ਓਨਟਾਰੀਓ/ਬਿਊਰੋ ਨਿਊਜ਼ : ਮੈਡੀਕਲ ਉਡੀਕ ਸਮੇਂ ਨੂੰ ਘਟਾਉਣ ਲਈ ਓਨਟਾਰੀਓ ਦੇ ਫਾਰਮਾਸਿਸਟਸ ਹੁਣ ਪਹਿਲੀ ਜਨਵਰੀ ਤੋਂ 13 ਆਮ ਬਿਮਾਰੀਆਂ ਲਈ ਦਵਾਈ ਲਿਖਣ ਦੇ ਸਮਰੱਥ ਹੋ ਜਾਣਗੇ।
ਬੁੱਧਵਾਰ ਸਵੇਰੇ ਓਨਟਾਰੀਓ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ। ਬਿਆਨ ਵਿੱਚ ਆਖਿਆ ਗਿਆ ਕਿ ਸਬੰਧਤ ਫਾਰਮੇਸੀਜ਼ ‘ਤੇ ਆਪਣਾ ਹੈਲਥ ਕਾਰਡ ਵਿਖਾ ਕੇ ਲੋਕ ਪ੍ਰਿਸਕ੍ਰਿਪਸ਼ਨ ਹਾਸਲ ਕਰ ਸਕਣਗੇ। ਲੋਕਾਂ ਨੂੰ ਇਹ ਸਲਾਹ ਵੀ ਦਿੱਤੀ ਜਾ ਰਹੀ ਹੈ ਕਿ ਪਹਿਲਾਂ ਆਪਣੇ ਫਾਰਮਾਸਿਸਟਸ ਨੂੰ ਕਾਲ ਕਰਕੇ ਇਹ ਪੁਸ਼ਟੀ ਕਰ ਲੈਣ ਕਿ ਉਹ ਪ੍ਰਿਸਕ੍ਰਿਪਸ਼ਨ ਮੁਹੱਈਆ ਕਰਵਾ ਰਹੇ ਹਨ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਹੈਲਥ ਕੇਅਰ ਸੁਖਾਲੇ ਢੰਗ ਨਾਲ ਮਿਲਣ ਲੱਗੇਗੀ ਤੇ ਲੋਕਾਂ ਨੂੰ ਡਾਕਟਰ ਦੇ ਆਫਿਸ ਦਾ ਗੇੜਾ ਨਿੱਕੀ ਨਿੱਕੀ ਗੱਲ ਲਈ ਨਹੀਂ ਲਾਉਣਾ ਪਵੇਗਾ। ਇਸ ਲਈ ਓਨਟਾਰੀਓ ਵਾਸੀਆਂ ਨੂੰ ਵਾਧੂ ਪੈਸੇ ਵੀ ਨਹੀਂ ਖਰਚ ਕਰਨੇ ਪੈਣਗੇ।
ਇਸ ਦੌਰਾਨ ਸ਼ੌਪਰਜ਼ ਡਰੱਗ ਮਾਰਟ, ਰੈਕਸਲ ਫਾਰਮੇਸੀ ਗਰੁੱਪ ਤੇ ਮੈਕੈਸਨ ਕੈਨੇਡਾ ਜਿਹੜੇ ਗਾਰਡੀਅਨ, ਆਈ ਡੀ ਏ, ਰੈਮੇਡੀਜ਼ ਆਰਐਕਸ ਤੇ ਮੈਡੀਸਨ ਸ਼ੌਪ ਫਾਰਮੇਸੀਜ਼ ਚਲਾਉਂਦੇ ਹਨ, ਨੇ ਬੁੱਧਵਾਰ ਨੂੰ ਆਖਿਆ ਕਿ ਉਨ੍ਹਾਂ ਦੇ ਫਾਰਮਾਸਿਸਟਸ ਇਸ ਵਿੱਚ ਹਿੱਸਾ ਲੈਣਗੇ।