ਹਰੀਸ਼ ਚੌਧਰੀ ਨੇ ਨਵਜੋਤ ਸਿੱਧੂ ਖਿਲਾਫ ਹਾਈਕਮਾਨ ਨੂੰ ਲਿਖੀ ਚਿੱਠੀ
ਨਵਜੋਤ ਸਿੱਧੂ ਖਿਲਾਫ ਕਾਰਵਾਈ ਲਈ ਉਠੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦਾ ਅੰਦਰੂਨੀ ਸੰਕਟ ਖਤਮ ਨਹੀਂ ਹੋ ਰਿਹਾ ਅਤੇ ਹੁਣ ਵੱਡੇ ਸਿਆਸੀ ਧਮਾਕੇ ਦੇ ਆਸਾਰ ਬਣਦੇ ਜਾ ਰਹੇ ਹਨ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਹੈ ਕਿ ਨਵਜੋਤ ਸਿੱਧੂ ਖਿਲਾਫ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਅਨੁਸ਼ਾਸਨੀ ਕਾਰਵਾਈ ਹੋਵੇ। ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦੀ ਸਿਫਾਰਸ਼ ’ਤੇ ਹਰੀਸ਼ ਚੌਧਰੀ ਨੇ ਪਾਰਟੀ ਹਾਈਕਮਾਨ ਨੂੰ ਨਵਜੋਤ ਸਿੱਧੂ ਖਿਲਾਫ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ। ਹਰੀਸ਼ ਚੌਧਰੀ ਵਲੋਂ ਕਾਂਗਰਸ ਹਾਈਕਮਾਨ ਨੂੰ ਲਿਖੀ ਗਈ ਚਿੱਠੀ ਵਿਚ ਸਿੱਧੂ ’ਤੇ ਨਵੰਬਰ ਮਹੀਨੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਚਲਾਉਣ ਦੇ ਆਰੋਪ ਲਗਾਏ ਗਏ ਹਨ। ਇਸ ਚਿੱਠੀ ਵਿਚ ਨਵਜੋਤ ਸਿੱਧੂ ਵਲੋਂ ਪ੍ਰਸ਼ਾਂਤ ਕਿਸ਼ੋਰ ਨਾਲ ਸਬੰਧਾਂ ਨੂੰ ਲੈ ਕੇ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਿੱਠੀ ਵਿਚ ਲਿਖਿਆ ਗਿਆ ਕਿ ਜਿਸ ਤਰ੍ਹਾਂ ਨਵਜੋਤ ਸਿੱਧੂ ਵੱਖਰਾ ਧੜਾ ਬਣਾ ਕੇ ਵੱਖਰੇ ਤੌਰ ’ਤੇ ਸਰਗਰਮੀਆਂ ਕਰ ਰਹੇ ਹਨ, ਇਸ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ’ਤੇ ਵੀ ਅਨੁਸ਼ਾਸਨੀ ਕਾਰਵਾਈ ਹੋ ਚੁੱਕੀ ਹੈ।