36 ਘੰਟਿਆਂ ਵਿਚ 8 ਪੰਜਾਬੀਆਂ ਨੂੰ ਏਅਰਪੋਰਟ ਤੋਂ ਹੀ ਵਾਪਸ ਮੋੜਿਆ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਖੇ ਹਵਾਈ ਅੱਡਿਆਂ ਅੰਦਰ ਭਾਰਤ ਤੋਂ ਪੁੱਜਦੇ ਲੋਕਾਂ ਦੀ ਲੰਬੀਆਂ ਲਾਇਨਾਂ ਲੱਗੀਆਂ ਨਜ਼ਰੀ ਪੈਂਦੀਆਂ ਹਨ ਜਿਨ੍ਹਾਂ ਵਿਚ ਪੰਜਾਬੀ ਵਿਦਿਆਰਥੀ ਤੇ ਵਿਦਿਆਰਥਣਾਂ ਦੀ ਵੱਡੀ ਭੀੜ ਹੈ ਅਤੇ ਆਮ ਪਰਿਵਾਰਕ ਤੌਰ ‘ਤੇ (ਵਿਆਹ, ਵਰ੍ਹੇਗੰਢਾਂ ਲਈ) ਪੁੱਜਦੇ ਲੋਕ ਸ਼ਾਮਿਲ ਹਨ। ਇਸੇ ਦੌਰਾਨ ਕੈਨੇਡਾ ਦੀ ਖੁੱਲ੍ਹੀ (6 ਮਹੀਨਿਆਂ ਵਾਲ਼ੀ) ਐਂਟਰੀ ਦੀ ਡਾਲਰ ਕਮਾਉਣ ਵਾਸਤੇ ਦੁਰਵਰਤੋਂ ਰੋਕਣ ਲਈ ਇਮੀਗ੍ਰੇਸ਼ਨ ਅਫ਼ਸਰਾਂ ਵਲੋਂ ਸਖਤੀ ਦਾ ਕੰਮ ਜਾਰੀ ਹੈ। ਕੈਨੇਡਾ ‘ਚ ਸਾਰਾ ਸਾਲ ਦੁਨੀਆਂ ਭਰ ਤੋਂ ਲੋਕ ਪੁੱਜਦੇ ਹਨ ਪਰ ਦਾਖਲੇ ਤੋਂ ਨਾਂਹ ਹੋਣ ਵਿਚ ਭਾਰਤੀ (ਵਿਸ਼ੇਸ਼ ਕਰਕੇ ਪੰਜਾਬੀ/ਪੰਜਾਬਣਾਂ) ਅਤੇ ਮੈਕਸੀਕੋ ਦੇ ਨਾਗਰਿਕ ਮੋਹਰੀ ਹਨ। ਕ੍ਰਿਸਮਸ ਦੀਆਂ ਛੁੱਟੀਆਂ ਦੇ ਚੱਲਦਿਆਂ ਲੰਘੇ 36 ਕੁ ਘੰਟਿਆਂ ਦੌਰਾਨ 8 ਪੰਜਾਬੀ ਵਿਅਕਤੀਆਂ ਨੂੰ ਟੋਰਾਂਟੋ ਏਅਰਪੋਰਟ ਤੋਂ ਦਾਖਲ ਹੋਣ ਦੀ ਨਾਂਹ ਹੋਣ ਬਾਰੇ ਪਤਾ ਲੱਗਾ ਹੈ। ਉਨ੍ਹਾਂ ਵਿਚੋਂ ਚਾਰ ਤਾਂ ਦਿੱਲੀ ਤੋਂ ਆਏ ਇਕ ਜਹਾਜ ‘ਚ ਹੀ ਸਨ। ਉਨ੍ਹਾਂ ਵਿਚ ਬਹੁਤੇ ਨੌਜਵਾਨ ਮੁੰਡੇ ਹਨ ਪਰ ਅੱਧਖੜ ਉਮਰ ਦਾ ਇਕ ਜੋੜਾ ਵੀ ਸ਼ਾਮਿਲ ਹੈ। ਅੱਧਖੜ ਉਮਰ ਦੇ ਪਤੀ ਤੇ ਪਤਨੀ ਨੇ ਕੈਲਗਰੀ ਵਿਖੇ 1 ਹਫ਼ਤੇ ਦੀ ਸੈਰ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਉਨ੍ਹਾਂ ਨੂੰ ਤਿੰਨ ਵਾਰੀ ਨਾਂਹ ਹੋਣ ਤੋਂ ਬਾਅਦ ਕੈਨੇਡਾ ਦਾ ਵੀਜ਼ਾ ਮਿਲਿਆ ਪਰ ਹਵਾਈ ਅੱਡੇ ਤੋਂ ਐਂਟਰੀ ਨਾ ਦਿੱਤੀ ਜਾ ਸਕੀ। ਕੈਨੇਡੀਅਨ ਇਮੀਗ੍ਰੇਸ਼ਨ ਅਫ਼ਸਰਾਂ ਦਾ ਮੰਨਣਾ ਸੀ ਕਿ ਜਲੰਧਰ ਲਾਗਲੇ ਪਿੰਡ ਤੋਂ ਅਮਰੀਕਾ ਵਿਚ ਰਹਿੰਦੇ ਆਪਣੇ 22 ਕੁ ਸਾਲਾਂ ਦੇ ਪੁੱਤਰ ਨੂੰ ਮਿਲਣ ਜਾਣ ਦੀ ਬਜਾਏ ਉਸ ਜੋੜੇ ਦੀ ਕੈਨੇਡਾ ‘ਚ (ਕੜਾਕੇ ਦੀ ਸਰਦੀ ਮੌਕੇ) 7 ਦਿਨਾਂ ਲਈ ਸੈਰ ਕਰਨ ਦੀ ਗੱਲ ਯਕੀਨਯੋਗ ਨਹੀਂ, ਕਿਉਂਕਿ ਪਤਨੀ ਦੀ ਸਕੀ ਭੈਣ ਕੈਲੀਫੋਰਨੀਆਂ ਵਿਚ ਗੈਰ-ਕਾਨੂੰਨੀ ਤੌਰ ‘ਤੇ ਵੀ ਰਹਿ ਰਹੀ ਹੈ। ਉਨ੍ਹਾਂ ਕੋਲ ਹਫ਼ਤੇ ਦੀ ਸੈਰ ਵਾਸਤੇ ਭਾਵੇਂ 5000 ਤੋਂ ਵੱਧ ਨਕਦ ਡਾਲਰ ਸਨ ਪਰ ਅਫ਼ਸਰਾਂ ਨੇ ਸਿੱਟਾ ਕੱਢਿਆ ਕਿ ਉਹ ਦੋਵੇਂ ਕੈਨੇਡਾ ਤੋਂ ਵਾਪਸ ਮੁੜਨ ਲਈ ਨਹੀਂ ਪੁੱਜੇ। ਹਰਿਆਣਾ ਦੇ ਕੁਰੂਕਸ਼ੇਤਰ ਤੋਂ ਆਏ ਵੱਡੀ ਉਮਰ ਦੇ ਦਸਤਾਰਧਾਰੀ ਪੰਜਾਬੀ ਬੰਦੇ ਦੇ ਪਾਸਪੋਰਟ ਵਿਚ ਵੀਜ਼ਾ ਤਾਂ ਭਾਵੇਂ ਲੰਬੀ ਮਿਆਦ ਦਾ ਸੀ ਪਰ ਕੈਨੇਡਾ ਵਿਚ ਰਹਿੰਦੇ ਭਰਾ ਨੂੰ ਮਿਲਣ ਲਈ ਆਏ ਹੋਣ ਦੀ ਗੱਲ ਝੂਠ ਦਾ ਪੁਲੰਦਾ ਨਿਕਲੀ। ਪੜਤਾਲ ਤੋਂ ਪਤਾ ਲੱਗਾ ਕਿ ਅਸਲ ‘ਚ ਉਸ ਦਾ ਕੋਈ ਭਰਾ ਕੈਨੇਡਾ ਨਹੀਂ ਰਹਿੰਦਾ। ਇਹ ਵੀ ਕਿ ਉਸ ਨੇ ਆਪਣੇ ਹਰਿਆਣਵੀ ਏਜੰਟ ਨੂੰ 5 ਲੱਖ ਰੁਪਏ ਦੇ ਕੇ ਨਕਲੀ ਸਪਾਂਸਰਸ਼ਿਪ ਦੀ ਮਦਦ ਨਾਲ਼ ਵੀਜ਼ਾ ਲਗਵਾਇਆ ਸੀ। ਉਸ ਨੂੰ ਐਂਟਰੀ ਦੇਣ ਦੀ ਬਜਾਏ ਵੀਜ਼ਾ ਰੱਦ ਕਰ ਦਿੱਤਾ ਗਿਆ। ਨਕਲੀ ਸਪਾਂਸਰਸ਼ਿਪ ਨਾਲ ਵੀਜ਼ਾ ਲਗਵਾ ਕੇ ਸੰਗਰੂਰ ਤੋਂ ਵੈਨਕੂਵਰ ‘ਚ ਰਹਿੰਦੀ ਆਪਣੀ ਭੈਣ ਨੂੰ ਮਿਲਣ ਆਏ 20 ਸਾਲ ਦੇ ਮੁੰਡੇ ਨੂੰ ਵੀ ਐਂਟਰੀ ਨਹੀਂ ਮਿਲੀ ਕਿਉਂਕਿ ਅਸਲੀਅਤ ਇਹ ਰਹੀ ਕਿ ਕੈਨੇਡਾ ‘ਚ ਉਸ ਦੀ ਕੋਈ ਭੈਣ ਨਹੀਂ ਰਹਿੰਦੀ ਜਿਸ ਕਰਕੇ ਅਫ਼ਸਰਾਂ ਨੇ ਉਸ ਦੇ ਵੀਜ਼ਾ ਉਪਰ ਲਾਲ ਲਕੀਰ (ਰੱਦ) ਫੇਰ ਦਿੱਤੀ। ਲੁਧਿਆਣਾ ਤੋਂ ਆਏ ਇਕ ਗ੍ਰੰਥੀ ਸਿੰਘ ਨੂੰ ਮਿਸੀਸਾਗਾ ਸਥਿਤ ਇਕ ਵੱਡੇ ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਭੇਜੀ ਗਈ ਸਪਾਂਸਰਸ਼ਿਪ ‘ਚ ਵੱਡੀ ਗੜਬੜੀ ਨਿਕਲੀ ਜਿਸ ਕਰਕੇ ਉਸ ਸਿੰਘ ਨੂੰ ਵੀ ਨਿਰਾਸ਼ ਹੋਣਾ ਪਿਆ। ਲੁਧਿਆਣਾ ਵਿਖੇ ਗੁਰਦੁਆਰਾ ਸਾਹਿਬ ‘ਚ ਸੇਵਾ ਕਰਦਿਆਂ ਉਸ ਨੇ ਅਣਥੱਕ ਯਤਨਾਂ ਨਾਲ਼ (3 ਵਾਰੀ ਨਾਂਹ ਹੋਣ ਤੋਂ ਬਾਅਦ) ਕੈਨੇਡਾ ਦਾ ਵੀਜ਼ਾ ਪ੍ਰਾਪਤ ਕੀਤਾ ਸੀ ਪਰ ਹਰੇਕ ਵਾਰੀ ਨਕਲੀ ਦਸਤਾਵੇਜ਼ ਲਗਾਉਣ ਕਰਕੇ ਉਸ ਦਾ ਕੈਨੇਡਾ ‘ਚ ਦਾਖਲ ਹੋਣ ਦਾ ਸੁਪਨਾ ਅਧੂਰਾ ਰਿਹਾ। ਕਪੂਰਥਲਾ ਨੇੜਲੇ ਪਿੰਡ ਤੋਂ ਪੁੱਜੇ 19 ਸਾਲ ਦੇ ਇਕ ਮੁੰਡੇ ਨੂੰ ਤਾਂ ਵੀਜ਼ਾ ਰੱਦ ਕਰਨ ਮੌਕੇ ‘ਤੇ ਹੱਥਕੜੀ ‘ਚ ਜਕੜ ਦਿੱਤਾ ਗਿਆ ਕਿਉਂਕਿ ਉਸ ਕੋਲ ਬੱਚਿਆਂ ਨਾਲ ਬਦਫੈਲੀਆਂ ਵਾਲੀ ਫ਼ਿਲਮ/ਫੋਟੋਆਂ ਸੀ। ਇਸ ਤਰ੍ਹਾਂ ਦੀ ਸਮੱਗਰੀ ਰੱਖਣਾ ਕੈਨੇਡਾ ‘ਚ ਸਜ਼ਾਯੋਗ ਸੰਗੀਨ ਅਪਰਾਧ ਹੈ। ਅਮਰੀਕਾ ਤੋਂ ਟੋਰਾਂਟੋ ‘ਚ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਪੁੱਜੇ ਅੱਧਖੜ ਉਮਰ ਦੇ ਪੰਜਾਬੀਆਂ ਨੂੰ ਵੀ ਐਂਟਰੀ ਨਹੀਂ ਮਿਲ ਸਕੀ। ਉਹ 20 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਅਮਰੀਕੀ ਨਾਗਰਿਕ ਹੋ ਚੁੱਕਾ ਹੈ ਪਰ ਓਥੇ ਉਸ ਦਾ ਪਿਛੋਕੜ ਸ਼ਰਾਬ ਪੀਅ ਕੇ ਗੱਡੀ ਚਲਾਉਣ ਸਮੇਤ ਅਪਰਾਧਿਕ ਹੋਣ ਕਾਰਨ ਇਮੀਗ੍ਰੇਸ਼ਨ ਅਫ਼ਸਰਾਂ ਨੇ ਉਸ ਨੂੰ ਵਾਪਸੀ ਫਲਾਇਟ ਵਿਚ ਮੋੜਨ ਦਾ ਫੈਸਲਾ ਕੀਤਾ।
ਵਿਜ਼ਟਰ ਵੀਜ਼ੇ ‘ਤੇ ਆ ਕੇ ਡਾਲਰ ਕਮਾਉਣ ਵਾਲਿਆਂ ਦੀ ਐਂਟਰੀ ਵੀ ਹੁਣ ਕੈਨੇਡਾ ‘ਚ ਆਸਾਨ ਨਹੀਂ
ਵਿਦਿਆਰਥੀਆਂ ਨੂੰ ਵੀ ਸਮੈਸਟਰ ਸ਼ੁਰੂ ਹੋਣ ਤੋਂ 10 ਕੁ ਦਿਨ ਪਹਿਲਾਂ ਪੁੱਜਣ ਦੀ ਸਲਾਹ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਸੈਰ ਕਰਨ ਗਏ ਲੋਕਾਂ ਵਲੋਂ ਛੇ ਮਹੀਨਿਆਂ ਦੀ ਖੁੱਲ੍ਹੀ ਐਂਟਰੀ ਦੇ ਸਹਾਰੇ ਨੌਕਰੀਆਂ ਨਾਲ ਡਾਲਰ ਕਮਾਉਣ ਦਾ ਰੁਝਾਨ ਬੀਤੇ ਤਿੰਨ ਕੁ ਸਾਲਾਂ ਤੋਂ ਬਹੁਤ ਵਧਦਾ ਗਿਆ ਹੈ। ਇਸ ਹਾਲਾਤ ਉਪਰ ਕਾਬੂ ਪਾਉਣ ਲਈ ਇਮੀਗ੍ਰੇਸ਼ਨ ਮੰਤਰਾਲੇ ਦੇ ਅਧਿਕਾਰੀ ਹੁਣ ਸਰਗਰਮ ਹਨ। ਕੈਨੇਡੀਅਨ ਅੰਬੈਸੀ ਵਲੋਂ ਵੀਜ਼ਾ ਦੀ ਚੂੜੀ ਕੱਸਣੀ ਸ਼ੁਰੂ ਕੀਤੇ ਜਾਣ ਬਾਰੇ ਪਤਾ ਲੱਗ ਰਿਹਾ ਹੈ। ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸੈਰ ਦੇ ਬਹਾਨੇ ਨਾਲ ਕੈਨੇਡਾ ਵਿਚ ਡਾਲਰ ਕਮਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕੁਝ ਸਖਤ ਕਦਮ ਅਮਲ ‘ਚ ਲਿਆਂਦੇ ਗਏ ਹਨ। ਅਜਿਹੇ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਤੇ ਸੈਰ ਕਰਨ ਲਈ ਕੈਨੇਡੀਅਨ ਹਵਾਈ ਅੱਡੇ ਤੋਂ ਛੇ ਮਹੀਨੇ ਦੀ ਐਂਟਰੀ ਮਿਲਣਾ ਔਖਾ ਹੁੰਦਾ ਜਾ ਰਿਹਾ ਹੈ। ਪਹਿਲੀ ਵਾਰੀ ਜਾਣ ਵਾਲੇ ਵਿਅਕਤੀ ਨਾਲ ਕੁਝ ਨਰਮੀ ਵਰਤੀ ਜਾਂਦੀ ਹੈ ਪਰ ਦੂਸਰੀ ਜਾਂ ਤੀਸਰੀ ਵਾਰੀ ਤੋਂ ਤਾਣੀ ਦੀਆਂ ਤੰਦਾਂ ਉਲਝਦੀਆਂ ਜਾਂਦੀਆਂ ਹਨ। ਇਮੀਗ੍ਰੇਸ਼ਨ ਅਫ਼ਸਰਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਲੰਬੀ ਐਂਟਰੀ ਦੀ ਦੁਰਵਰਤੋਂ ਹੁੰਦੀ ਹੈ। ਵਿਆਹਾਂ, ਮੰਗਣੀਆਂ, ਜਨਮ ਪਾਰਟੀਆਂ, ਵਰ੍ਹੇਗੰਢਾਂ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਪੁੱਜਦੇ ਵਿਅਕਤੀ ਜੇਕਰ ਚਾਰ-ਪੰਜ ਜਾਂ ਸਾਢੇ ਪੰਜ ਮਹੀਨੇ ਕੈਨੇਡਾ ਵਿਚ ਠਹਿਰਨਾ ਚਾਹੁਣ ਤਾਂ ਉਹ ਸਵਾਲਾਂ ਦੇ ਘੇਰੇ ਵਿਚ ਘਿਰਦੇ ਹਨ। ਅਕਸਰ ਉਨ੍ਹਾਂ ਕੋਲ ਏਸ ਸਿੱਧੇ ਸਵਾਲ ਦਾ ਜਵਾਬ ਨਹੀਂ ਹੁੰਦਾ ਕਿ ਵਿਆਹ, ਮੰਗਣੀ, ਜਨਮ ਪਾਰਟੀ, ਵਰ੍ਹੇਗੰਢ ਦਾ ਸਮਾਗਮ ਤਾਂ ਦੋ ਚਾਰ ਦਿਨਾਂ ਵਿਚ ਖਤਮ ਹੋ ਜਾਣਾ ਤੇ ਫਿਰ ਚਾਰ-ਪੰਜ ਮਹੀਨੇ ਏਥੇ ਕੀ ਕਰਨਾ? ਸਮਾਗਮਾਂ ਵਿਚ ਸ਼ਾਮਿਲ ਹੋਣ ਦੀ ਗੱਲ ਕਹਿਣ ਵਾਲੇ ਵਿਅਕਤੀਆਂ ਨੂੰ ਇਨੀਂ ਦਿਨੀਂ ਮੁਸ਼ਕਿਲ ਨਾਲ 15 ਦਿਨ, ਮਹੀਨਾ ਜਾਂ ਦੋ ਮਹੀਨੇ ਦੀ ਐਂਟਰੀ ਦਿੱਤੀ ਜਾਂਦੀ ਹੈ। ਟਰੱਕਾਂ-ਟ੍ਰਾਂਸਪ੍ਰੋਟਰਾਂ ਅਤੇ ਰੈਸਟੋਰੈਂਟ-ਹੋਟਲ-ਸਟੋਰ ਦੇ ਮਾਲਕਾਂ ਦੇ (ਨੌਜਵਾਨ) ਰਿਸ਼ਤੇਦਾਰਾਂ ਨੂੰ ਹਵਾਈ ਅੱਡਿਆਂ ਅੰਦਰ ਸਭ ਤੋਂ ਵੱਧ ਸਖਤੀ ਸਹਿਣੀ ਪੈ ਸਕਦੀ ਹੈ ਕਿਉਂਕਿ ਅਫ਼ਸਰਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਕੰਮ ਲੱਗ ਜਾਣਾ ਹੈ। ਇਹ ਵੀ ਕਿ ਵਿਜ਼ਟਰ/ਸੈਲਾਨੀ ਦੀ ਮਿਥੇ ਸਮੇਂ ਤੱਕ ਵਾਪਸੀ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਪਰਚਾ ਕੱਟਿਆ ਜਾਂਦਾ ਹੈ। ਉਸ ਪਰਚੇ ਦਾ ਤਕਨੀਕੀ ਨਾਂ ਵਿਜ਼ਟਰ ਰੈਕ੍ਰਡ ਹੈ। ਰੈਕ੍ਰਡ ਵਾਲਾ ਫਾਰਮ ਭਰ ਕੇ ਪਾਸਪੋਰਟ ਵਿਚ ਨੱਥੀ ਕਰ ਦਿੱਤਾ ਜਾਂਦਾ ਹੈ। ਲੰਘੇ ਚਾਰ ਕੁ ਮਹੀਨਿਆਂ ਤੋਂ ਪਰਚੇ ਕੱਟਣ ਵਿਚ ਬਹੁਤ ਤੇਜ਼ੀ ਆਉਂਦੀ ਜਾ ਰਹੀ ਹੈ। ਰੈਕ੍ਰਡ ਵਾਲੇ ਪਰਚੇ ਉਪਰ ਕੈਨੇਡਾ ਵਿਚ ਠਹਿਰਨ ਦਾ ਸਮਾਂ ਭਾਵ ਵਾਪਸ ਮੁੜਨ ਦੀ ਤਰੀਕ ਸਪੱਸ਼ਟ ਅੰਕਿਤ ਕੀਤੀ ਜਾਂਦੀ ਹੈ। ਉਸ ਤਰੀਕ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲਣਾ ਜਰੂਰੀ ਹੁੰਦਾ ਹੈ। ਉਹ ਸਮਾਂ ਵਧਾਇਆ ਨਹੀਂ ਜਾ ਸਕਦਾ। ਠਹਿਰਨ ਦਾ ਜਿੰਨਾ ਸਮਾਂ ਮਿਲਿਆ ਹੋਏ, ਉਸ ਦੌਰਾਨ ਕੰਮ ਨਾ ਕਰਨ ਜਾਂ ਪੜ੍ਹਾਈ ਨਾ ਕਰਨ ਬਾਰੇ ਹਦਾਇਤ ਲਿਖੀ ਹੁੰਦੀ ਹੈ। ਵਾਪਸੀ ਉਡਾਣ ਵਿਚ ਬੈਠਣ ਤੋਂ ਪਹਿਲਾਂ ਉਹ ਪਰਚਾ ਹਵਾਈ ਅੱਡੇ ਅੰਦਰ ਇਮੀਗ੍ਰੇਸ਼ਨ ਅਧਿਕਾਰੀ ਨੂੰ ਮੋੜਨਾ ਲਾਜ਼ਮੀ ਹੁੰਦਾ ਹੈ। ਇਹ ਵੀ ਕਿ ਇਮੀਗ੍ਰੇਸ਼ਨ ਅਧਿਕਾਰੀ ਕੋਲ ਪੇਸ਼ ਹੋ ਕੇ ਪਰਚੇ ਨਾਲ ਬੋਰਡਿੰਗ ਪਾਸ ਦਿਖਾਉਣਾ ਪੈਂਦਾ ਹੈ। ਜੇਕਰ ਪਰਚਾ ਮੋੜਨ ਤੋਂ ਬਿਨਾ ਜਹਾਜ਼ ਵਿਚ ਬੈਠ ਜਾਇਆ ਜਾਵੇ ਤਾਂ ਅਗਲੀ ਵਾਰੀ ਕੈਨੇਡਾ ਦੀ ਐਂਟਰੀ ਵਾਲਾ ਕੰਮ ਸਿਰੇ ਲੱਗਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀਆਂ ਕੁਝ ਸਖਤੀਆਂ ਦੀ ਮਦਦ ਨਾਲ ਕੈਨੇਡਾ ਵਿਚ ਪਰਿਵਾਰ ਜਾਂ ਰਿਸ਼ੇਤਦਾਰਾਂ ਨਾਲ ਮੇਲ-ਮਿਲਾਪ ਕਰਨ ਜਾਂ ਸੈਰ ਦੇ ਬਹਾਨੇ ਆ ਕੇ ਨਕਦ ਡਾਲਰ ਕਮਾਉਣ ਦੇ ਪ੍ਰਚਲਨ ਨੂੰ ਨੱਥਣ ਵਾਸਤੇ ਕੀਤੀਆਂ ਜਾ ਰਹੀਆਂ ਹਨ।
ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ਵਿਚ ਪੜ੍ਹਨ ਆਏ ਹੋਏ ਪੁੱਤ-ਧੀਅ ਕੋਲ ਤਿੰਨ-ਚਾਰ ਜਾਂ ਪੰਜ ਮਹੀਨੇ ਠਹਿਰਨ ਆਉਣ ਵਾਲੇ ਮਾਪਿਆਂ ਦੀ ਪੁਛਗਿੱਛ ਵੀ ਬਹੁਤ ਵਧ ਗਈ ਹੈ। ਕੈਨੇਡਾ ਵਿਚ ਬਾਲਗ ਧੀਅ-ਪੁੱਤ ਦੀ ਦੇਖਭਾਲ ਲਈ ਮਾਂ-ਬਾਪ ਦਾ ਉਸ ਦੇ ਕੋਲ ਹੋਣਾ ਜਰੂਰੀ ਨਹੀਂ ਮੰਨਿਆ ਜਾਂਦਾ ਜਿਸ ਕਰਕੇ ਵਿਦਿਆਰਥੀ ਦਾ ਖਾਣਾ ਬਣਾਉਣ ਅਤੇ ਕਾਲਜ ਭੇਜਣ ਵਗੈਰਾ ਦੇ ਬਹਾਨੇ ਮਾਂ-ਬਾਪ ਦੀ ਲੰਬੀ ਐਂਟਰੀ ਵਾਲੀ ਗੱਲ ਹੁਣ ਘੱਟ ਹੀ ਬਣਦੀ ਹੈ। ਇਮੀਗ੍ਰੇਸ਼ਨ ਅਧਿਕਾਰੀ ਮੰਨਦੇ ਹਨ ਕਿ ਗਰੈਜੂਏਸ਼ਨ ਜਾਂ ਕਨਵੋਕੇਸ਼ਨ ਵਾਸਤੇ ਵੀ ਕੈਨੇਡਾ ਦੀ ਐਂਟਰੀ ਸੀਮਤ ਸਮੇਂ ਦੀ ਚਾਹੀਦੀ ਹੁੰਦੀ ਹੈ, ਕਿਉਂਕਿ ਗਰੈਜੂਏਸ਼ਨ ਦੇ ਜਸ਼ਨ 6 ਮਹੀਨੇ ਨਹੀਂ ਮਨਾਏ ਜਾਂਦੇ। ਪੜ੍ਹਾਈ ਸ਼ੁਰੂ ਹੋਣ ਤੋਂ ਕਈ ਮਹੀਨੇ ਪਹਿਲਾਂ ਆਉਂਦੇ ਲੜਕੇ ਤੇ ਲੜਕੀਆਂ ਨੂੰ ਇਹ ਆਖ ਕੇ ਵਾਪਸ ਮੋੜਿਆ ਜਾਂਦਾ ਕਿ ਸਮੈਸਟਰ ਸ਼ੁਰੂ ਹੋਣ ਸਮੇਂ ਦੁਬਾਰਾ ਆ ਜਾਣਾ। ਵਿਦਿਆਰਥੀਆਂ ਨੂੰ ਅੰਬੈਸੀ ਦੇ ਅਧਿਕਾਰੀਆਂ ਤੋਂ ਹਦਾਇਤ ਮਿਲਣ ਲੱਗੀ ਹੈ ਕਿ ਸਮੈਸਟਰ ਸ਼ੁਰੂ ਹੋਣ ਤੋਂ 2-3 ਹਫ਼ਤੇ ਪਹਿਲਾਂ ਤੱਕ ਕੈਨੇਡਾ ਨਾ ਪੁੱਜਣ। ਇਸ ਹਦਾਇਤ ਦੀ ਅਣਦੇਖੀ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਦੇ ਹਵਾਈ ਅੱਡਿਆਂ ਅੰਦਰ ਬੜੀ ਔਖੀ ਘੜੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਕਈਆਂ ਦਾ ਕੈਨੇਡਾ ਦਾ ਸੁਪਨਾ ਹੱਥਾਂ ਵਿਚੋਂ ਕਿਰ ਜਾਣ ਦੇ ਆਸਾਰ ਵੀ ਬਣਦੇ ਹਨ।