5 ਸੰਸਦ ਮੈਂਬਰਾਂ ਨੇ ਸੈਸ਼ਨ ਦੌਰਾਨ ਚੁੱਕਿਆ ਮੁੱਦਾ, ਟਰੂਡੋ ਨੇ ਦਿੱਤਾ ਭਾਰਤ ਨਾਲ ਗੱਲਬਾਤ ਦਾ ਭਰੋਸਾ
ਭਾਰਤ ਵਿਚ ਸਥਿਤੀ ਚਿੰਤਾਜਨਕ ਹੈ ਤੇ ਕੈਨੇਡਾ ਵਿਚ ਰਹਿਣ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਚਿੰਤਤ ਹਨ। ਕੈਨੇਡਾ ਹਮੇਸ਼ਾ ਸ਼ਾਂਤੀਪੂਰਵਕ ਪ੍ਰਦਰਸ਼ਨ ਦਾ ਸਮਰਥਕ ਰਿਹਾ ਹੈ ਤੇ ਅਸੀਂ ਹਮੇਸ਼ਾ ਮੁੱਦਿਆਂ ਦੇ ਹੱਲ ਲਈ ਗੱਲਬਾਤ ਦੇ ਪੱਖ ਵਿਚ ਰਹੇ ਹਾਂ। ਇਸ ਮਾਮਲੇ ਦੇ ਹੱਲ ਲਈ ਭਾਰਤ ਸਰਕਾਰ ਦੇ ਨਾਲ ਸੰਪਰਕ ਵਿਚ ਹਾਂ ਤੇ ਆਪਣੀਆਂ ਚਿੰਤਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾ ਰਹੇ ਹਾਂ।
ਜਸਟਿਨ ਟਰੂਡੋ, ਪ੍ਰਧਾਨ ਮੰਤਰੀ ਕੈਨੇਡਾ
ਟੋਰਾਂਟੋ/ਨਵੀਂ ਦਿੱਲੀ : ਭਾਰਤ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਚ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ‘ਤੇ ਇਸਤੇਮਾਲ ਕੀਤੇ ਗਏ ਹੰਝੂ ਗੈਸ ਦੇ ਗੋਲਿਆਂ ਤੇ ਪਾਣੀ ਦੀਆਂ ਵਾਛੜਾਂ ਦਾ ਮੁੱਦਾ ਕੈਨੇਡਾ ਦੀ ਸੰਸਦ ਵਿਚ ਗੂੰਜਣ ਲੱਗਾ ਹੈ। ਸੋਮਵਾਰ ਨੂੰ ਕੈਨੇਡਾ ਦੇ ਸੰਸਦ ਸੈਸ਼ਨ ਦੌਰਾਨ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੇ ਕੈਨੇਡਾ ਦੀ ਸੰਸਦ ਵਿਚ ਇਸ ਮੁੱਦੇ ਨੂੰ ਚੁੱਕਿਆ ਤੇ ਸਦਨ ਨੂੰ ਅਪੀਲ ਕੀਤੀ ਕਿ ਕੈਨੇਡਾ ਦੀ ਸਰਕਾਰ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਵਿਰੁੱਧ ਇਸਤੇਮਾਲ ਕੀਤੇ ਗਏ ਬਲ ਪ੍ਰਯੋਗ ਦੇ ਮਾਮਲੇ ਨੂੰ ਭਾਰਤ ਦੀ ਸਰਕਾਰ ਸਾਹਮਣੇ ਚੁੱਕੇ। ਟਿਮ ਉਪਲ, ਮਨਦੀਪ ਸਿੱਧੂ, ਜਸਰਾਜ ਸਿੰਘ ਹਲਣ, ਸੋਨੀਆ ਸਿੱਧੂ ਅਤੇ ਰੂਬੀ ਸਹੋਤਾ ਨੇ ਇਸ ਮੁੱਦੇ ਨੂੰ ਕੈਨੇਡਾ ਦੀ ਸੰਸਦ ਵਿਚ ਚੁੱਕਿਆ ਤੇ ਕਿਸਾਨਾਂ ਦੇ ਨਾਲ ਹੋ ਰਹੇ ਵਰਤਾਵੇ ਦੀ ਨਿੰਦਾ ਕੀਤੀ, ਜਦਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸੰਸਦ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕੈਨੇਡਾ ਦੀ ਸਰਕਾਰ ਇਸ ਮਾਮਲੇ ਵਿਚ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ।
ਇਨ੍ਹਾਂ 5 ਸੰਸਦ ਮੈਂਬਰਾਂ ਨੇ ਕੈਨੇਡਾ ਦੀ ਸੰਸਦ ਵਿਚ ਚੁੱਕਿਆ ਕਿਸਾਨ ਸੰਘਰਸ਼ ਦਾ ਮੁੱਦਾ
ਰੂਬੀ ਸਹੋਤਾ, ਬਰੈਂਪਟਨ ਨਾਰਥ
ਸ਼ਾਂਤੀਪੂਰਨ ਪ੍ਰਦਰਸ਼ਨ ਕਿਸੇ ਵੀ ਲੋਕਤੰਤਰ ਵਿਚ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੈ ਪਰ ਅਸੀਂ ਦੇਖਿਆ ਹੈ ਕਿ ਭਾਰਤ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ‘ਤੇ ਪਾਣੀ ਦੀਆਂ ਵਾਛੜਾਂ ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਸਰਕਾਰ ਨੂੰ ਕਿਸਾਨਾਂ ਦੇ ਪ੍ਰਤੀ ਦਿਆਲਤਾ ਦਿਖਾਉਣੀ ਚਾਹੀਦੀ ਹੈ।
ਜਸਰਾਜ ਸਿੰਘ ਹੱਲਣ, ਕੈਲਗਰੀ
ਕਿਸਾਨ ਦੇਸ਼ ਲਈ ਅਨਾਜ ਪੈਦਾ ਕਰਦੇ ਹਨ, ਪਰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਬਲ ਦਾ ਪ੍ਰਯੋਗ ਕਰਕੇ ਉਨ੍ਹਾਂ ਦੇ ਲੋਕਤੰਤਰਿਕ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ। ਨੋ ਫਾਰਮਰ, ਨੋ ਫੂਡ।
ਸੋਨੀਆ ਸਿੱਧੂ ,ਬਰੈਂਪਟਨ ਸਾਊਥ
ਭਾਰਤ ਵਿਚ ਜਿਨ੍ਹਾਂ ਪੁਲਿਸ ਕਰਮਚਾਰੀਆਂ ਨੇ ਕਿਸਾਨਾਂ ਖਿਲਾਫ ਬਲ ਪ੍ਰਯੋਗ ਕੀਤਾ, ਕਿਸਾਨਾਂ ਨੇ ਉਨ੍ਹਾਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਲੰਗਰ ਛਕਾਇਆ। ਉਹ ਕਿਸਾਨ ਸ਼ਲਾਘਾ ਦੇ ਪਾਤਰ ਹਨ।
ਟਿਮ ਉਪਲ, ਐਡਮੰਟਨ ਮਿਲ ਵੁਡਸ
ਭਾਰਤ ਵਿਚ ਕਿਸਾਨਾਂ ਦੇ ਸ਼ਾਂਤੀਪੂਰਵਕ ਪ੍ਰਦਰਸ਼ਨ ‘ਤੇ ਹੋਏ ਬਲ ਪ੍ਰਯੋਗ ਨੂੰ ਦੁਨੀਆ ਨੇ ਦੇਖਿਆ ਹੈ, ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸਾਨਾਂ ਦੀ ਗੱਲ ਨੂੰ ਸੁਣੇ ਤੇ ਮਾਮਲੇ ਦਾ ਹੱਲ ਕੱਢੇ, ਨੋ ਫਾਰਮਰ, ਨੋ ਫੂਡ।
ਮਨਿੰਦਰ ਸਿੱਧੂ, ਬਰੈਂਪਟਨ ਈਸਟ
ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਵਿਰੁੱਧ ਬਲ ਪ੍ਰਯੋਗ ਲੋਕਤੰਤਰਿਕ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ, ਵਿਦੇਸ਼ ਮੰਤਰੀ ਕ੍ਰਿਪਾ ਕਰਕੇ ਸਾਨੂੰ ਇਹ ਦੱਸਣ ਕਿ ਇਸ ਮਾਮਲੇ ਨੂੰ ਭਾਰਤ ਦੇ ਨਾਲ ਕਿਵੇਂ ਚੁੱਕਿਆ ਜਾ ਰਿਹਾ ਹੈ।
ਵਿਦੇਸ਼ ਮੰਤਰੀ ਦਾ ਜਵਾਬ
ਕੈਨੇਡਾ ਦਾ ਮੰਨਣਾ ਹੈ ਕਿ ਸ਼ਾਂਤੀਪੂਰਵਕ ਪ੍ਰਦਰਸ਼ਨ ਦੇ ਲੋਕਤੰਤਰਿਕ ਅਧਿਕਾਰਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਨਾਲ ਹੋਏ ਵਿਵਹਾਰ ਦੇ ਇਸ ਮਾਮਲੇ ਨੂੂੰ ਉਹ ਡਿਪਲੋਮੈਟਿਕ ਪੱਧਰ ‘ਤੇ ਭਾਰਤ ਦੇ ਸਾਹਮਣੇ ਚੁੱਕ ਰਿਹਾ ਹੈ।
ਫ੍ਰੇਂਕੋਸ ਫਿਲਿਪ ਸ਼ੈਪੇਨ, ਵਿਦੇਸ਼ ਮੰਤਰੀ ਕੈਨੇਡਾ
ਭਾਰਤ ਨੇ ਟਰੂਡੋ ਅਤੇ ਕੈਨੇਡੀਆਈ ਨੇਤਾਵਾਂ ਦੀਆਂ ਟਿੱਪਣੀਆਂ ਨੂੰ ਗੈਰ-ਜ਼ਰੂਰੀ ਦੱਸਿਆ
ਭਾਰਤ ਨੇ ਟਰੂਡੋ ਅਤੇ ਕੈਨੇਡੀਆਈ ਨੇਤਾਵਾਂ ਦੀਆਂ ਟਿੱਪਣੀਆਂ ‘ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਇਨ੍ਹਾਂ ਨੂੰ ‘ਗੁੰਮਰਾਹਕੁੰਨ ਸੂਚਨਾਵਾਂ’ ਉਤੇ ਅਧਾਰਿਤ ਦੱਸਿਆ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਨੇ ਕਿਹਾ, ”ਅਸੀਂ ਕੈਨੇਡੀਆਈ ਨੇਤਾਵਾਂ ਵਲੋਂ ਭਾਰਤ ਦੇ ਕਿਸਾਨਾਂ ਸਬੰਧੀ ਕੀਤੀਆਂ ਗਈਆਂ ਕੁਝ ਅਜਿਹੀਆਂ ਟਿੱਪਣੀਆਂ ਨੂੰ ਦੇਖਿਆ ਹੈ, ਜੋ ਗੁੰਮਰਾਹਕੁੰਨ ਸੂਚਨਾਵਾਂ ‘ਤੇ ਅਧਾਰਿਤ ਹਨ। ਇਸ ਤਰ੍ਹਾਂ ਦੀਆਂ ਟਿੱਪਣੀਆਂ ਗੈਰ ਜ਼ਰੂਰੀ ਹਨ। ਖਾਸ ਕਰਕੇ ਉਦੋਂ, ਜਦੋਂ ਉਹ ਇਕ ਲੋਕਤੰਤਰਿਕ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਣ।
ਇਨ੍ਹਾਂ ਸੰਸਦ ਮੈਂਬਰਾਂ ਨੇ ਟਵਿੱਟਰ ‘ਤੇ ਚੁੱਕੀ ਕਿਸਾਨਾਂ ਦੇ ਹੱਕ ਦੀ ਆਵਾਜ਼
ਕਮਲ ਖਹਿਰਾ, ਬਰੈਂਪਟਨ ਵੈਸਟ
ਨਿਹੱਥੇ ਕਿਸਾਨਾਂ ‘ਤੇ ਹੰਝੂ ਗੈਸ ਤੇ ਪਾਣੀ ਦੀਆਂ ਵਾਛੜਾਂ ਦੀਆਂ ਤਸਵੀਰਾਂ ਖਤਰਨਾਕ ਹਨ, ਮੈਨੂੰ ਉਨ੍ਹਾਂ ਦੀ ਸੁਰੱਖਿਆ ਦੀ ਚਿੰਤਾ ਹੈ ਤੇ ਲੋਕਤੰਤਰ ਵਿਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਵਾਲਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਨਹੀਂ ਹੋਣਾ ਚਾਹੀਦਾ।
ਨਵਦੀਪ ਬੈਂਸ, ਉਦਯੋਗ ਮੰਤਰੀ ਕੈਨੇਡਾ
ਮੇਰੇ ਹਲਕੇ ਦੇ ਲੋਕਾਂ ਨੇ ਭਾਰਤ ਵਿਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਹੋਏ ਬਲ ਪ੍ਰਯੋਗ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਹੈ, ਸ਼ਾਂਤੀਪੂਰਵਕ ਪ੍ਰਦਰਸ਼ਨ ਦੇ ਲੋਕਤੰਤਰਿਕ ਅਧਿਕਾਰ ਦਾ ਹਰ ਸਥਾਨ ‘ਤੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਅੰਜੂ ਢਿੱਲੋਂ, ਡੋਰਵਨ ਲਾਸ਼ਾਈਨ
ਮੇਰੇ ਲੋਕ ਸਭਾ ਖੇਤਰ ਦੇ ਕਈ ਨਾਗਰਿਕਾਂ ਦੇ ਰਿਸ਼ਤੇਦਾਰ ਭਾਰਤ ਵਿਚ ਹੋ ਰਹੇ ਕਿਸਾਨ ਪ੍ਰਦਰਸ਼ਨ ਵਿਚ ਸ਼ਾਮਲ ਹਨ ਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੀ ਚਿੰਤਾ ਹੋ ਰਹੀ ਹੈ। ਸ਼ਾਂਤੀਪੂਰਵਕ ਪ੍ਰਦਰਸ਼ਨ ਦੇ ਉਨ੍ਹਾਂ ਦੇ ਅਧਿਕਾਰ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਸੁੱਖ ਧਾਲੀਵਾਲ, ਸਰੇ ਨਿਊਟੋਨ
ਭਾਰਤ ਵਿਚ ਪੰਜਾਬੀ ਕਿਸਾਨਾਂ ਵਿਰੁੱਧ ਹੋਏ ਬਲ ਪ੍ਰਯੋਗ ਦੀਆਂ ਤਸਵੀਰਾਂ ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਭਾਰਤੀ ਪੁਲਿਸ ਦਾ ਇਹ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਸ਼ਾਂਤੀਪੂਰਵਕ ਪ੍ਰਦਰਸ਼ਨ ਦੇ ਅਧਿਕਾਰ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਹਰਜੀਤ ਸਿੰਘ ਸੱਜਣ, {ਰੱਖਿਆ ਮੰਤਰੀ, ਕੈਨੇਡਾ
ਕਿਸਾਨਾਂ ਨਾਲ ਭਾਰਤ ਵਿਚ ਹੋਏ ਬਲ ਪ੍ਰਯੋਗ ਦੀਆਂ ਤਸਵੀਰਾਂ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮਜ਼ਬੂਤ ਲੋਕਤੰਤਰ ਹਮੇਸ਼ਾ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਮਨਜੂਰੀ ਦਿੰਦਾ ਹੈ। ਮੇਰੇ ਹਲਕੇ ਦੇ ਕਈ ਲੋਕਾਂ ਦੇ ਰਿਸ਼ਤੇਦਾਰ ਇਸ ਪ੍ਰਦਰਸ਼ਨ ਵਿਚ ਸ਼ਾਮਲ ਹਨ ਤੇ ਉਹ ਆਪਣੇ ਪਰਿਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
ਜਗ ਸਹੋਤਾ, ਕੈਲੇਗਰੀ, ਸਕਾਈ ਵਿਊ
ਭਾਰਤ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣਿਆ ਜਾਣਾ ਚਾਹੀਦਾ ਹੈ ਕਿਉਂਕਿ ਸ਼ਾਂਤੀਪੂਰਵਕ ਪ੍ਰਦਰਸ਼ਨ ਉਨ੍ਹਾਂ ਦਾ ਲੋਕਤੰਤਰਿਕ ਅਧਿਕਾਰ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …