ਰੋਹਤਕ/ਬਿਊਰੋ ਨਿਊਜ਼ : ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲਣ ਲਈ ਉਸਦੀ ਮਾਂ ਨਸੀਬ ਕੌਰ ਪਹੁੰਚੀ।
ਮਾਂ ਨਾਲ ਮੁਲਾਕਾਤ ਦੌਰਾਨ ਬਾਬੇ ਦੇ ਰੋਣ ਦੀਆਂ ਵੀ ਚਰਚਾਵਾਂ ਹਨ। ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਬਾਬੇ ਦੇ ਸਾਹਮਣੇ ਹੋਏ ਤਾਂ ਗੁਰਮੀਤ ਰਾਮ ਰਹੀਮ ਆਪਣੀ ਮਾਂ ਨਾਲ ਅੱਖਾਂ ਮਿਲਾਉਣ ਤੋਂ ਬਚਦਾ ਨਜ਼ਰ ਆਇਆ ਤਾਂ ਇਸ ਦੌਰਾਨ ਉਹ ਰੋ ਪਿਆ। ਜੇਲ੍ਹ ਤੋਂ ਬਾਹਰ ਮੀਡੀਆ ਨੇ ਨਸੀਬ ਕੌਰ ਨਾਲ ਗੱਲ ਕਰਨੀ ਚਾਹੀ, ਪਰ ਉਸ ਨੇ ਨਾ ਤਾਂ ਜੇਲ੍ਹ ਦੇ ਅੰਦਰ ਜਾਂਦਿਆਂ ਤੇ ਨਾ ਹੀ ਜੇਲ੍ਹ ਤੋਂ ਬਾਹਰ ਆ ਕੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਦਿੱਤਾ। ਨਸੀਬ ਕੌਰ ਚੁੱਪ ਚਾਪ ਵਾਪਸ ਪਰਤ ਗਈ। ਉਸਦੀ ਗੱਡੀ ‘ਤੇ ਲੱਗਾ ਨੰਬਰ ਦੱਸ ਰਿਹਾ ਸੀ ਕਿ ਉਹ ਰਾਜਸਥਾਨ ਤੋਂ ਇੱਥੇ ਪਹੁੰਚੇ ਹੈ। ਨਸੀਬ ਕੌਰ ਨਾਲ ਉਸਦਾ ਡਰਾਈਵਰ ਇਕਬਾਲ ਵੀ ਸੀ। ਜਾਣਕਾਰੀ ਮਿਲੀ ਹੈ ਕਿ ਨਸੀਬ ਕੌਰ ਰਾਮ ਰਹੀਮ ਲਈ ਕੁਝ ਕੱਪੜੇ ਲੈ ਕੇ ਪਹੁੰਚੀ ਸੀ। ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਹੋਣ ਤੋਂ ਕਰੀਬ ਤਿੰਨ ਹਫਤਿਆਂ ਬਾਅਦ ਉਸ ਨੂੰ ਕੋਈ ਮਿਲਣ ਲਈ ਪਹੁੰਚਿਆ ਹੈ। ਜੇਲ੍ਹ ਦੇ ਨਿਯਮਾਂ ਮੁਤਾਬਕ ਰਾਮ ਰਹੀਮ ਨੂੰ ਮਿਲਣ ਲਈ ਵੀਰਵਾਰ ਦਾ ਦਿਨ ਮੁਕੱਰਰ ਕੀਤਾ ਗਿਆ ਹੈ। ਚੇਤੇ ਰਹੇ ਕਿ ਰਾਮ ਰਹੀਮ ਨੇ ਆਪਣੀ ਮਾਂ ਨਸੀਬ ਕੌਰ, ਬੇਟਾ ਜਸਮੀਤ ਸਿੰਘ, ਬੇਟੀ ਚਰਨਪ੍ਰੀਤ, ਅਮਰਪ੍ਰੀਤ ਅਤੇ ਹਨੀਪ੍ਰੀਤ, ਨੂੰਹ ਹੁਸਨਪ੍ਰੀਤ, ਜਵਾਈ ਸ਼ਾਨ ਏ ਮੀਤ ਤੇ ਰੂਹ ਏ ਮੀਤ, ਡੇਰੇ ਦੀ ਚੇਅਰਮੈਨ ਵਿਪਾਸਨਾ ਅਤੇ ਦਾਨ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ।