ਕੰਸਰਵੇਟਿਵ ਪਾਰਟੀ ਨੇ ਆਗੂ ਦੀ ਚੋਣ ਪਾਈ ਅੱਗੇ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਵਿਰੋਧੀ ਧਿਰਾਂ ਦੇ ਸਹਿਯੋਗ ਦੀ ਲੋੜ ਹੈ। ਅਜਿਹੇ ਵਿਚ ਸਾਲ ਦੇ ਅਖੀਰ ਵਿਚ ਟਰੂਡੋ ਵਾਸਤੇ ਚੰਗੀ ਖ਼ਬਰ ਇਹ ਆਈ ਹੈ ਕਿ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਵਲੋਂ ਆਪਣੇ ਆਗੂ ਦੀ ਚੋਣ ਅਪ੍ਰੈਲ 2020 ਤੋਂ ਅੱਗੇ ਪਾ ਕੇ ਸਾਲ ਦੇ ਅਖੀਰ ਵਿਚ ਕਰਨ ਦਾ ਫੈਸਲਾ ਕੀਤਾ ਹੈ। ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੇ ਇਸ ਫੈਸਲੇ ਦਾ ਸਿੱਧਾ ਮਤਲਬ ਹੈ ਕਿ ਉਹ 2020 ਵਿਚ ਚੋਣਾਂ ਵਾਸਤੇ ਤਿਆਰ ਨਹੀਂ ਹੋਵੇਗੀ। ਲੰਘੀ 21 ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ 24 ਨਵੰਬਰ ਨੂੰ ਟਰੂਡੋ ਨੇ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ ਸੀ, ਤੇ 5 ਦਸੰਬਰ ਨੂੰ ਅਹੁਦੇ ਦੇ ਭਾਸ਼ਣ ਨਾਲ ਨਵੀਂ ਸੰਸਦ ਦਾ ਪਹਿਲਾ ਇਜਲਾਸ ਸ਼ੂਰੂ ਹੋਇਆ ਸੀ, ਜੋ 13 ਦਸੰਬਰ ਤੱਕ ਚੱਲਿਆ। ਇਸੇ ਦੌਰਾਨ 12 ਦਸੰਬਰ ਨੂੰ ਕੰਸਰਵੇਟਿਵ ਪਾਰਟੀ (121 ਸੰਸਦ ਮੈਂਬਰ) ਦੇ ਆਗੂ ਐਂਡਰੀਊ ਸ਼ੀਅਰ ਦੇ ਅਸਤੀਫੇ ਦੇ ਐਲਾਨ ਨਾਲ ਵੱਡਾ ਰਾਜਨੀਤਕ ਧਮਾਕਾ ਹੋਇਆ ਸੀ।
ਚੋਣਾਂ ਦੇ ਨਤੀਜਿਆਂ ਤੋਂ ਬਾਅਦ ਟਰੂਡੋ ਸਰਕਾਰ ਦੀਆਂ ਸਾਰੀਆਂ ਵਿਰੋਧੀ ਰਾਜਨੀਤਕ ਪਾਰਟੀ ਓਨੀਆਂ ਮਜ਼ਬੂਤ ਹੋ ਕੇ ਸਾਹਮਣੇ ਨਹੀਂ ਆ ਸਕੀਆਂ ਸੀ ਕਿ ਉਹ ਇਕਦਮ ਸਰਕਾਰ ਭੰਗ ਕਰਕੇ ਦੁਬਾਰਾ ਵੋਟਰਾਂ ਕੋਲ ਜਾ ਸਕਣ। ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਨੂੰ ਚੋਣਾਂ ਵਿਚ 10 ਸੀਟਾਂ ਦਾ ਨੁਕਸਾਨ ਹੋਇਆ, ਤੇ ਉਸ ਨੂੰ ਸਾਰੇ ਦੇਸ਼ ਦੀਆਂ 338 ਵਿਚੋਂ 24 ਸੀਟਾਂ ਮਿਲੀਆਂ ਸਨ। ਐਨ.ਡੀ.ਪੀ. ਆਰਥਿਕ ਪੱਖੋਂ ਏਨੀ ਕੁ ਕਮਜ਼ੋਰ ਪਾਰਟੀ ਦੱਸੀ ਜਾ ਰਹੀ ਹੈ ਕਿ ਉਹ ਅਜੇ ਚੋਣਾਂ ਦਾ ਖਰਚ ਝੱਲਣ ਦੇ ਯੋਗ ਨਹੀਂ ਹੈ। ਖੇਤਰੀ ਪਾਰਟੀ ਬਲਾਕ ਕਿਊਬਕ ਨੇ ਕਿਊਬਕ ਪ੍ਰਾਂਤ ਦੀਆਂ ਕੁੱਲ 78 ਵਿਚੋਂ 32 ਸੀਟਾਂ ਜਿੱਤੀਆਂ ਸਨ, ਤੇ ਉਹ ਕੌਮੀ ਪੱਧਰ ‘ਤੇ ਐਨ.ਡੀ.ਪੀ. ਤੋਂ ਮੋਹਰੀ ਪਾਰਟੀ ਵਜੋਂ ਸਾਹਮਣੇ ਆਈ ਸੀ। ਬਲਾਕ ਕਿਊਬਕ ਅੱਗੇ ਹੋਣ ਨਾਲ ਐਨ.ਡੀ.ਪੀ. ਦੀ ਪੁੱਛ-ਪ੍ਰਤੀਤ ਘੱਟ ਗਈ ਹੈ। ਬਲਾਕ ਦੇ ਆਗੂ ਇਵੇਸ ਫਰਾਂਸੁਅ ਇਵੇਸ, ਟਰੂਡੋ ਨਾਲ ਸੁਰ ਮਿਲਾ ਕੇ ਚੱਲ ਰਹੇ ਹਨ, ਤੇ ਉਹ ਵੀ ਕਿਊਬਕ ਵਿਚ ਮਿਲੀ ਵੱਡੀ ਜਿੱਤ ਨੂੰ ਬਿਨਾਂ ਵਜ੍ਹਾ ਚੋਣਾਂ ਦਾ ਜ਼ੋਖ਼ਮ ਲੈ ਕੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ ਹਨ। ਗਰੀਨ ਪਾਰਟੀ ਕੋਲ 3 ਸੰਸਦ ਮੈਂਬਰ ਹਨ, ਜਿਨ੍ਹਾਂ ਦੀ ਸਰਕਾਰ ਬਚਾਉਣ ਜਾਂ ਡੇਗਣ ਵਿਚ ਭੂਮਿਕਾ ਨਹੀਂ ਹੋ ਸਕਦੀ, ਕਿਉਂਕਿ ਲਿਬਰਲ ਪਾਰਟੀ ਕੋਲ 157 ਸੰਸਦ ਮੈਂਬਰ ਹਨ, ਜੋ ਬਹੁਮੱਤ ਤੋਂ 13 ਘੱਟ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …