ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਪੜ੍ਹਾਈ ਕਰਨ ਲਈ ਗਏ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੀ ਬਾਰਡਰ ਸਕਿਉਰਿਟੀ ਏਜੰਸੀ (ਸੀਬੀਐਸਏ) ਨੇ ਡੀਪੋਰਟੇਸ਼ਨ ਦਾ ਨੋਟਿਸ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਹੀ ਦਿਨਾਂ ਵਿਚ ਕੈਨੇਡਾ ਛੱਡਣ ਦੇ ਲਈ ਕਿਹਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੇ ਜਲੰਧਰ ਦੀ ਇਕ ਏਜੰਸੀ ਦੇ ਮਾਧਿਅਮ ਨਾਲ ਕੈਨੇਡਾ ਦਾ ਸਟੱਡੀ ਵੀਜ਼ਾ ਲਿਆ ਸੀ। ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਵੀ ਕਰ ਲਈ ਸੀ ਅਤੇ ਹੁਣ ਪੀ.ਆਰ. ਦੇ ਲਈ ਅਰਜ਼ੀ ਦਿੱਤੀ ਤਾਂ ਦਸਤਾਵੇਜ਼ਾਂ ਦੀ ਜਾਂਚ ਦੇ ਦੌਰਾਨ ਉਨ੍ਹਾਂ ਦੇ ਦਸਤਾਵੇਜ਼ ਫਰਜ਼ੀ ਪਾਏ ਗਏ। ਜਦਕਿ ਉਨ੍ਹਾਂ ਹੀ ਦਸਤਾਵੇਜ਼ਾਂ ਦੇ ਅਧਾਰ ‘ਤੇ ਉਨ੍ਹਾਂ ਨੂੰ ਵੀਜ਼ਾ ਵੀ ਮਿਲ ਗਿਆ ਅਤੇ ਕੈਨੇਡੀਅਨ ਕਾਲਜਾਂ ਵਿਚ ਦਾਖਲਾ ਵੀ।
ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ 700 ਵਿਦਿਆਰਥੀਆਂ ਨੂੰ ਇਸ ਹਾਲਤ ਵਿਚ ਪਹੁੰਚਾਉਣ ਵਾਲੇ ਵਿਅਕਤੀ ਨੇ ਪ੍ਰਤੀ ਵਿਦਿਆਰਥੀ 16 ਲੱਖ ਰੁਪਏ ਲਏ ਸਨ। ਇਸ ਦੌਰਾਨ ਇਸ ਨੇ ਸਾਰੇ ਦਸਤਾਵੇਜ਼ਾਂ ਅਤੇ ਅਰਜ਼ੀਆਂ ‘ਤੇ ਵਿਦਿਆਰਥੀਆਂ ਦੇ ਹੀ ਦਸਤਖਤ ਕਰਵਾਏ ਅਤੇ ਆਪਣੇ ਦਸਤਖਤ ਨਹੀਂ ਕੀਤੇ। ਇਸ ਲਈ ਵਿਦਿਆਰਥੀਆਂ ਦਾ ਇਹ ਤਰਕ ਕੈਨੇਡੀਅਨ ਏਜੰਸੀਆਂ ਨੂੰ ਸਵੀਕਾਰ ਨਹੀਂ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੁਝ ਨਹੀਂ ਪਤਾ।
ਸਾਲ 2018-19 ‘ਚ ਗਏ ਸਨ ਸਟੱਡੀ ਵੀਜ਼ਾ ‘ਤੇ
ਇਹ ਐਡਮਿਸ਼ਨ ਆਫਰ ਲੈਟਰ ਪੰਜ ਸਾਲ ਪੁਰਾਣੇ ਹਨ, ਜਦੋਂ ਇਹ ਵਿਦਿਆਰਥੀ 2018-19 ਵਿਚ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਏ ਸਨ। ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ, ਇਨ੍ਹਾਂ ਨੂੰ ਵਰਕ ਪਰਮਿਟ ਮਿਲ ਗਿਆ ਹੈ ਅਤੇ ਵਰਕ ਐਕਸਪੀਰੀਐਂਸ ਵੀ ਹਾਸਲ ਹੋ ਗਿਆ ਹੈ। ਜਾਣਕਾਰਾਂ ਦੇ ਮੁਤਾਬਕ ਕੈਨੈਡਾ ਵਿਚ ਇਸ ਤਰ੍ਹਾਂ ਦੇ ਐਜੂਕੇਸ਼ਨ ਫਰਾਡ ਦਾ ਇਹ ਪਹਿਲਾ ਮਾਮਲਾ ਹੈ।