ਟੋਰਾਂਟੋ/ਸਤਪਾਲ ਸਿੰਘ ਜੌਹਲ
ਬਰੈਂਪਟਨ ਵਿਚ ਲੰਘੀ 12 ਜਨਵਰੀ ਨੂੰ ਚਾਕੂ ਨਾਲ ਕਤਲ ਕੀਤੀ ਗਈ ਮਾਂ-ਧੀ ਅਵਤਾਰ ਕੌਰ (60) ਤੇ ਬਲਜੀਤ ਥਾਂਦੀ (32) ਦੀ ਘਟਨਾ ਘਰੇਲੂ ਹਿੰਸਾ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਦੋਹਰੇ ਕਤਲ ਦੇ ਦੋਸ਼ ਵਿਚ ਬਲਜੀਤ ਕੌਰ ਦਾ ਪਤੀ ਦਲਵਿੰਦਰ ਸਿੰਘ (29) ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ। ਲੋਹੜੀ ਤੋਂ ਇਕ ਦਿਨ ਪਹਿਲਾਂ ਦੀ ਰਾਤ ਨੂੰ ਵਾਪਰੀ ਘਟਨਾ ਦਾ ਬੇਹੱਦ ਦੁੱਖਦਾਈ ਪੱਖ ਇਹ ਵੀ ਹੈ ਕਿ ਸ਼ੱਕੀ ਤੇ ਮ੍ਰਿਤਕਾ ਦਾ ਅੱਠ ਕੁ ਮਹੀਨਿਆਂ ਦਾ ਬੱਚਾ ਹੈ, ਜਿਸ ਦੀ ਅਗਲੇ ਦਿਨ ਲੋਹੜੀ ਮਨਾਉਣ ਲਈ ਬਰੈਂਪਟਨ ਵਿਖੇ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਸਮਾਗਮ ਉਲੀਕਿਆ ਗਿਆ ਸੀ। ਵਾਰਦਾਤ ਵਾਪਰਨ ਤੋਂ ਬਾਅਦ ਇਹ ਪ੍ਰੋਗਰਾਮ ਰੱਦ ਕਰਵਾਉਣਾ ਪਿਆ। ਮਾਂ ਤੇ ਦਾਦੀ ਦੇ ਕਤਲ ਤੇ ਪਿਤਾ ਦੇ ਜੇਲ੍ਹ ਜਾਣ ਮਗਰੋਂ ਨੰਨ੍ਹਾ ਬੱਚਾ ਸਰਕਾਰੀ ਸਹਾਇਤਾ ਨਾਲ ਆਸਰਾ ਦੇਣ ਵਾਲੀ ਸੰਸਥਾ (ਚਿਲਡਰਜ਼ ਏਡ ਸੁਸਾਇਟੀ) ਨੂੰ ਸੌਂਪ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਮਾਰੀਆਂ ਗਈ ਮਾਂ-ਧੀ ਪਿੰਡ ਛੋਕਰਾਂ (ਨਵਾਂਸ਼ਹਿਰ) ਤੋਂ ਸਨ ਤੇ ਦਲਵਿੰਦਰ ਸਿੰਘ ਪਿੰਡ ਸਮਰਾਏ ਤੋਂ ਹੈ। ਜ਼ਿਕਰਯੋਗ ਹੈ ਕਿ 2017 ਦੌਰਾਨ ਬਰੈਂਪਟਨ ਵਿਚ ਕੁੱਲ 16 ਕਤਲ ਹੋਏ ਸਨ ਤੇ ਸਾਲ ਦਾ ਆਖਰੀ ਕਤਲ 31 ਦਸੰਬਰ ਨੂੰ ਗੁਰਪ੍ਰੀਤ ਧਾਮੀ ਦਾ (ਆਪਣੀ ਗੱਡੀ ਥੱਲੇ ਕੁਚਲ ਕੇ) ਉਸ ਦੇ ਸਕੇ ਚਚੇਰੇ ਭਰਾ ਅਵਤਾਰ ਧਾਮੀ ਵਲੋਂ ਕੀਤੇ ਜਾਣ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …