Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਮੱਧਕਾਲੀ ਚੋਣਾਂ ਦਾ ਖਤਰਾ ਟਲਿਆ

ਕੈਨੇਡਾ ‘ਚ ਮੱਧਕਾਲੀ ਚੋਣਾਂ ਦਾ ਖਤਰਾ ਟਲਿਆ

ਜਸਟਿਨ ਟਰੂਡੋ ਸਰਕਾਰ ਨੂੰ ਐਨਡੀਪੀ ਸ਼ਰਤਾਂ ਤਹਿਤ ਦੇਵੇਗੀ ਹਮਾਇਤ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੀ 43ਵੀਂ ਸੰਸਦ ਦੀ ਨਵੀਂ ਸ਼ੁਰੂਆਤ ਸੈਨੇਟ ‘ਚ ਗਵਰਨਰ ਜਨਰਲ ਜੂਲੀ ਪੇਅਟ ਦੇ ਭਾਸ਼ਣ ਨਾਲ ਹੋਈ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹਾਊਸ ਆਫ ਕਾਮਨਜ਼ ਦੇ ਕੁਝ ਮੈਂਬਰ ਵੀ ਹਾਜ਼ਰ ਸਨ। ਵਿਰੋਧੀ ਧਿਰ ਤੇ ਕੰਸਰਵੇਟਿਵ ਪਾਰਟੀ ਦੇ ਆਗੂ ਏਰਿਨ ਓਟੂਲ ਤੇ ਬਲਾਕ ਕਿਊਬਕ ਪਾਰਟੀ ਦੇ ਆਗੂ ਇਵੇਸ ਫਰਾਂਸੁਆ ਬਲਾਂਸ਼ੇ ਕੋਵਿਡ-19 ਪਾਜ਼ੀਟਿਵ ਹੋਣ ਕਾਰਨ ਇਕਾਂਤਵਾਸ ‘ਚ ਹਨ, ਜਿਸ ਕਰਕੇ ਉਹ ਸੰਸਦ ਦੇ ਚੱਲ ਰਹੇ ਸੈਸ਼ਨ ‘ਚ ਹਿੱਸਾ ਨਹੀਂ ਲੈ ਪਾ ਰਹੇ, ਜਦੋਂਕਿ ਵੱਡੀ ਗਿਣਤੀ ਸੰਸਦ ਮੈਂਬਰ ਇਜਲਾਸ ‘ਚ ਆਪਣੇ ਹਲਕਿਆਂ ਜਾਂ ਘਰਾਂ ਤੋਂ ਆਨਲਾਇਨ ਹੀ ਸ਼ਾਮਿਲ ਹੋ ਰਹੇ ਹਨ। ਗਵਰਨਰ ਦੇ ਭਾਸ਼ਣ ਤੋਂ ਬਾਅਦ ਸੰਸਦ ‘ਚ ਵਿਰੋਧੀ ਧਿਰ ਤੇ ਕੰਸਰਵਿਟਵ ਪਾਰਟੀ ਦੇ ਆਗੂ ਓਟੂਲ ਨੇ ਟਰੂਡੋ (ਘੱਟ ਗਿਣਤੀ) ਸਰਕਾਰ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕਿ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੌਰਾਨ ਟਰੂਡੋ ਨੂੰ ਕੈਨੇਡਾ ਦੇ ਲੋਕਾਂ ਦੀਆਂ ਲੋੜਾਂ ਦੀ ਸਮਝ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ‘ਚ ਕੈਨੇਡਾ ਦੇ ਲੋਕਾਂ ਨੂੰ ਗੱਲਾਂ ਦੀ ਨਹੀਂ ਰੁਜ਼ਗਾਰ ਦੀ ਲੋੜ ਹੈ। ਗਰੀਨ ਪਾਰਟੀ ਦੀ ਸੰਸਦ ਮੈਂਬਰ ਏਲਿਜਾਬੈਥ ਮੇਅ ਨੇ ਟਰੂਡੋ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ, ਪਰ ਉਨ੍ਹਾਂ ਦੀ ਪਾਰਟੀ (ਗਰੀਨ) ਦੇ ਸਿਰਫ 3 ਸੰਸਦ ਮੈਂਬਰ ਹੋਣ ਕਾਰਨ ਸਰਕਾਰ ਨੂੰ ਡੇਗਣ ਜਾਂ ਬਚਾਉਣ ਦੀ ਸਮਰੱਥਾ ਨਹੀਂ ਰੱਖਦੇ। ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਦੀ ਹਮਾਇਤ ਕਰਨ ਵਾਸਤੇ ਸ਼ਰਤਾਂ ਰੱਖੀਆਂ ਸਨ, ਜਿਨ੍ਹਾਂ ‘ਚ ਲੋਕਾਂ ਦੀ ਪਹਿਲਾਂ ਵਾਂਗ ਆਰਥਿਕ ਮਦਦ ਕਰਦੇ ਰਹਿਣਾ ਸ਼ਾਮਿਲ ਸੀ। ਜਗਮੀਤ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਸ਼ਰਤਾਂ ਮੰਨੇ ਜਾਣ ‘ਤੇ ਉਹ ‘ਥਰੋਨ ਸਪੀਚ’ ਬਾਰੇ ਫੈਸਲਾ ਕਰਨਗੇ। ਟਰੂਡੋ ਨੇ ਵੀ ਐਨ.ਡੀ.ਪੀ. ਦੀਆਂ ਸ਼ਰਤਾਂ ਵੱਲ ਹਾਂ ਪੱਖੀ ਹੁੰਗਾਰਾ ਭਰਕੇ ਆਪਣੀ ਸਰਕਾਰ ਬਚਾਉਣ ਦਾ ਰਾਹ ਖੋਲ੍ਹ ਲਿਆ ਹੈ। ਰਾਜਨੀਤਕ ਮਾਹਿਰ ਸਮਝ ਰਹੇ ਹਨ ਕਿ ਐਨ.ਡੀ.ਪੀ. ਦੇ ਆਗੂ ‘ਥਰੋਨ ਸਪੀਚ’ ਨੂੰ ਹਮਾਇਤ ਦੇ ਕੇ ਟਰੂਡੋ ਸਰਕਾਰ ਡਿਗਣ ਤੋਂ ਬਚਾਅ ਰਹੇ ਹਨ, ਜਿਸ ਕਰਕੇ ਹੁਣ ਇਸ ਸਾਲ ਦੇਸ਼ ‘ਚ ਮੱਧਕਾਲੀ ਚੋਣਾਂ ਨਹੀਂ ਹੋਣਗੀਆਂ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …