-12.7 C
Toronto
Saturday, January 31, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਆਉਣ ਵਾਲਿਆਂਨੂੰ ਸੈਲਫ ਆਈਸੋਲੇਸ਼ਨ 'ਚ ਰਹਿਣਾ ਹੋਵੇਗਾ ਲਾਜ਼ਮੀ : ਸਿਹਤ ਮੰਤਰੀ

ਕੈਨੇਡਾ ਆਉਣ ਵਾਲਿਆਂਨੂੰ ਸੈਲਫ ਆਈਸੋਲੇਸ਼ਨ ‘ਚ ਰਹਿਣਾ ਹੋਵੇਗਾ ਲਾਜ਼ਮੀ : ਸਿਹਤ ਮੰਤਰੀ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਾਪਸ ਆ ਰਹੇ ਯਾਤਰੀਆਂ ਨੂੰ ਫੈਡਰਲ ਕੁਆਰਨਟੀਨ ਐਕਟ ਤਹਿਤ ਅਪਣਾਏ ਜਾਣ ਵਾਲੇ ਨਵੇਂ ਮਾਪਦੰਡਾਂ ਅਨੁਸਾਰ ਸੈਲਫ ਆਈਸੋਲੇਸ਼ਨ ‘ਚ ਰਹਿਣਾ ਹੋਵੇਗਾ।
ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਸੈਨੇਟ ਵਿੱਚ ਆਖਿਆ ਕਿ ਜ਼ਰੂਰੀ ਕਾਮਿਆਂ ਨੂੰ ਛੱਡ ਕੇ ਸਾਰੇ ਯਾਤਰੀਆਂ ਨੂੰ ਕਾਨੂੰਨੀ ਤੌਰ ਉੱਤੇ ਇਹ ਬੰਦਿਸ਼ ਹੋਵੇਗੀ ਕਿ ਉਹ ਕੈਨੇਡਾ ਪਹੁੰਚਣ ਉਪਰੰਤ ਖੁਦ ਨੂੰ ਆਈਸੋਲੇਟ ਕਰ ਲੈਣ। ਅਜਿਹਾ ਕੀਤਾ ਜਾਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਨੋਵਲ ਕਰੋਨਾਵਾਇਰਸ ਹੋਰ ਨਾ ਫੈਲੇ। ਉਨ੍ਹਾਂ ਆਖਿਆ ਕਿ ਨਵੇਂ ਮਾਪਦੰਡਾਂ ਨਾਲ ਦੇਸ਼ ਵਿੱਚ ਦਾਖਲ ਹੋਣ ਵਾਲਿਆਂ ਲਈ ਨਵੇਂ ਨਿਯਮ ਹੁਣ ਸਪਸ਼ਟ ਹੋ ਗਏ ਹਨ।
ਸੈਨੇਟ ਦੀ ਕਾਰਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਜ਼ਦੂ ਨੇ ਆਖਿਆ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਦੇ ਅਧਿਕਾਰੀ ਇੱਥੇ ਪਹੁੰਚਣ ਵਾਲੇ ਯਾਤਰੀਆਂ ਨੂੰ ਇਸ ਨਵੇਂ ਨਿਯਮ ਤੋਂ ਜਾਣੂ ਕਰਵਾਉਣਗੇ। ਸਿਹਤ ਮੰਤਰੀ ਨੇ ਆਖਿਆ ਕਿ ਸਾਰੇ ਯਾਤਰੀਆਂ ਨੂੰ ਇਹ ਦੱਸਿਆ ਜਾਵੇਗਾ ਕਿ ਘਰ ਪਹੁੰਚਣ ਤੱਕ ਉਹ ਰਾਹ ਵਿੱਚ ਕਿਤੇ ਵੀ ਨਹੀਂ ਰੁਕ ਸਕਦੇ ਤੇ ਨਾ ਹੀ ਉਨ੍ਹਾਂ ਨੂੰ ਪਬਲਿਕ ਟਰਾਂਸਪੋਰਟੇਸ਼ਨ ਦੀ ਵਰਤੋਂ ਕਰਨ ਦੀ ਹੀ ਇਜਾਜ਼ਤ ਹੋਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਕਰੋਨਾਵਾਇਰਸ ਦੇ ਲੱਛਣ ਦਰਸਾਉਣ ਵਾਲੇ ਲੋਕਾਂ ਉੱਤੇ ਹੀ ਨਹੀਂ ਸਗੋਂ ਕੈਨੇਡਾ ਪਰਤਣ ਵਾਲੇ ਸਾਰੇ ਯਾਤਰੀਆਂ ਉੱਤੇ ਇਹ ਨਿਯਮ ਲਾਗੂ ਹੋਵੇਗਾ। ਹਾਜ਼ਦੂ ਨੇ ਆਖਿਆ ਕਿ ਜਿਨ੍ਹਾਂ ਕੋਲ ਆਵਾਜਾਈ ਦੇ ਪ੍ਰਾਈਵੇਟ ਸਾਧਨ ਨਹੀਂ ਹਨ ਉਨ੍ਹਾਂ ਲਈ ਟਰੈਵਲ ਸਬੰਧੀ ਇੰਤਜ਼ਾਮ ਸਰਕਾਰ ਕਰੇਗੀ। ਸਿਹਤ ਮੰਤਰੀ ਨੇ ਅੱਗੇ ਆਖਿਆ ਕਿ ਯਾਤਰੀਆਂ ਨੂੰ ਖੁਦ ਨੂੰ ਅਜਿਹੀ ਥਾਂ ਉੱਤੇ ਆਈਸੋਲੇਟ ਕਰਨ ਤੋਂ ਗੁਰੇਜ਼ ਕਰਨਾ ਹੋਵੇਗਾ ਜਿੱਥੇ ਉਨ੍ਹਾਂ ਦਾ ਸੰਪਰਕ ਕਮਜ਼ੋਰ ਲੋਕਾਂ, ਜਿਵੇਂ ਕਿ ਬਜ਼ੁਰਗਾਂ ਜਾਂ ਜਿਨ੍ਹਾਂ ਦੀ ਪਹਿਲਾਂ ਤੋਂ ਹੀ ਕੋਈ ਮੈਡੀਕਲ ਸਮੱਸਿਆ ਹੈ, ਨਾਲ ਹੋ ਸਕਦਾ ਹੋਵੇ। ਹਾਜ਼ਦੂ ਨੇ ਆਖਿਆ ਕਿ ਅਜਿਹੇ ਲੋਕਾਂ ਲਈ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (ਪੀਐਚਏਸੀ) ਬਦਲਵੇਂ ਪ੍ਰਬੰਧ ਕਰੇਗੀ।
ਹਾਜ਼ਦੂ ਨੇ ਆਖਿਆ ਕਿ ਇਹ ਯਕੀਨੀ ਬਣਾਉਣ ਲਈ ਕਿ ਇਸ ਨਿਯਮ ਦੀ ਪਾਲਣਾ ਹੋ ਰਹੀ ਹੈ, ਅਧਿਕਾਰੀ ਫੌਲੋਅ-ਅੱਪ ਲਈ ਅਜਿਹੇ ਯਾਤਰੀਆਂ ਦਾ ਸੰਪਰਕ ਨੰਬਰ ਲੈਣਗੇ। ਇਸ ਦੇ ਨਾਲ ਹੀ ਅਚਨਚੇਤੀ ਦੌਰੇ ਕਰਕੇ ਇਹ ਚੈੱਕ ਕੀਤਾ ਜਾਵੇਗਾ ਕਿ ਸਬੰਧਤ ਵਿਅਕਤੀ ਸੈਲਫ ਆਈਸੋਲੇਸ਼ਨ ਵਾਲੇ ਨਿਯਮ ਦੀ ਪਾਲਣਾ ਕਰ ਰਿਹਾ ਹੈ। ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਸਿਹਤ ਮੰਤਰੀ ਕੁਆਰਨਟੀਨ ਐਕਟ ਤਹਿਤ ਜਿੰਨੀਆਂ ਵੀ ਸ਼ਕਤੀਆਂ ਹਨ ਉਨ੍ਹਾਂ ਦੀ ਵਰਤੋਂ ਕਰਕੇ ਕਰੋਨਾਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਯਤਨਸ਼ੀਲ ਹਨ। ਉਨ੍ਹਾਂ ਆਖਿਆ ਕਿ ਸਾਰੇ ਕੈਨੇਡੀਅਨ ਜਾਣਦੇ ਹਨ ਕਿ ਇਸ ਸਮੇਂ ਸੈਲਫ ਆਈਸੋਲੇਸ਼ਨ ਦੀ ਕਿੰਨੀ ਅਹਿਮੀਅਤ ਹੈ। ਇਸ ਨਿਯਮ ਦੀ ਪਾਲਣਾ ਨਾ ਕਰਨਾ ਹੁਣ ਗੈਰਕਾਨੂੰਨੀ ਮੰਨਿਆ ਜਾਵੇਗਾ। ਫੈਡਰਲ ਸਰਕਾਰ ਅਨੁਸਾਰ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨੇ ਦੇ ਨਾਲ ਨਾਲ ਹਿਰਾਸਤ ਵਿੱਚ ਵੀ ਲਿਆ ਜਾ ਸਕੇਗਾ।

RELATED ARTICLES
POPULAR POSTS