Breaking News
Home / ਜੀ.ਟੀ.ਏ. ਨਿਊਜ਼ / ਭਾਬੀ ਦਾ ਕਤਲ ਕਰਨ ਦੇ ਦੋਸ਼ਾਂ ‘ਚ ਨਣਦ ਨੂੰ ਹੋਈ 12 ਸਾਲਾਂ ਦੀ ਸਜ਼ਾ

ਭਾਬੀ ਦਾ ਕਤਲ ਕਰਨ ਦੇ ਦੋਸ਼ਾਂ ‘ਚ ਨਣਦ ਨੂੰ ਹੋਈ 12 ਸਾਲਾਂ ਦੀ ਸਜ਼ਾ

Poonam Lite News copy copyਮਨਦੀਪ ਪੂਨੀਆ ਨੇ ਆਪਣੇ ਪਿਤਾ ਅਤੇ ਪਤੀ ਨਾਲ ਮਿਲ ਕੇ
2009 ‘ਚ ਕੀਤਾ ਸੀ ਪੂਨਮ ਲਿੱਟ ਦਾ ਕਤਲ
ਟੋਰਾਂਟੋ/ਬਿਊਰੋ ਨਿਊਜ਼ : ਆਪਣੀ ਭਾਬੀ ਦਾ ਕਤਲ ਕਰਨ ਵਾਲੀ ਨਣਦ ਨੂੰ ਅਦਾਲਤ ਨੇ 12 ਸਾਲਾਂ ਦੀ ਸਜ਼ਾ ਸੁਣਾਈ ਹੈ। ਪਿਆਰ ਵਿਆਹ ਤੋਂ ਬਾਅਦ ਟੋਰਾਂਟੋ ਦੇ ਬਰੈਂਪਟਨ ਸ਼ਹਿਰ ‘ਚ ਕਤਲ ਕੀਤੀ ਗਈ ਪੰਜਾਬੀ ਲੜਕੀ ਦੇ ਮਾਮਲੇ ‘ਚ ਕੈਨੇਡਾ ਦੀ ਇਕ ਅਦਾਲਤ ਨੇ ਸਹੁਰੇ, ਨਣਦ ਅਤੇ ਨਣਦ ਦੇ ਪਤੀ ਨੂੰ ਦੋਸ਼ੀ ਕਰਾਰ ਦਿੱਤਾ ਹੋਇਆ ਹੈ।  ਇਸ ਮਾਮਲੇ ਵਿਚ ਕਤਲ ਕੀਤੀ ਗਈ ਪੂਨਮ ਲਿੱਟ ਦੀ ਨਣਦ ਮਨਦੀਪ ਪੂਨੀਆ ਨੂੰ ਕਤਲ ਕਰਨ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਹੇਠ 12 ਸਾਲਾਂ ਦੀ ਸਖਤ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਅਦਾਲਤ ਨੇ ਵੀਰਵਾਰ ਨੂੰ ਸੁਣਾਈ। ਜ਼ਿਕਰਯੋਗ ਹੈ ਕਿ ਮਨਦੀਪ ਪੂਨੀਆ 2012 ਤੋਂ ਜੇਲ੍ਹ ਵਿਚ ਹੈ ਇਸ ਲਈ ਉਸ ਨੂੰ ਅਜੇ 5 ਵਰ੍ਹੇ 6 ਮਹੀਨੇ ਅਤੇ 12 ਦਿਨ ਹੋਰ ਜੇਲ੍ਹ ਵਿਚ ਗੁਜਾਰਨੇ ਪੈਣਗੇ। ਜਿਕਰਯੋਗ ਹੈ ਕਿ ਮਨਦੀਪ ਪੂਨੀਆ ਦਾ ਪਤੀ ਸਿਕੰਦਰ ਪੂਨੀਆ ਨੂੰ ਪਹਿਲਾਂ ਹੀ 7 ਸਾਲ ਦੀ ਸਜ਼ਾ ਹੋ ਚੁੱਕੀ ਹੈ ਜਦੋਂਕਿ ਪੂਨਮ ਲਿੱਟ ਦਾ ਸਹੁਰਾ ਅਤੇ ਮਨਦੀਪ ਪੂਨੀਆ ਦਾ ਪਿਤਾ ਕੁਲਵੰਤ ਲਿੱਟ ਨੂੰ ਅਜੇ ਸਜ਼ਾ ਹੋਣੀ ਬਾਕੀ ਹੈ ਕਿਉਂਕਿ ਉਹ ਆਪਣੇ ਬਿਆਨ ਤੋਂ ਮੁੱਕਰ ਗਿਆ ਸੀ ਅਤੇ ਹੁਣ ਉਹ ਆਪਣੀ ਗਲਤੀ ਨੂੰ ਕਬੂਲ ਕਰੇਗਾ ਤੇ ਇਸ ਲਈ ਉਸ ਨੂੰ ਕਤਲ ਕੀਤੀ ਗਈ ਆਪਣੀ ਨੂੰਹ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਵਿਚ ਮਦਦ ਕਰਨ ਅਤੇ ਮਾਮਲੇ ਨੂੰ ਲੁਕਾਉਣ ਦੇ ਦੋਸ਼ਾਂ ਤਹਿ ਸਜ਼ਾ ਸੁਣਾਈ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਤੀ ਨੇ ਹੀ ਆਪਣੇ ਪਿਤਾ, ਭੈਣ ਅਤੇ ਜੀਜੇ ਨੂੰ ਸਜ਼ਾ ਦਿਵਾਉਣ ‘ਚ ਅਹਿਮ ਰੋਲ ਅਦਾ ਕੀਤਾ ਹੈ।
ਮੂਲ ਰੂਪ ਨਾਲ ਜਗਰਾਓਂ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਲਿੱਟ ਦਾ ਪਿਆਰ ਵਿਆਹ ਪੂਨਮ ਲਿੱਟ ਦੇ ਨਾਲ ਹੋਇਆ ਸੀ ਪ੍ਰੰਤੂ ਇਸ ਵਿਆਹ ਤੋਂ ਮਨਜਿੰਦਰ ਦੇ ਪਿਤਾ ਕੁਲਵੰਤ ਸਿੰਘ ਲਿੱਟ ਅਤੇ ਭੈਣ ਮਨਦੀਪ ਪੂਨੀਆ ਖੁਸ਼ ਨਹੀਂ ਸਨ। ਇਸੇ ਦੌਰਾਨ ਜਦੋਂ ਮਨਜਿੰਦਰ ਅਤੇ ਉਨ੍ਹਾਂ ਦੀ ਮਾਂ ਪੰਜਾਬ ਕਿਸੇ ਰਿਸ਼ਤੇਦਾਰੀ ‘ਚ ਆਏ ਤਾਂ 5 ਫਰਵਰੀ 2009 ਨੂੰ ਟੋਰਾਂਟੋ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਪੂਨਮ ਲਿੱਟ ਉਸ ਸਮੇਂ ਗਾਇਬ ਹੋ ਗਈ ਜਦੋਂ ਉਹ ਇਕ ਡੈਂਟਲ ਕਲੀਨਿਕ ਜਾ ਰਹੀ ਸੀ। ਇਸੇ ਦੌਰਾਨ ਜਦੋਂ ਮਨਜਿੰਦਰ ਵਾਪਸ ਬਰੈਂਪਟਨ ਪਹੁੰਚਿਆ ਤਾਂ ਉਸ ਨੂੰ ਸ਼ੱਕ ਹੋਇਆ ਪ੍ਰੰਤੂ ਉਸ ਨੂੰ ਪੁਖਤਾ ਸਬੂਤ ਚਾਹੀਦਾ ਸੀ ਅਤੇ ਪੁਲਿਸ ਆਪਣੇ ਪੱਧਰ ‘ਤੇ ਜਾਂਚ ਕਰਦੀ ਰਹੀ। ਪੁਲਿਸ ਨੇ ਇਥੇ ਤੱਕ ਕਹਿ ਦਿੱਤਾ ਸੀ ਕਿ ਪੂਨਮ ਦਾ ਸੁਰਾਗ ਆਪਣੇ ਘਰ ਤੋਂ ਹੀ ਨਿਕਲੇਗਾ। ਇਸੇ ਦੌਰਾਨ ਗੱਲ ਸਾਹਮਣੇ ਆਈ ਕਿ ਪੂਨਮ ਦਾ ਕਤਲ ਕਰਕੇ ਉਸ ਦੀ ਲਾਸ਼ ਕਾਲੇਡਾਊਨ ਦੇ ਜੰਗਲਾਂ ‘ਚ ਸੁੱਟ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ‘ਚ ਪੂਨਮ ਦੇ ਸਹੁਰੇ ਕੁਲਵੰਤ ਸਿੰਘ ਲਿੱਟ ਅਤੇ ਉਸਦੀ ਲੜਕੀ ਮਨਦੀਪ ਪੂਨੀਆ ਅਤੇ ਜਵਾਈ ਸਿਕੰਦਰ ਸਿੰਘ ਨੂੰ ਇਸ ਕੇਸ ‘ਚ ਚਾਰਜ ਕੀਤਾ ਸੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …