Home / ਜੀ.ਟੀ.ਏ. ਨਿਊਜ਼ / ਇਮੀਗ੍ਰੈਂਟਸ ਬਾਰੇ ਦਿੱਤੇ ਬਿਆਨ ਦਾ ਕੈਨੇਡੀਅਨਜ਼ ਵੱਲੋਂ ਕੀਤਾ ਜਾ ਰਿਹਾ ਹੈ ਸਮਰਥਨ : ਡਗ ਫੋਰਡ

ਇਮੀਗ੍ਰੈਂਟਸ ਬਾਰੇ ਦਿੱਤੇ ਬਿਆਨ ਦਾ ਕੈਨੇਡੀਅਨਜ਼ ਵੱਲੋਂ ਕੀਤਾ ਜਾ ਰਿਹਾ ਹੈ ਸਮਰਥਨ : ਡਗ ਫੋਰਡ

ਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਇਮੀਗ੍ਰੈਂਟਸ ਬਾਰੇ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਉੱਤੇ ਵਿਰੋਧੀ ਧਿਰਾਂ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਪਰ ਬਹੁਤ ਸਾਰੇ ਨਵੇਂ ਕੈਨੇਡੀਅਨਜ਼ ਵੱਲੋਂ ਉਨ੍ਹਾਂ ਨੂੰ ਇਹ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਬਿਆਨ ਬਹੁਤ ਜ਼ਬਰਦਸਤ ਸੀ। ਬਰੈਂਪਟਨ ਈਸਟ ਤੋਂ ਐਮਪੀਪੀ ਗੁਰਰਤਨ ਸਿੰਘ ਨੇ ਮੰਗ ਕੀਤੀ ਕਿ ਫੋਰਡ ਨੂੰ ਨਵੇਂ ਕੈਨੇਡੀਅਨਜ਼ ਬਾਰੇ ਇਸ ਤਰ੍ਹਾਂ ਦੀਆਂ ਦਕਿਆਨੂਸੀ ਤੇ ਨਸਲੀ ਟਿੱਪਣੀਆਂ ਨਹੀਂ ਸਨ ਕਰਨੀਆਂ ਚਾਹੀਦੀਆਂ ਤੇ ਹੁਣ ਉਨ੍ਹਾਂ ਨੂੰ ਆਪਣੀਆਂ ਅਜਿਹੀਆਂ ਟਿੱਪਣੀਆਂ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਬਹੁਤ ਹੀ ਦਿਲ ਦੁਖਾਉਣ ਵਾਲੀਆਂ, ਵੰਡੀਆਂ ਪਾਉਣ ਵਾਲੀਆਂ ਤੇ ਗਲਤ ਸਨ। ਸੋਮਵਾਰ ਨੂੰ ਫੋਰਡ ਜਦੋਂ ਤੇਕੁਮਸੇਹ ਦੇ ਦੌਰੇ ਉੱਤੇ ਗਏ ਸਨ ਤਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਮੀਗ੍ਰੈਂਟਸ ਬਾਰੇ ਇਹ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਆਖਿਆ ਕਿ ਸਾਨੂੰ ਦੁਨੀਆ ਭਰ ਦੇ ਲੋਕਾਂ ਦੀ ਬਹੁਤ ਲੋੜ ਹੈ। ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਸਾਨੂੰ ਸਿਰਫ ਮਿਹਨਤੀ ਲੋਕਾਂ ਦੀ ਹੀ ਲੋੜ ਹੈ। ਇਨ੍ਹਾਂ ਵਿਵਾਦਗ੍ਰਸਤ ਬਿਆਨਾਂ ਲਈ ਤਿੰਨਾਂ ਵਿਰੋਧੀ ਪਾਰਟੀਆਂ ਵੱਲੋਂ ਫੋਰਡ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਪਰ ਅਜਿਹਾ ਕਰਨ ਤੋਂ ਫੋਰਡ ਨੇ ਇਨਕਾਰ ਕਰ ਦਿੱਤਾ।
ਇਮੀਗ੍ਰੈਂਟਸ ਬਾਰੇ ਫੋਰਡ ਵੱਲੋਂ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਵਿਰੋਧੀ ਧਿਰਾਂ ਨੇ ਲਿਆ ਸਖਤ ਨੋਟਿਸ
ਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਇਮੀਗ੍ਰੈਂਟਸ ਬਾਰੇ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਵਿਰੋਧੀ ਧਿਰਾਂ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ। ਇਸ ਸਬੰਧ ਵਿੱਚ ਫੋਰਡ ਨੂੰ ਮੁਆਫੀ ਮੰਗਣ ਲਈ ਵੀ ਆਖਿਆ ਜਾ ਰਿਹਾ ਹੈ। ਫੋਰਡ ਤੈਕੁਮਸੈਥ ਵਿੱਚ ਸਨ ਜਦੋਂ ਉਨ੍ਹਾਂ ਸਕਿੱਲਡ ਲੇਬਰ ਦੀ ਘਾਟ ਦੀ ਗੱਲ ਕਰਦਿਆਂ ਆਖਿਆ ਕਿ ਇਮੀਗ੍ਰੈਂਟਸ ਓਨਟਾਰੀਓ ਡੋਲ (ਬੇਰੋਜਗਾਰੀ ਭੱਤੇ) ਲੈਣ ਦੀ ਝਾਕ ਨਾਲ ਆਉਂਦੇ ਹਨ। ਉਨ੍ਹਾਂ ਆਖਿਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਥੇ ਵਿਹਲੇ ਬਹਿ ਕੇ ਡੋਲ ਹਾਸਲ ਕਰਨ ਲਈ ਆ ਰਹੇ ਹੋਂ ਤਾਂ ਅਜਿਹਾ ਨਹੀਂ ਹੋਣ ਵਾਲਾ। ਤੁਹਾਨੂੰ ਕਿਤੇ ਹੋਰ ਜਾਣਾ ਚਾਹੀਦਾ ਹੈ। ਇਸ ਦੌਰਾਨ ਫੋਰਡ ਵੱਲੋਂ ਵਿੰਡਸਰ-ਐਸੈਕਸ ਵਿੱਚ ਨਵਾਂ ਮੈਗਾ ਹਸਪਤਾਲ ਖੋਲ੍ਹੇ ਜਾਣ ਲਈ 9.8 ਮਿਲੀਅਨ ਡਾਲਰ ਦੇਣ ਦਾ ਐਲਾਨ ਵੀ ਕੀਤਾ ਗਿਆ। ਇਮੀਗ੍ਰੈਂਟਸ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਨੂੰ ਓਨਟਾਰੀਓ ਦੇ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਨਿਰਾਸ਼ਾਜਨਕ ਦੱਸਿਆ ਤੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਫੋਰਡ ਇਸ ਸਬੰਧ ਵਿੱਚ ਮੁਆਫੀ ਮੰਗਣ। ਉਨ੍ਹਾਂ ਆਖਿਆ ਕਿ ਪ੍ਰੀਮੀਅਰ ਦਾ ਕੰਮ ਸਾਨੂੰ ਸੱਭ ਨੂੰ ਇੱਕਜੁੱਟ ਕਰਕੇ ਰੱਖਣਾ ਹੈ ਨਾ ਕਿ ਇਸ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਕਰਕੇ ਸਾਡੇ ਵਿੱਚ ਵੰਡੀਆ ਪਾਉਣਾ ਹੈ। ਉਨ੍ਹਾਂ ਅਖਿਆ ਕਿ ਖੁਦ ਇਮੀਗ੍ਰੈਂਟਸ ਦਾ ਲੜਕਾ ਹੋਣ ਨਾਤੇ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਵਾਂਗ ਹੀ ਕਿਸ ਤਰ੍ਹਾਂ ਹੋਰਨਾ ਲੋਕਾਂ ਨੇ ਓਨਟਾਰੀਓ ਦੇ ਨਿਰਮਾਣ ਵਿੱਚ ਆਪਣਾ ਖੂਨ ਪਸੀਨਾ ਇੱਕ ਕੀਤਾ ਹੈ। ਇਸ ਦੌਰਾਨ ਓਨਟਾਰੀਓ ਦੀ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਵੀ ਡੈਲ ਡੂਕਾ ਦੇ ਬਿਆਨ ਦਾ ਸਮਰਥਨ ਕੀਤਾ। ਜਦੋਂ ਇਸ ਬਾਰੇ ਫੋਰਡ ਦੀ ਰਾਇ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੀ ਤਰਜਮਾਨ ਇਵਾਨਾ ਯੈਲਿਚ ਨੇ ਆਖਿਆ ਕਿ ਜਿਹੜੇ ਲੋਕ ਸਖਤ ਮਿਹਨਤ ਕਰਨ, ਆਪਣੇ ਪਰਿਵਾਰ ਦੀ ਮਦਦ ਕਰਨ ਤੇ ਆਪਣੀ ਕਮਿਊਨਿਟੀ ਲਈ ਯੋਗਦਾਨ ਪਾਉਣ ਵਾਲੇ ਹਨ ਉਨ੍ਹਾਂ ਲਈ ਓਨਟਾਰੀਓ ਦੇ ਦਰਵਾਜੇ ਹਮੇਸਾਂ ਖੁੱਲ੍ਹੇ ਹਨ। ਸਕਿੱਲਡ ਤੇ ਗੈਰ ਸਕਿੱਲਡ ਵਰਕਰਜ਼ ਰਾਹੀਂ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਓਨਟਾਰੀਓ ਹਮੇਸ਼ਾਂ ਤਿਆਰ ਹੈ।

 

Check Also

ਐਂਥਨੀ ਰੋਟਾ ਮੁੜ ਚੁਣੇ ਗਏ ਹਾਊਸ ਆਫ ਕਾਮਨਜ਼ ਦੇ ਸਪੀਕਰ

ਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟ ਮੈਂਬਰਜ਼ ਵੱਲੋਂ ਸੀਨੀਅਰ ਲਿਬਰਲ ਐਂਥਨੀ ਰੋਟਾ ਨੂੰ ਮੁੜ ਹਾਊਸ ਆਫ ਕਾਮਨਜ਼ …