ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਵਧਾਈ ਸੰਦੇਸ਼
ਟੋਰਾਂਟੋ/ਸਤਪਾਲ ਸਿੰਘ ਜੌਹਲ
ਭਾਰਤ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਓਟਾਵਾ ਸਥਿਤ ਦਫਤਰ ਤੋਂ ਦੁਨੀਆਂ ਭਰ ‘ਚ ਵਸਦੇ ਭਾਰਤੀ ਲੋਕਾਂ ਲਈ ਵਧਾਈ ਸੰਦੇਸ਼ ਜਾਰੀ ਕੀਤਾ ਗਿਆ ਅਤੇ ਟੋਰਾਂਟੋ ਸਥਿਤ ਭਾਰਤ ਦੇ ਕੌਂਸਲਖਾਨੇ ਵਲੋਂ ਬਰੈਂਪਟਨ ਵਿਖੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਗਮ ਪੀਅਰਸਨ ਕਨਵੈਨਸ਼ਨ ਸੈਂਟਰ ‘ਚ ਕਰਵਾਇਆ ਗਿਆ, ਜਿਸ ‘ਚ ਵੱਡੀ ਗਿਣਤੀ ਭਾਰਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਰਤੀ ਕੌਂਸਲ ਜਨਰਲ ਅਪੂਰਵਾ ਸ੍ਰੀਵਾਸਤਵਾ ਨੇ ਕਿਹਾ ਚੰਗੇ ਸਰਕਾਰੀ ਤੇ ਪ੍ਰਸ਼ਾਸਕੀ ਪ੍ਰਬੰਧਾਂ ਸਦਕਾ ਭਾਰਤ ਤਰੱਕੀ ਦੀ ਰਾਹ ‘ਤੇ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ‘ਚ ਆ ਕੇ ਭਾਰਤੀਆਂ ਨੇ ਪਾਸਪੋਰਟ ਭਾਵੇਂ ਬਦਲ ਲਿਆ ਹੋਵੇ (ਭਾਵ ਕੈਨੇਡੀਅਨ ਬਣ ਗਏ ਹੋਣ) ਪਰ ਉਨ੍ਹਾਂ ਦਾ ਦਿਲ ਭਾਰਤੀ ਹੈ। ਉਨਟਾਰੀਓ ‘ਚ ਭਾਰਤੀ ਮੂਲ ਦੀ ਵਸੋਂ ਲਗਪਗ 8,30,000 ਹੈ। ਸਮਾਗਮ ‘ਚ ਪਹੁੰਚ ਕੇ ਉਨਟਾਰੀਓ ਦੇ ਸਰਕਾਰੀ ਮਾਮਲਿਆਂ ਦੇ ਸੰਸਦੀ ਸਕੱਤਰ ਐਂਡਰੀਆ ਖੰਜੀਨ ਨੇ ਮੁੱਖ ਮੰਤਰੀ ਡਗਲਸ ਫੋਰਡ ਵਲੋਂ ਵਧਾਈ ਸੰਦੇਸ਼ ਦਿੱਤਾ। ਇਸ ਮੌਕੇ ਪੰਜਾਬੀ ਭੰਗੜੇ ਸਮੇਤ ਭਾਰਤ ਦਾ ਨਾਚ ਅਤੇ ਗੀਤ-ਸੰਗੀਤ ਵੀ ਪੇਸ਼ ਕੀਤਾ ਗਿਆ।