ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਦੱਸਿਆ ‘ਸੂਟ-ਬੂਟ ਦੀ ਸਰਕਾਰ’
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵਿਆਂ ਲਈ ਕੇਂਦਰ ਸਰਕਾਰ ‘ਤੇ ਹੱਲਾ ਬੋਲਦਿਆਂ ਕਿਹਾ ਕਿ ਅਸਲ ਵਿੱਚ ‘ਸੂਟ ਬੂਟ ਦੀ ਸਰਕਾਰ’ ਦੇ ਰਾਜ ਵਿੱਚ ਕਿਸਾਨਾਂ ਦੀ ਆਮਦਨ ‘ਅੱਧੀ’ ਰਹਿ ਗਈ ਹੈ ਜਦੋਂਕਿ ਸਰਕਾਰ ਦੇ ਵੱਡੇ ਕਾਰੋਬਾਰੀ ਦੋਸਤਾਂ ਦੀ ਕਮਾਈ ਵੱਧ ਕੇ ਚਾਰ ਗੁਣਾਂ ਹੋ ਗਈ ਹੈ। ਰਾਹੁਲ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਕੇਂਦਰ ਦੇ ਖੇਤੀ ਸੁਧਾਰ ਕਾਨੂੰਨਾਂ ਖਿਲਾਫ਼ ਕੌਮੀ ਰਾਜਧਾਨੀ ਨਾਲ ਲਗਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਸਰਹੱਦਾਂ ‘ਤੇ ਡਟੇ ਹੋਏ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਹਿੰਦੀ ਵਿੱਚ ਕੀਤੇ ਟਵੀਟ ਵਿਚ ਕਿਹਾ, ‘ਉਹ ਕਹਿੰਦੇ ਹਨ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ। ਪਰ ਉਨ੍ਹਾਂ ਜੋ ਕੁਝ ਕੀਤਾ ਹੈ, ਉਸ ਨਾਲ ਤਾਂ ਉਨ੍ਹਾਂ ਦੇ ‘ਦੋਸਤਾਂ’ ਦੀ ਆਮਦਨ ਚਾਰ ਗੁਣਾ ਤੇ ਕਿਸਾਨਾਂ ਦੀ ਅੱਧੀ ਰਹਿ ਜਾਵੇਗੀ। ਸੂਟ-ਬੂਟ ਦੀ ਇਹ ਸਰਕਾਰ ਝੂਠ ਤੇ ਲੁੱਟ ਦੀ ਸਰਕਾਰ ਹੈ।’ ਕਾਂਗਰਸ ਆਗੂ ਨੇ ਟਵੀਟ ਦੇ ਨਾਲ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਢਾਹੇ ਜ਼ੁਲਮ ਤੇ ਪੁਲਿਸ ਬਲ ਦੀ ਕੀਤੀ ਵਰਤੋਂ ਬਾਰੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਵੁਆਇਸ-ਓਵਰ ਹੈ, ਜਿਸ ਵਿੱਚ ਉਹ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਤੇ ਆਮਦਨ ਦੁੱਗਣੀ ਕਰਨ ਲਈ ਕੀਤੇ ਯਤਨਾਂ ਬਾਰੇ ਬੋਲ ਰਹੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …