘ਤੇ ਕਲੰਕ ਬਣੇ ਲੋਕਾਂ ਨੂੰ ਕਰਾਰਾ ਜਵਾਬ ਦੇਣਾ ਹੀ ਅੱਜ ਅਤਿ ਜਰੂਰੀ ਹੈ ਅਤੇ ਇਸ ਲਈ ਜਰੂਰੀ ਹੈ ਕਿ ਅਸੀਂ ਗੁਰੂਆਂ-ਪੀਰਾਂ ਦੇ ਸਿਧਾਂਤਾਂ ‘ਤੇ ਚੱਲਦੇ ਹੋਏ ਆਪਣੇ ਅਤੇ ਦੂਜਿਆਂ ਦੇ ਧਰਮ ਅਤੇ ਧਾਰਮਿਕ ਪੈਗੰਬਰਾਂ ਦੇ ਸਤਿਕਾਰ ਨੂੰ ਬਹਾਲ ਰੱਖਦੇ ਹੋਏ ਸਮਾਜ ਵਿਚ ਸ਼ੁੱਭ ਗੁਣਾਂ, ਆਪਸੀ ਭਾਈਚਾਰੇ, ਮਿਲਵਰਤਨ, ਕੁਦਰਤ ਪ੍ਰੇਮ ਅਤੇ ਸੱਭਿਅਕ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਕੇ ਸਿੱਖਾਂ ਦੀ ਵਿਲੱਖਣ ਹਸਤੀ ਨੂੰ ਹੋਰ ਵੀ ਪਕੇਰਾ ਕਰੀਏ ਤਾਂ ਜੋ ਕੋਈ ਸ਼ਰਾਰਤੀ ਅਜਿਹੀ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਤੋਂ ਪਹਿਲਾਂ ਸਮਾਜ ਅੰਦਰਲੀ ਲੋਕਾਂ ਦੀ ਇਕਜੁਟਤਾ ਅਤੇ ਆਪਸੀ ਸਦਭਾਵਨਾ ਦਾ ਖਿਆਲ ਜਰੂਰ ਕਰੇ, ਕਿ ਇਹ ਲੋਕ ਮੂਰਖ ਨਹੀਂ ਹਨ ਜਿਨ੍ਹਾਂ ਨੂੰ ਜੋ ਵੀ ਦੱਸਿਆ ਜਾਂ ਵਿਖਾਇਆ ਜਾਵੇਗਾ ਤਾਂ ਸੱਚ ਮੰਨ ਲੈਣਗੇ। ਇਸ ਲਈ ਹਰ ਵਰਗ, ਹਰ ਧਰਮ ਨੂੰ ਲੋੜ ਹੈ ਜਾਗਰੂਕ ਹੋਣ ਦੀ, ਤਾਂ ਜੋ ਸਮਾਜ ਅੰਦਰ ਆਪਸੀ ਪ੍ਰੇਮ ਭਾਵ ਤੇ ਸਦਭਾਵਨਾ ਸਦੀਵੀ ਬਣੀ ਰਹੇ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …