ਗੈਸ ਪਾਈਪ ਲਾਈਨ ਦੇ ਮੁੱਦੇ ‘ਤੇ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਹੋਇਆ ਵਿਰੋਧ ਟੋਰਾਂਟੋ, ਓਟਵਾ ਵੀ ਪਹੁੰਚਿਆ, ਆਦੀਵਾਸੀਆਂ ਨੇ ਰੇਲ ਤੇ ਸੜਕ ਮਾਰਗ ਜਾਮ ਕਰਨੇ ਕੀਤੇ ਸ਼ੁਰੂ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਇਨ੍ਹੀਂ ਦਿਨੀਂ ਸਰਕਾਰ ਅਤੇ ਆਦੀਵਾਸੀ (ਇੰਡਿਜਨਸ) ਵਸੋਂ ਦੇ ਕਬੀਲੇ ਟਕਰਾਓ ਦੀ ਸਥਿਤੀ ‘ਚ ਹਨ। ਬ੍ਰਿਟਿਸ਼ ਕੋਲੰਬੀਆ ‘ਚ ਕੈਨੇਡਾ ਸਰਕਾਰ ਵਲੋਂ ਜ਼ਮੀਨ ‘ਤੇ ਬਣਾਈ ਜਾਣ ਵਾਲੀ ਤੇਲ ਅਤੇ ਗੈਸ ਪਾਈਪ ਲਾਈਨ ਦਾ ਆਦੀਵਾਸੀਆਂ ਵਲੋਂ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ਪ੍ਰਗਟਾਉਣ ਲਈ ਦੇਸ਼ ਦੇ ਕੁਝ ਹਿੱਸਿਆਂ ‘ਚ ਰੇਲ ਮਾਰਗਾਂ ਉੱਪਰ ਧਰਨੇ ਦਿੱਤੇ ਜਾ ਰਹੇ ਹਨ ਜੋ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਹੋਏ ਪਰ ਹਮਦਰਦੀ ਵਜੋਂ ਉਨਟਾਰੀਓ ‘ਚ ਵੀ ਲੰਘੇ ਡੇਢ ਕੁ ਹਫ਼ਤੇ ਤੋਂ ਆਦੀਵਾਸੀਆਂ ਨੇ ਟੋਰਾਂਟੋ ਤੋਂ ਓਟਾਵਾ ਅਤੇ ਮਾਂਟਰੀਅਲ ਵਿਚਕਾਰ ਰੇਲ ਆਵਾਜਾਈ ਠੱਪ ਕੀਤੀ ਹੋਈ ਹੈ। ਇਹ ਵੀ ਕਿ ਨਿਆਗਰਾ ਫਾਲਜ਼ ਵਿਖੇ ਵੀ ਪਿਛਲੇ ਦਿਨੀਂ ਅਮਰੀਕਾ ਨਾਲ ਸਰਹੱਦ ‘ਤੇ ਬਣੇ ਰੇਨਬੋ ਬਰਿੱਜ ਉੱਪਰ ਵੀ ਦੋ ਘੰਟੇ ਧਰਨਾ ਦਿੱਤਾ ਗਿਆ, ਜਿਸ ਨਾਲ ਸੜਕੀ ਆਵਾਜਾਈ ਠੱਪ ਰਹੀ। ਧਰਨਿਆਂ ਦੇ ਚੱਲਦਿਆਂ ਰੇਲਾਂ ਰਾਹੀਂ ਯਾਤਰੀ ਅਤੇ ਮਾਲ ਦੀ ਢੋਆ ਢੁਆਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਦੇਸ਼ ‘ਚ ਜ਼ਰੂਰੀ ਵਸਤਾਂ ਦੀ ਸਪਲਾਈ ਰੁਕਣ ਅਤੇ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਨੌਕਰੀਆਂ ਖੁੱਸਣ ਨਾਲ ਆਰਥਿਕ ਸੰਕਟ ਪੈਦਾ ਹੋਣ ਦੇ ਹਾਲਾਤ ਬਣਦੇ ਜਾ ਰਹੇ ਹਨ। ਅਜਿਹੇ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਸੰਸਦ ‘ਚ ਵਿਰੋਧੀ ਧਿਰ ਦਾ ਦਬਾਅ ਵੱਧ ਰਿਹਾ ਹੈ। ਟਰੂਡੋ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੀ ਹੈ, ਕਿਉਂਕਿ ਕੈਨੇਡਾ ਅਜਿਹਾ ਦੇਸ਼ ਨਹੀਂ ਹੈ ਜਿੱਥੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਜਨੀਤਕਾਂ ਵਲੋਂ ਪੁਲਿਸ ਨੂੰ ਹੁਕਮ ਕੀਤੇ ਜਾਂਦੇ ਹੋਣ। ਇਸੇ ਦੌਰਾਨ ਟਰੂਡੋ ਨੇ ਇਸੇ ਹਫ਼ਤੇ ਕੀਤਾ ਜਾਣ ਵਾਲਾ ਕੈਰੇਬੀਅਨ ਦੇਸ਼ਾਂ (ਜਮਾਇਕਾ ਅਤੇ ਬਾਰਬੇਡੋਸ) ਦਾ ਸਰਕਾਰੀ ਦੌਰਾ ਰੱਦ ਕਰ ਦਿੱਤਾ ਹੈ। ਦੇਸ਼ ਦੇ ਆਦੀਵਾਸੀ ਸੇਵਾਵਾਂ ਦੇ ਮੰਤਰੀ ਮਾਰਕ ਮਿੱਲਰ ਨੇ ਐਤਵਾਰ ਨੂੰ ਧਰਨਾਕਾਰੀਆਂ ਦੇ ਆਗੂਆਂ ਨਾਲ 9 ਘੰਟਿਆਂ ਤੱਕ ਮੀਟਿੰਗਾਂ ਦੇ ਦੌਰ ਚਲਾਏ ਪਰ ਕੋਈ ਸਹਿਮਤੀ ਨਾ ਬਣ ਸਕੀ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਰਕਾਰ ਦੀ ਢਿੱਲਮੱਠ ਕਾਰਨ ਧਰਨਾਕਾਰੀਆਂ ਨੂੰ ਉਤਸ਼ਾਹ ਮਿਲ ਰਿਹਾ ਹੈ ਅਤੇ ਦੇਸ਼ ‘ਚ ਕਾਨੂੰਨ ਵਿਵਸਥਾ ਵਿਗੜਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਮੰਤਰੀ ਮਿੱਲਰ ਨੇ ਕਿਹਾ ਹੈ ਕਿ ਸਰਕਾਰ ਵਲੋਂ ਧਰਨਾਕਾਰੀਆਂ ਨੂੰ ਖਦੇੜਨ ਦੀ ਕਾਹਲੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਬੀਤੇ ਸਮਿਆਂ ਵਿਚ ਸਰਕਾਰਾਂ ਵਲੋਂ ਅਜਿਹਾ ਕੀਤਾ ਜਾਂਦਾ ਰਿਹਾ ਹੈ ਅਤੇ ਪੁਲਿਸ ਤੇ ਆਦੀਵਾਸੀਆਂ ਵਿਚਕਾਰ ਖ਼ੂਨੀ ਟਕਰਾਅ ਹੁੰਦੇ ਰਹੇ ਹਨ। ਇਸੇ ਦੌਰਾਨ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਵੀਆ ਰੇਲ ਵਲੋਂ ਯਾਤਰੀਆਂ ਅਤੇ ਮਾਲ (ਕਾਰਗੋ) ਦੀ ਢੋਆ-ਢੁਆਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
ਗੈਸ ਪਾਈਪ ਲਾਈਨ ਦੇ ਵਿਰੋਧ ਕਾਰਨ ਟਰੂਡੋ ਨੇ ਬਾਰਬਾਡੌਸ ਦਾ ਦੌਰਾ ਕੀਤਾ ਰੱਦ
ਮਾਂਟਰੀਅਲ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਰੇਬਿਆਈ ਮੁਲਕ ਬਾਰਬਾਡੌਸ ਦਾ ਆਪਣਾ ਦੌਰਾ ਐਨ ਆਖ਼ਰੀ ਮੌਕੇ ਰੱਦ ਕਰ ਦਿੱਤਾ। ਪੂਰਬੀ ਕੈਨੇਡਾ ਵਿਚ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਗੈਸ ਪਾਈਪ ਲਾਈਨ ਪ੍ਰਾਜੈਕਟ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਕਾਰਨ ਰੇਲ ਸੇਵਾਵਾਂ ਠੱਪ ਹੋ ਗਈਆਂ ਹਨ। ਟਰੂਡੋ ਸੋਮਵਾਰ ਤੇ ਮੰਗਲਵਾਰ ਲਈ ਬਾਰਬਾਡੌਸ ਦੇ ਦੌਰੇ ‘ਤੇ ਜਾ ਰਹੇ ਸਨ ਤੇ ਉੱਥੇ ਉਨ੍ਹਾਂ ਇਕ ਆਲਮੀ ਸਿਖ਼ਰ ਸੰਮੇਲਨ ‘ਚ ਕੈਨੇਡਾ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਸੀਟ ਲਈ ਦਾਅਵਾ ਪੇਸ਼ ਕਰਨਾ ਸੀ। ਟਰੂਡੋ ਨੇ ਸੋਮਵਾਰ ਸਵੇਰੇ ਹੰਗਾਮੀ ਮੀਟਿੰਗ ਸੱਦੀ। ਇਸ ਮੌਕੇ ਵਿੱਤ, ਜਨਤਕ ਸੁਰੱਖਿਆ, ਟਰਾਂਸਪੋਰਟ ਤੇ ਘਰੇਲੂ ਸੇਵਾਵਾਂ ਬਾਰੇ ਮੰਤਰੀ ਸ਼ਾਮਲ ਸਨ। ਵਿਰੋਧੀ ਧਿਰਾਂ ਟਰੂਡੋ ਦੀ ਨਿਖੇਧੀ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਨਹੀਂ ਕੀਤੀ। ਪ੍ਰਦਰਸ਼ਨਕਾਰੀ ਸੜਕਾਂ, ਰੇਲ ਦੇ ਬੰਦਰਗਾਹਾਂ ‘ਤੇ ਆਵਾਜਾਈ ਠੱਪ ਕਰ ਰਹੇ ਹਨ। ਉਨ੍ਹਾਂ ਕੁਝ ਸਰਕਾਰੀ ਦਫ਼ਤਰਾਂ ‘ਤੇ ਵੀ ਕਬਜ਼ਾ ਕੀਤਾ ਹੈ ਤੇ ‘ਸ਼ੱਟ ਡਾਊਨ ਕੈਨੇਡਾ’ ਦੇ ਨਾਅਰੇ ਲਾਏ ਜਾ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …