ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਦਾ ਕਹਿਣਾ ਹੈ ਕਿ ਅਜੇ ਵੀ ਕੋਵਿਡ-19 ਵੱਡੀ ਪੱਧਰ ਉੱਤੇ ਸਰਕੂਲੇਟ ਹੋ ਰਿਹਾ ਹੈ ਤੇ ਨਵੇਂ ਸਾਲ ਵਿੱਚ ਇਨਫਲੂਐਂਜਾ ਦੇ ਹੋਰ ਸਟ੍ਰੇਨਜ ਵੀ ਉੱਭਰ ਸਕਦੇ ਹਨ।
ਡਾ. ਥੈਰੇਸਾ ਟੈਮ ਨੇ ਆਖਿਆ ਕਿ ਭਵਿੱਖ ਵਿੱਚ ਮਹਾਂਮਾਰੀਆਂ ਤੋਂ ਬਚਣ ਲਈ ਵੀ ਸਰਕਾਰਾਂ ਨੂੰ ਨਿਵੇਸ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਕ ਇੰਟਰਵਿਊ ਵਿੱਚ ਟੈਮ ਨੇ ਆਖਿਆ ਕਿ ਕੈਨੇਡੀਅਨਜ਼ ਨੂੰ ਚੌਕਸ ਰਹਿਣਾ ਚਾਹੀਦਾ ਹੈ ਤੇ ਇਨ੍ਹਾਂ ਛੁੱਟੀਆਂ ਦੌਰਾਨ ਲੋਕਾਂ ਵੱਲੋਂ ਜਿਹੋ ਜਿਹੀ ਅਹਿਤਿਆਤ ਵਰਤੀ ਜਾਵੇਗੀ ਉਸ ਹਿਸਾਬ ਨਾਲ ਹੀ ਕੋਵਿਡ-19 ਤੇ ਫਲੂ ਦੀ ਮਾਰ ਵਗੇਗੀ। ਉਨ੍ਹਾਂ ਆਖਿਆ ਕਿ ਵੈਕਸੀਨੇਸਨਜ਼ ਸਭ ਨੂੰ ਕਰਵਾ ਕੇ ਰੱਖਣੀ ਚਾਹੀਦੀ ਹੈ, ਭੀੜ ਭਾੜ ਵਾਲੀਆਂ ਇੰਡੋਰ ਥਾਂਵਾਂ ਉੱਤੇ ਮਾਸਕ ਵੀ ਲਾ ਕੇ ਰੱਖਣੇ ਚਾਹੀਦੇ ਹਨ, ਕਿਸੇ ਬਿਮਾਰ ਪਰਿਵਾਰਕ ਮੈਂਬਰ ਦੀ ਸੇਵਾ ਸੰਭਾਲ ਕਰਦਿਆਂ ਵੀ ਮਾਸਕ ਲਾ ਕੇ ਰੱਖਣੇ ਚਾਹੀਦੇ ਹਨ ਤੇ ਜੇ ਸਿਹਤ ਠੀਕ ਨਾ ਹੋਵੇ ਤਾਂ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਅਸੀਂ ਸਹੀ ਫੈਸਲਾ ਲੈ ਕੇ ਸਥਿਤੀ ਨੂੰ ਵਿਗੜਨ ਤੋਂ ਬਚਾ ਸਕਦੇ ਹਾਂ। ਅਸੀਂ ਇਹ ਵੀ ਜਾਣਦੇ ਹਾਂ ਕਿ ਖਤਰੇ ਨੂੰ ਘਟਾਉਣ ਲਈ ਕੀ ਕੀਤਾ ਜਾ ਸਕਦਾ ਹੈ, ਉਹ ਵੀ ਉਸ ਸਮੇਂ ਜਦੋਂ ਹਸਪਤਾਲਾਂ ਉੱਤੇ ਪਹਿਲਾਂ ਹੀ ਕਾਫੀ ਬੋਝ ਹੋਵੇ। ਟੈਮ ਨੇ ਇਹ ਵੀ ਆਖਿਆ ਕਿ ਇਹ ਬਹੁਤ ਹੀ ਜ਼ਰੂਰੀ ਹੈ ਕਿ ਇਹ ਚੇਤੇ ਰੱਖਿਆ ਜਾਵੇ ਕਿ ਜਿਹੜੇ ਲੋਕ ਅਕਸਰ ਬਿਮਾਰ ਪੈਂਦੇ ਹਨ ਉਨ੍ਹਾਂ ਲਈ ਐਂਟੀਵਾਇਰਲ ਡਰੱਗ ਪੈਕਸਲੋਵਿਡ ਵੀ ਉਪਲਬਧ ਹੈ। ਇਸ ਨਾਲ ਲੋਕਾਂ ਦੇ ਬਿਮਾਰ ਪੈਣ ਤੇ ਹਸਪਤਾਲ ਵਿੱਚ ਦਾਖਲ ਹੋਣ ਦਾ ਖਤਰਾ ਘਟਦਾ ਹੈ।
ਉਨ੍ਹਾਂ ਆਖਿਆ ਕਿ ਇਸ ਸਮੇਂ ਸਾਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਮਾਮਲਿਆਂ ਵਿੱਚ ਵਾਧਾ ਨਾ ਹੋਵੇ। ਉਨ੍ਹਾਂ ਆਖਿਆ ਕਿ ਇਨਫਲੂਐਂਜਾ ਦੇ ਐਚ 3ਐਨ 2 ਸਟਰੇਨ ਕਾਰਨ ਕਈ ਬੱਚੇ ਤੇ ਬਜੁਰਗ ਪਹਿਲਾਂ ਹੀ ਹਸਪਤਾਲ ਦਾਖਲ ਹਨ ਤੇ ਇਹ ਵੀ ਸੰਭਾਵਨਾ ਹੈ ਕਿ ਇਹ ਗਿਣਤੀ ਇੱਕਦਮ ਘੱਟ ਜਾਵੇ। ਪਰ ਉਹ ਇਸ ਗੱਲ ਉੱਤੇ ਨਜਰ ਰੱਖ ਰਹੇ ਹਨ ਕਿ ਇਨਫਲੂਐਂਜਾ ਏ ਦਾ ਇੱਕ ਹੋਰ ਸਟਰੇਨ ਐਚ-1 ਐਨ-1 ਨਾ ਉਭਰੇ ਤੇ ਇਸ ਦੇ ਨਾਲ ਹੀ ਇਨਫਲੂਐਂਜਾ ਬੀ ਵੀ ਨਾ ਫੈਲੇ। ਇਹ ਵੀ ਬਹੁਤਾ ਕਰਕੇ ਬੱਚਿਆਂ ਨੂੰ ਮਾਰ ਮਾਰਦੇ ਹਨ। ਟੈਮ ਨੇ ਆਖਿਆ ਕਿ ਇਸ ਤੋਂ ਇਲਾਵਾ ਸਾਨੂੰ ਹੋਰ ਮਹਾਂਮਾਰੀ ਨਾਲ ਨਜਿੱਠਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
ਕੋਵਿਡ ਅਤੇ ਹੋਰਨਾਂ ਮਹਾਂਮਾਰੀਆਂ ਨਾਲ ਨਜਿੱਠਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ : ਡਾ. ਟੈਮ
RELATED ARTICLES