Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਚੋਣਾਂ 7 ਜੂਨ ਨੂੰ ਐਨਡੀਪੀ, ਕੰਸਰਵੇਟਿਵ ਤੇ ਲਿਬਰਲ ਵੋਟਰਾਂ ਨੂੰ ਭਰਮਾਉਣ ‘ਚ ਜੁਟੇ

ਓਨਟਾਰੀਓ ਚੋਣਾਂ 7 ਜੂਨ ਨੂੰ ਐਨਡੀਪੀ, ਕੰਸਰਵੇਟਿਵ ਤੇ ਲਿਬਰਲ ਵੋਟਰਾਂ ਨੂੰ ਭਰਮਾਉਣ ‘ਚ ਜੁਟੇ

ਹੌਰਵਥ ਤੇ ਫੋਰਡ ਵਿਚਾਲੇ ਟੱਕਰ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਨੂੰ ਲੈ ਕੇ ਇਸ ਵੇਲੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ। ਐਨ.ਡੀ.ਪੀ., ਲਿਬਰਲ ਤੇ ਕੰਸਰਵੇਟਿਵਾਂ ਇਸ ਵੇਲੇ 7 ਜੂਨ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਰਿਝਾਉਣ ‘ਚ ਲੱਗੇ ਹੋਏ ਹਨ। ਤਾਜ਼ਾ ਜਾਰੀ ਸਰਵੇ ‘ਚ ਓਨਟਾਰੀਓ ਐਨ.ਡੀ.ਪੀ. ਨੇ ਲੀਡ ਹਾਸਲ ਕਰ ਲਈ ਹੈ ਪਰ ਪ੍ਰੋਗਰੈਸਿਵ ਕੰਸਰਵੇਟਿਵ ਵੀ ਇਕ ਦੌੜ ‘ਚ ਐਨ.ਡੀ.ਪੀ. ਤੋਂ ਸਿਰਫ 2 ਅੰਕ ਦੀ ਪਿੱਛੇ ਹੈ।
ਮੈਨਸਟ੍ਰੀਟ ਰਿਸਰਚ ਪੋਲ ਵਲੋਂ ਕੀਤੇ ਸਰਵੇ ‘ਚ 1682 ਵੋਟਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਇਹ ਪੋਲਿੰਗ 27 ਤੇ 28 ਮਈ ਦੇ ਵਿਚਾਲੇ ਕੀਤੀ ਗਈ ਸੀ। ਇਸ ਪੋਲ ਦੌਰਾਨ ਪਤਾ ਲੱਗਿਆ ਕਿ ਓਨਟਾਰੀਓ ‘ਚ 39.3 ਫੀਸਦੀ ਲੋਕ ਐਨ.ਡੀ.ਪੀ. ਦੇ ਹੱਕ ‘ਚ ਸਨ, ਉਥੇ ਹੀ 37.3 ਫੀਸਦੀ ਲੋਕਾਂ ਨੇ ਪੀ.ਸੀ. ਪਾਰਟੀ ਨੂੰ ਵੋਟ ਦੇਣ ਦੀ ਗੱਲ ਆਖੀ। ਇਸ ਦੌਰਾਨ ਸੱਤਾ ‘ਤੇ ਕਾਬਿਜ ਲਿਬਰਲ ਪਾਰਟੀ ਦੇ ਹੱਕ ‘ਚ ਸਿਰਫ 16 ਫੀਸਦੀ ਵੋਟਰ ਹੀ ਆਏ ਤੇ ਓਨਟਾਰੀਓ ਦੀ ਚੌਥੀ ਪਾਰਟੀ ਗ੍ਰੀਨ ਪਾਰਟੀ ਦੇ ਹੱਕ ‘ਚ 4.5 ਫੀਸਦੀ ਲੋਕ ਹੀ ਆਏ।ਮੇਨਸਟ੍ਰੀਟ ਦੇ ਤਾਜ਼ਾ ਪੋਲ ‘ਚ ਪਿਛਲੇ 18 ਮਈ ਨੂੰ ਜਾਰੀ ਅੰਕੜਿਆਂ ਦੇ ਮੁਕਾਬਲੇ ਐਨ.ਡੀ.ਪੀ. ਦੀ ਲੋਕਪ੍ਰਿਯਤਾ ‘ਚ 10 ਅੰਕਾਂ ਦਾ ਉਛਾਲ ਆਇਆ ਹੈ, ਉਥੇ ਹੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੀ ਲੋਕਪ੍ਰਿਯਤਾ ‘ਚ 5 ਅੰਕਾਂ ਦੀ ਗਿਰਾਵਟ ਆਈ ਹੈ।
ਓਨਟਾਰੀਓ ਸਰਕਾਰ ਦੀਆਂ ਚਾਬੀਆਂ ਆ ਸਕਦੀਆਂ ਹਨ ਐਂਡਰੀਆ ਹੌਰਵਥ ਜਾਂ ਡਗ ਫੋਰਡ ਦੇ ਹੱਥ
ਪੋਲ ਦੇ ਨਤੀਜੇ ਜਾਰੀ ਕਰਦਿਆਂ ਰਿਸਰਚ ਦੀ ਮੁਖੀ ਕੁਇਟੋ ਮੈਗੀ ਨੇ ਕਿਹਾ ਕਿ ਓਨਟਾਰੀਓ ਵਾਸੀਆਂ ਦੇ ਸਵਾਲਾਂ ਦਾ ਸਾਹਮਣਾ ਕਰਨ ਨਾਲ ਐਂਡਰੀਆ ਹੌਰਵਥ ਜਾਂ ਡਗ ਫੋਰਡ ਆਗਲੇ ਚਾਰ ਸਾਲ ਲਈ ਓਨਟਾਰੀਓ ਸਰਕਾਰ ਦੀਆਂ ਚਾਬੀਆਂ ਹਾਸਲ ਕਰ ਸਕਦੇ ਹਨ। ਬੀਤੇ ਹਫਤੇ ਹੋਏ ਇਕ ਹੋਰ ਪੋਲ ‘ਚ ਐਨ.ਡੀ.ਪੀਜ਼. ਨੂੰ 47 ਫੀਸਦੀ ਸਮਰਥਨ ਮਿਲਦਾ ਦਿਖਾਇਆ ਗਿਆ ਸੀ। ਇਸ ਦੌਰਾਨ ਇਹ ਵੀ ਕਿਹਾ ਗਿਆ ਸੀ ਕਿ ਲਿਬਰਲਾਂ ਦਾ ਗ੍ਰਾਫ ਲਗਾਤਾਰ ਡਿੱਗਦਾ ਹੀ ਜਾ ਰਿਹਾ ਹੈ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …