Breaking News
Home / ਨਜ਼ਰੀਆ / ਭਾਰਤੀ ਸੰਸਦ ‘ਚ ਕਰੋੜਪਤੀਆਂ ਤੇ ਅਪਰਾਧੀਆਂ ਦੀ ਬਹੁਤਾਤ

ਭਾਰਤੀ ਸੰਸਦ ‘ਚ ਕਰੋੜਪਤੀਆਂ ਤੇ ਅਪਰਾਧੀਆਂ ਦੀ ਬਹੁਤਾਤ

ਜਸਵੰਤ ਸਿੰਘ ‘ਅਜੀਤ’
ਐਸੋਸੀਏਸ਼ਨ ਆਫ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਵਲੋਂ ਜਾਰੀ ਇੱਕ ਰਿਪੋਰਟ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਇਸ ਵਾਰ ਲੋਕਸਭਾ ਲਈ ਚੁਣੇ ਗਏ ਸੰਸਦ ਮੈਂਬਰਾਂ ਵਿਚੋਂ 43 ਪ੍ਰਤੀਸ਼ਤ ਅਜਿਹੇ ਹਨ, ਜਿਨ੍ਹਾਂ ਵਿਰੁਧ ਕਈ-ਕਈ ਅਪਰਾਧਕ ਮਾਮਲੇ ਦਰਜ ਹਨ। ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਹ ਗਿਣਤੀ 2014 ਵਿੱਚ ਚੁਣੇ ਗਏ ਅਜਿਹੇ ਸੰਸਦ ਮੈਂਬਰਾਂ ਨਾਲੋਂ 26 ਪ੍ਰਤੀਸ਼ਤ ਵੱਧ ਹੈ। ਮਤਲਬ ਇਹ ਕਿ ਦੇਸ਼ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਭਾਵੇਂ ਉਸਦਾ ਖੇਤ੍ਰ ਕੋਈ ਵੀ ਹੋਵੇ। ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਇਸ ਵਾਰ ਲੋਕਸਭਾ ਚੋਣਾਂ ਜਿਤਣ ਵਾਲੇ 539 ਲੋਕ ਸਭਾ ਮੈਂਬਰਾਂ ਵਿਚੋਂ ਜਿਨ੍ਹਾਂ 233 ਮੈਂਬਰਾਂ ਵਿਰੁਧ ਅਪਰਾਧਕ ਮਾਮਲੇ ਦਰਜ ਹਨ, ਉਨ੍ਹਾਂ ਵਿਚੋਂ ਸਭ ਤੋਂ ਵਧ ਸੰਸਦ ਮੈਂਬਰ ਭਾਜਪਾ ਦੇ ਹਨ, ਜਿਨ੍ਹਾਂ ਦੀ ਗਿਣਤੀ 116 ਹੈ। ਇਸਤੋਂ ਬਾਅਦ ਕਾਂਗਰਸ ਦੇ ਅਜਿਹੇ ਸੰਸਦ ਮੈਂਬਰਾਂ ਦੀ ਗਿਣਤੀ 29, ਜਨਤਾ ਦਲ ਯੂਨਾਇਟਿਡ ਦੇ ਸੰਸਦ ਮੈਂਬਰਾਂ ਦੀ ਗਿਣਤੀ 13, ਡੀਐਮਕੇ ਦੇ ਸੰਸਦ ਮੈਂਬਰਾਂ ਦੀ ਗਿਣਤੀ 10 ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਗਿਣਤੀ 9 ਹੈ।
ਸਭ ਤੋਂ ਵੱਧ ਯੂਪੀ ਦੇ ਸੰਸਦ ਮੈਂਬਰ : ਇਸੇ ਸੰਸਥਾ, ਏਡੀਆਰ ਵਲੋਂ ਜਾਰੀ ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਦੇਸ਼ ਦੀ ਸੰਸਦ ਵਿੱਚ ਸਭ ਤੋਂ ਵੱਧ ਭਾਈਵਾਲੀ ਰਖਣ ਵਾਲੇ ਰਾਜ, ਉਤਰ-ਪ੍ਰਦੇਸ਼ ਨੇ ਇਸ ਵਾਰ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਵੀ ਕਿਤੇ ਵੱਧ ਅਪਰਾਧਕ ਪ੍ਰਵਿਰਤੀ ਵਾਲੇ ਉਮੀਦਵਾਰਾਂ ਨੂੰ ਸੰਸਦ ਵਿੱਚ ਪਹੁੰਚਾਇਆ ਹੈ। ਉਤਰ-ਪ੍ਰਦੇਸ ਵਿਚੋਂ ਜਿੱਤ ਕੇ ਸੰਸਦ ਵਿੱਚ ਪੁੱਜੇ ਉਮੀਦਵਾਰਾਂ ਵਿਚੋਂ 56 ਪ੍ਰਤੀਸ਼ਤ ਅਜਿਹੇ ਸੰਸਦ ਮੈਂਬਰ ਹਨ, ਜਿਨ੍ਹਾਂ ਵਿਰੁਧ ਅਪਰਾਧਕ ਹੀ ਨਹੀਂ, ਸਗੋਂ ਗੰਭੀਰ ਅਪਰਾਧਕ ਮਾਮਲੇ ਦਰਜ ਹਨ। ਰਿਪੋਰਟ ਅਨੁਸਾਰ ਪਿਛਲੀ ਵਾਰ ਦੇ ਮੁਕਾਬਲੇ ਅਪਰਾਧਕ ਪ੍ਰਵਿਰਤੀ ਦੇ ਸੰਸਦ ਮੈਂਬਰ ਇਸ ਵਾਰ ਕਿਤੇ ਵੱਧ ਗਿਣਤੀ ਵਿੱਚ ਸੰਸਦ ਵਿੱਚ ਪੁੱਜੇ ਹਨ। ਰਿਪੋਰਟ ਅਨੁਸਾਰ 44 (56 ਪ੍ਰਤੀਸ਼ਤ) ਸੰਸਦ ਮੈਂਬਰਾਂ ਵਲੋਂ ਆਪਣੇ ‘ਤੇ ਅਪਰਾਧਕ ਮਾਮਲੇ ਦਰਜ ਹੋਣ ਦੀ ਗਲ ਸਵੀਕਾਰੀ ਹੈ। ਇੰਨਾ ਹੀ ਨਹੀਂ ਗੰਭੀਰ ਅਪਰਾਧਕ ਮਾਮਲਿਆਂ ਵਿੱਚ ਲਿਪਤ ਸੰਸਦ ਮੈਂਬਰਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਅਰਥਾਤ 37 (47 ਪ੍ਰਤੀਸ਼ਤ) ਸੰਸਦ ਮੈਂਬਰਾਂ ਨੇ ਆਪਣੇ ‘ਤੇ ਗੰਭੀਰ ਅਪਰਾਧਕ ਮਾਮਲਿਆਂ ਦਾ ਦਰਜ ਹੋਣਾ ਸਵੀਕਾਰਿਆ ਹੈ। ਜਦਕਿ ਪਿਛਲੀ ਵਾਰ (2014 ਵਿੱਚ) ਇਹ ਗਿਣਤੀ ਕੇਵਲ 22 (ਅਰਥਾਤ 28 ਪ੍ਰਤੀਸ਼ਤ) ਹੀ ਸੀ। ਕਰੋੜਪਤੀ ਵੀ ਘਟ ਨਹੀਂ: ਇਸੇ ਹੀ ਸੰਸਥਾ ਏਡੀਆਰ, ਦੀ ਰਿਪੋਰਟ ਅਨੁਸਾਰ ਨਵੀਂ ਲੋਕਸਭਾ ਵਿੱਚ 475 ਸੰਸਦ ਮੈਂਬਰ ਕਰੋੜਪਤੀ ਹਨ। ਇਨ੍ਹਾਂ ਵਿਚੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਪੁੱਤਰ ਨਕੁਲਨਾਥ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ। ਜਿਨ੍ਹਾਂ ਨੇ ਆਪਣੀ ਜਾਇਦਾਦ 660 ਕਰੋੜ ਰੁਪਏ ਦੀ ਹੋਣਾ ਸਵੀਕਾਰਿਆ ਹੈ। ਰਿਪੋਰਟ ਅਨੁਸਾਰ ਭਾਜਪਾ ਦੇ 301 ਸੰਸਦ ਮੈਂਬਰਾਂ ਵਿਚੋਂ 265 (88 ਪ੍ਰਤੀਸ਼ਤ) ਸੰਸਦ ਮੈਂਬਰ ਕਰੋੜਪਤੀ ਹਨ। ਰਾਜਗ ਵਿੱਚ ਭਾਜਪਾ ਦੀ ਸਹਿਯੋਗੀ ਸ਼ਿਵਸੈਨਾ ਦੇ ਸਾਰੇ ਹੀ 18 ਸੰਸਦ ਮੈਂਬਰਾਂ ਦੀ ਜਾਇਦਾਦ ਇੱਕ ਕਰੋੜ ਤੋਂ ਵੱਧ ਹੈ। ਕਾਂਗਰਸ ਦੇ 51 ਸੰਸਦ ਮੈਂਬਰ, ਜਿਨ੍ਹਾਂ ਦੇ ਹਲਫਨਾਮਿਆਂ ਦਾ ਅਧਿਅਨ ਕੀਤਾ ਜਾ ਸਕਿਆ, ਉਨ੍ਹਾਂ ਵਿਚੋਂ 43 ਸੰਸਦ ਮੈਂਬਰ (ਅਰਥਾਤ 96 ਪ੍ਰਤੀਸ਼ਤ) ਕਰੋੜਪਤੀ ਹਨ। ਇਸੇ ਤਰ੍ਹਾਂ ਡੀਐਮਕੇ 23 ਸੰਸਦ ਮੈਂਬਰਾਂ ਵਿਚੋਂ 22 ਸੰਸਦ ਮੈਂਬਰ, ਤ੍ਰਿਣਮੂਲ ਕਾਂਗਰਸ ਦੇ 22 ਸੰਸਦ ਮੈਂਬਰਾਂ ਵਿਚੋਂ 20, ਅਤੇ ਵਾਈਐਸਅਰ ਕਾਂਗਰਸ ਦੇ 22 ਸੰਸਦ ਮੈਂਬਰਾਂ ਵਿਚੋਂ 19 ਸੰਸਦ ਮੈਂਬਰ ਕਰੋਪਤੀ ਹਨ।
ਦਿੱਲੀ ਦੀਆਂ ਇਹ ਬੱਚੀਆਂ ਕਿਥੇ ਨੇ? : ਦਿੱਲੀ ਬਾਲ ਅਧਿਕਾਰ ਸੁਰਖਿਆ ਕਮਿਸ਼ਨ ਵਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਦਿੱਲੀ ਵਿੱਚ ਲਾਪਤਾ ਹੋਣ ਵਾਲੇ ਬੱਚਿਆਂ ਦਾ ਪ੍ਰਤੀਸ਼ਤ ਸਾਲ-ਦਰ-ਸਾਲ ਲਗਾਤਾਰ ਵਧਦਾ ਹੀ ਚਲਿਆ ਜਾ ਰਿਹਾ ਹੈ। ਇਨ੍ਹਾਂ ਲਾਪਤਾ ਹੋਣ ਵਾਲੇ ਬੱਚਿਆਂ ਵਿੱਚ ਲੜਕੀਆਂ ਦੀ ਗਿਣਤੀ ਵਧੇਰੇ ਹੈ। ਸਾਲ 2014 ਤੋਂ 2017 ਤਕ 16504 ਲੜਕੀਆਂ ਦਿੱਲੀ ਤੋਂ ਲਾਪਤਾ ਹੋਈਆਂ, ਇਨ੍ਹਾਂ ਵਿਚੋਂ 3730 ਲੜਕੀਆਂ ਦਾ ਅਜੇ ਤਕ ਕੁਝ ਥਹੁ-ਪਤਾ ਨਹੀਂ ਚਲ ਸਕਿਆ। ਲਾਪਤਾ ਬਚਿਆਂ ਨੂੰ ਲੈ ਕੇ ਇਹ ਰਿਪੋਰਟ 17 ਜੁਲਾਈ ਨੂੰ ਦਿੱਲੀ ਬਾਲ ਅਧਿਕਾਰ ਸੁਰਖਿਆ ਕਮਿਸ਼ਨ ਵਲੋਂ ਦਿੱਲੀ ਸਕਤਰੇਤ ਵਿੱਚ ਪੇਸ਼ ਕੀਤੀ ਗਈ। ਰਿਪੋਰਟ ਵਿੱਚ ਸਾਲ 2008 ਤੋਂ 2017 ਤਕ ਲਾਪਤਾ ਅਤੇ ਬਰਾਮਦ ਹੋਏ ਬੱਚਿਆਂ ਦਾ ਵੇਰਵਾ ਦਿੱਤਾ ਗਿਆ ਹੋਇਆ ਹੈ। ਇਸ ਰਿਪੋਰਟ ਅਨੁਸਾਰ ਸਾਲ 2014 ਤੋਂ 2017 ਤਕ ਦਿੱਲੀ ਤੋਂ ਸਭ ਤੋਂ ਵੱਧ ਲੜਕੀਆਂ ਲਾਪਤਾ ਹੋਈਆਂ, ਜਿਨ੍ਹਾਂ ਨੂੰ ਲੱਭਣ ਦਾ ਪ੍ਰਤੀਸ਼ਤ ਬਹੁਤ ਹੀ ਘਟ ਹੈ। ਦਿੱਲੀ ਵਿੱਚ ਇਨ੍ਹਾਂ ਚਾਰ ਸਾਲਾਂ ਵਿੱਚ 16504 ਲੜਕੀਆਂ ਲਾਪਤਾ ਹੋਈਆਂ, ਜਦਕਿ ਲਾਪਤਾ ਹੋਣ ਵਾਲੇ ਲੜਕਿਆਂ ਦੀ ਗਿਣਤੀ 12918 ਹੈ। ਇਨ੍ਹਾਂ ਵਿਚੋਂ 10849 ਲੜਕਿਆਂ ਅਤੇ 12774 ਲੜਕੀਆਂ ਨੂੰ ਲਭ ਲਿਆ ਗਿਆ। 2069 ਲੜਕੇ ਅਤੇ 3730 ਲੜਕੀਆਂ ਅਜੇ ਤਕ ਲਾਪਤਾ ਹਨ। ਇਸ ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਸਾਲ 2015 ਤੋਂ 2017 ਦੇ ਵਿੱਚਕਾਰ ਲਾਪਤਾ ਹੋਣ ਵਾਲੇ ਬਚਿਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਇਹ ਵੀ ਦਸਿਆ ਗਿਆ ਹੈ ਕਿ ਲਾਪਤਾ ਹੋਣ ਵਾਲੇ ਬਹੁਤੇ ਬੱਚੇ ਉਨ੍ਹਾਂ ਪਰਵਾਸੀਆਂ ਦੇ ਹਨ, ਜੋ ਦਿਹਾੜੀਦਾਰ ਮਜ਼ਦੂਰਾਂ ਦੇ ਰੂਪ ਵਿੱਚ ਬਾਹਰੋਂ ਕੰਮ ਕਰਨ ਲਈ ਆਉਂਦੇ ਹਨ। ਦਿੱਲੀ ਦੇ ਮੁਖ ਸਕੱਤਰ ਵਿਜੈ ਕੁਮਾਰ ਦੇਵ ਦਾ ਕਹਿਣਾ ਹੈ ਕਿ ਲਾਪਤਾ ਹੋਏ ਬਚਿਆਂ ਨੂੰ ਲਭਣ ਦਾ ਕੰਮ ਸਰਕਾਰੀ ਅਤੇ ਗੈਰ-ਸਰਕਾਰੀ ਸਾਰੇ ਵਿਭਾਗਾਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ। ਇਸ ਨਾਲ ਸਫਲਤਾ ਦੀ ਦਰ ਵਧੇਗੀ। ਉਨ੍ਹਾਂ ਅਨੁਸਾਰ ਇਸ ਵਿੱਚ ਪੁਲਿਸ ਦੀ ਭੂਮਿਕਾ ਸਭ ਤੋਂ ਅਹਿਮ (ਖਾਸ) ਹੁੰਦੀ ਹੈ। ਇਸਦੇ ਨਾਲ ਹੀ ਦਿੱਲੀ ਬਾਲ ਅਧਿਕਾਰ ਸੁਰਖਿਆ ਕਮਿਸਨ ਦੇ ਮੁਖੀ, ਰਮੇਸ਼ ਨੇਗੀ ਦਾ ਮਤ ਹੈ ਕਿ ਬਚਿਆਂ ਦਾ ਬਹੁਤਾ ਸਮਾਂ ਸਕੂਲ ਵਿੱਚ ਬੀਤਦਾ ਹੈ। ਇਸਲਈ ਸਕੂਲ ਤੋਂ ਹੀ ਬਚਿਆਂ ਦੀ ਸੁਰਖਿਆ ਅਰੰਭ ਹੁੰਦੀ ਹੈ। ਇਸਦੇ ਲਈ ਪੁਲਿਸ ਹੀ ਨਹੀਂ ਸਮਾਜ ਦੇ ਹਰ ਵਰਗ ਨੂੰ ਸਹਿਯੋਗ ਲਈ ਅਗੇ ਆਉਣਾ ਹੋਵੇਗਾ।
ਬੋਲੋ ‘ਜੈ ਸ਼੍ਰੀ ਰਾਮ’ ਵਰਨਾ੩ : ਉਨਾਵ ਜ਼ਿਲ੍ਹੇ ਦੇ ਇੱਕ ਮਦਰਸੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਇਕ ਗੁਟ ਨੂੰ ਕਥਤ ਰੂਪ ਵਿੱਚ ‘ਜੈ ਸ਼੍ਰੀ ਰਾਮ’ ਨਾ ਬੋਲਣ ਤੇ ਮਾਰਿਆ ਕੁਟਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਨਾਬਾਲਗ ਪੀੜਤ ਬਚਿਆਂ ਦੇ ਕਪੜੇ ਫਾੜ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਸਾਈਕਲਾਂ ਵੀ ਤੋੜ ਦਿੱਤੀਆਂ ਗਈਆਂ। ਬੱਚੇ ਦੁਪਹਿਰ ਦੀ ਨਮਾਜ਼ ਤੋਂ ਬਾਅਦ ਕ੍ਰਿਕਟ ਖੇਡਣ ਲਈ ਮੈਦਾਨ ਵਿੱਚ ਗਏ ਸਨ। ਦਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਹੋਈ ਜਦੋਂ ਚਾਰ ਬੰਦਿਆਂ ਦਾ ਇੱਕ ਗੁਟ ਮੈਦਾਨ ਵਿੱਚ ਆਇਆ ਅਤੇ ਬਚਿਆਂ ਨਾਲ ਕ੍ਰਿਕਟ ਖੇਡਣ ਪੁਰ ਬਹਿਸ ਕਰਨ ਮਗਰੋਂ, ਕਥਤ ਰੂਪ ਵਿੱਚ ਬਚਿਆਂ ਨੂੰ ਮਾਰਨਾ ਕੁਟਣਾ ਸ਼ੁਰੂ ਕਰ ਦਿੱਤਾ। ਇਥੋਂ ਤਕ ਕਿ ਉਨ੍ਹਾਂ ਬਚਿਆਂ ਨੂੰ ‘ਜੈ ਸ਼੍ਰੀ ਰਾਮ’ ਬੋਲਣ ਤੇ ਵੀ ਮਜਬੂਰ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਬੱਚੇ ਜਦੋਂ ਮਦਰਸੇ ਵਾਪਸ ਪੁਜੇ ਤਾਂ ਉਨ੍ਹਾਂ ਨੇ ਇਸ ਘਟਨਾ ਬਾਰੇ ਪ੍ਰਬੰਧਕਾਂ ਨੂੰ ਦਸਿਆ। ਇਸ ਘਟਨਾ ਦਾ ਪਤਾ ਲਗਣ ਤੇ ਪੁਲਿਸ ਉਥੇ ਆ ਗਈ ਤੇ ਉਸਨੇ ਮਾਮਲਾ ਦਰਜ ਕਰ ਲਿਆ।
ਪੇਂਡੂ ਨੌਜਵਾਨਾਂ ਵਿੱਚ ਵੱਧੀ ਬੇਰੁਜ਼ਗਾਰੀ : ਕੇਂਦਰ ਸਰਕਾਰ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਬੀਤੇ ਛੇ ਸਾਲਾਂ ਵਿੱਚ ਪੇਂਡੂ ਖੇਤਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਜੇ ਇਸਦੀ ਤੁਲਨਾ 2004-2005 ਦੇ ਵਰ੍ਹੇ ਨਾਲ ਕੀਤੀ ਜਾਏ ਤਾਂ ਇਹ ਵਾਧਾ ਚਾਰ ਗੁਣਾ ਹੈ। ਜਾਣਕਾਰਾਂ ਅਨੁਸਾਰ ਪੇਂਡੂ ਖੇਤ੍ਰਾਂ ਵਿੱਚ ਬੇਰੁਜ਼ਗਾਰੀ ਦੇ ਤੇਜ਼ੀ ਨਾਲ ਵਧਣ ਦੇ ਦੋ ਮੁੱਖ ਕਾਰਣ ਹਨ। ਇੱਕ ਤਾਂ ਇਹ ਕਿ ਸਿਖਿਆ ਦਾ ਪੱਧਰ ਉੱਚਾ ਹੋਣ ਕਾਰਣ ਖੇਤੀ ਕੰਮਾਂ ਵਿੱਚ ਨੌਜਵਾਨਾਂ ਦੀ ਹਿਸੇਦਾਰੀ ਘਟ ਰਹੀ ਹੈ ਅਤੇ ਦੂਸਰਾ, ਇਹ ਹੈ ਕਿ ਖੇਤੀ ਨਾਲ ਜੁੜੇ ਚਲੇ ਆ ਰਹੇ ਛੋਟੇ-ਮੋਟੇ ਕੰਮ ਧੰਦੇ ਬੰਦ ਹੁੰਦੇ ਜਾ ਰਹੇ ਹਨ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …