Breaking News
Home / ਜੀ.ਟੀ.ਏ. ਨਿਊਜ਼ / ਸੁਪਰ ਵੀਜ਼ਾ ਨਾਲ ਸਿਹਤ ਬੀਮਾ ਜ਼ਰੂਰੀ

ਸੁਪਰ ਵੀਜ਼ਾ ਨਾਲ ਸਿਹਤ ਬੀਮਾ ਜ਼ਰੂਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਸੁਪਰ ਵੀਜ਼ਾ ਕੈਨੇਡਾ ਸਰਕਾਰ ਦਾ ਇਕ ਅਜਿਹਾ ਪ੍ਰੋਗਰਾਮ ਹੈ, ਜਿਸ ਤਹਿਤ ਕੈਨੇਡਾ ਦੇ ਪੱਕੇ ਵਾਸੀਆਂ ਨੂੰ ਆਪਣੇ ਮਾਪਿਆਂ ਨੂੰ ਲੰਬੇ ਸਮੇਂ (ਹਰੇਕ ਫੇਰੀ ਦੋ ਸਾਲ) ਲਈ ਆਪਣੇ ਕੋਲ ਰੱਖਿਆ ਜਾ ਸਕਦਾ ਹੈ ਪਰ ਸੁਪਰ ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੀ ਸਖ਼ਤ ਮਨਾਹੀ ਹੈ। ਇਸ ਵੀਜ਼ਾ ਨਾਲ ਪਰਿਵਾਰਾਂ ਨੂੰ ਇਕੱਠੇ ਰਹਿਣ ਦਾ ਮੌਕਾ ਮਿਲਦਾ ਹੈ, ਜੋ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦਾ ਮੁੱਖ ਮਕਸਦ ਹੈ। ਸਰਕਾਰ ਵਲੋਂ ਸੁਪਰ ਵੀਜ਼ਾ ਦਾ ਰਸਤਾ ਬਜ਼ੁਰਗਾਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਤੋਂ ਬਚਣ ਲਈ 2011 ਵਿਚ ਕੱਢਿਆ ਗਿਆ ਸੀ, ਤਾਂ ਕਿ ਕੈਨੇਡਾ ਦੇ ਪੈਨਸ਼ਨ ਤੇ ਸਿਹਤ ਸਿਸਟਮ ਉਪਰ ਆਰਥਿਕ ਬੈੋਝ ਘਟਾਇਆ ਜਾ ਸਕੇ। ਇਹ ਵੀ ਕਿ ਕੈਨੇਡਾ ਸਰਕਾਰ ਵਲੋਂ ਪੈਨਸ਼ਨ ਤੇ ਸਿਹਤ ਸਹੂਲਤਾਂ ਦਾ ਲਾਭ ਉਨ੍ਹਾਂ ਲੋਕਾਂ ਨੂੰ ਖਿੜੇ ਮੱਥੇ ਦਿੱਤਾ ਜਾ ਸਕਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਵਿਚ ਕੈਨੇਡਾ ਦੀ ਬਿਹਤਰੀ ਤੇ ਵਿਕਾਸ ਵਾਸਤੇ ਕੋਈ ਯੋਗਦਾਨ ਪਾਇਆ ਹੋਵੇ, ਭਾਵ ਉਥੇ ਕੰਮ ਕੀਤਾ ਹੋਵੇ, ਟੈਕਸ ਦਿੱਤਾ ਹੋਵੇ ਜਾਂ ਪੈਨਸ਼ਨ ਫੰਡ ਵਿਚ ਆਪਣਾ ਬਣਦਾ ਹਿੱਸਾ ਪਾਇਆ ਹੋਵੇ। ਕਮਾਈ ਕਰ ਸਕਣ ਦੇ ਸਮੇਂ ਵਾਲੀ ਜ਼ਿੰਦਗੀ ਕਿਸੇ ਹੋਰ ਦੇਸ਼ ਵਿਚ ਗੁਜ਼ਾਰ ਕੇ ਤੇ ਸੇਵਾ-ਮੁਕਤੀ ਦੀ ਬਜ਼ੁਰਗ ਅਵਸਥਾ ਸਮੇਂ ਸਰਕਾਰੀ ਸਹੂਲਤਾਂ ਵਾਲੇ ਕੈਨੇਡੀਅਨ ਸਿਸਟਮ ਉਪਰ ਬੋਝ ਬਣਨ ਨੂੰ ਹੁਣ ਕੈਨੇਡਾ ਦੀ ਸਰਕਾਰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਲੰਘੇ 15 ਕੁ ਸਾਲਾਂ ਤੋਂ ਸਰਕਾਰ ਦੀ ਨੀਤੀ ਨੌਜਵਾਨਾਂ (18 ਤੋਂ 45 ਕੁ ਸਾਲ ਤੱਕ) ਨੂੰ ਆਕਰਸ਼ਿਤ ਕਰਨ ਵੱਲੈ ਕੇਂਦਰਿਤ ਰਹਿ ਰਹੀ ਹੈ। ਇਸੇ ਕਾਰਨ ਕੈਨੇਡਾ ਦੇ ਪੱਕੇ ਵਾਸੀਆਂ ਦੇ ਵਿਦੇਸ਼ਾਂ ਵਿਚ ਰਹਿੰਦੇ ਮਾਪਿਆਂ/ਦਾਦਕਿਆਂ/ ਨਾਨਕਿਆਂ ਨੂੰ ਪੱਕੇ ਤੌਰ ‘ਤੇ ਅਪਲਾਈ ਕਰਨ ਦੇ ਤਰੀਕੇ ਨੂੰ ਬਹੁਤ ਸੀਮਤ ਤੇ ਔਕੜਾਂ ਭਰਪੂਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਾ ਸਰਕਾਰ ਭਾਵੇਂ ਇਮੀਗ੍ਰੇਸ਼ਨ ਪੱਖੀ ਹੈ ਪਰ ਉਨ੍ਹਾਂ ਨੇ ਵੀ ਬਜ਼ੁਰਗਾਂ ਦੀ ਪੱਕੀ ਇਮੀਗ੍ਰੇਸ਼ਨ ਦੇ ਰਾਹ ਵਿਚ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ਸਮੇਂ (2015 ਤੋਂ ਪਹਿਲਾਂ) ਰੱਖੇ ਰੋੜੇ ਚੁਗਣ ਦਾ ਹੌਸਲਾ ਨਹੀਂ ਕੀਤਾ ਹੈ, ਸਗੋਂ ਟਰੂਡੋ ਦੀ ਸਰਕਾਰ ਵਿਚ ਸੁਪਰ ਵੀਜ਼ਾ ਨੀਤੀ ਨੂੰ ਇਨਬਿਨ ਅੱਗੇ ਤੋਰਿਆ ਜਾ ਰਿਹਾ ਹੈ। ਕੈਨੇਡਾ ਵਾਸੀ ਲੋਕਾਂ ਦੇ ਸੁਪਰ ਵੀਜ਼ਾ ਧਾਰਕ ਮਾਪਿਆਂ ਦੀ ਕੈਨੇਡਾ ਵੱਲੈ ਆਵਾਜਾਈ ਸਾਰਾ ਸਾਲ ਬਣੀ ਰਹਿੰਦੀ ਹੈ। 10 ਸਾਲ ਤੱਕ ਦੀ ਮਿਆਦ ਵਾਲੇ ਸੁਪਰ ਵੀਜ਼ਾ ਉਪਰ ਖਰਚੇ ਕਾਫੀ ਹੁੰਦੇ ਹਨ। ਅੰਬੈਸੀ ਦੀਆਂ ਫੀਸਾਂ ਤਾਂ ਭਰਨੀਆਂ ਹੀ ਪੈਂਦੀਆਂ ਹਨ ਪਰ ਐਮਰਜੈਂਸੀ ਸਿਹਤ ਦਾ ਬੀਮਾ ਇਕ ਅਜਿਹਾ ਵੱਡਾ ਖਰਚਾ ਹੈ, ਜਿਸ ਨੂੰ ਕੀਤੇ ਬਿਨਾਂ ਸੁਪਰ ਵੀਜ਼ਾ ਧਾਰਕ ਨੂੰ ਕੈਨੇਡਾ ਵਿਚ ਠਹਿਰਨ ਦੀ ਲੰਬੇ ਸਮੇਂ ਦੀ ਐਂਟਰੀ ਨਹੀਂ ਮਿਲ ਸਕਦੀ। ਕਾਨੂੰਨ ਦੀ ਵਿਵਸਥਾ ਮੁਤਾਬਿਕ ਉਸ ਦੀ ਐਂਟਰੀ ਵੱਧ ਤੋਂ ਵੱਧ ਛੇ ਮਹੀਨੇ ਦੀ ਠਾਹਰ ਤੱਕ ਸੀਮਤ ਕੀਤੀ ਜਾਂਦੀ ਹੈ। ਸਿਹਤ ਬੀਮੇ ਦੇ ਖਰਚੇ ਤੋਂ ਬਚਾਅ ਵਾਸਤੇ ਲੋਕਾਂ ਵਲੋਂ ਬਹਾਨੇ ਵੀ ਘੜ ਲਏ ਹਨ, ਜਾਂ ਐਂਟਰੀ ਮਿਲਣ ਮਗਰੋਂ ਬੀਮਾ ਕੈਂਸਲ ਕਰਵਾ ਕੇ ਪ੍ਰੀਮੀਅਮ ਦੇ ਪੈਸੇ ਵਾਪਸ ਲੈਣ ਦੀ ਚੁਸਤੀ ਵੀ ਅਕਸਰ ਕੀਤੀ ਜਾਂਦੀ ਹੈ ਪਰ ਹੁਣ ਅਜਿਹੀਆਂ ਚੁਸਤੀਆਂ ਵੀਜ਼ਾ ਅਧਿਕਾਰੀਆਂ ਦੇ ਧਿਆਨ ਵਿਚ ਆ ਚੁੱਕੀਆਂ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …