2.6 C
Toronto
Friday, November 7, 2025
spot_img
Homeਸੰਪਾਦਕੀਪੰਜਾਬ ਨੂੰ ਕਿਹੜੀ ਦਿਸ਼ਾ ਵਿਚ ਲਿਜਾਵੇਗਾ ਕੈਪਟਨ ਤੇ ਸਿੱਧੂ ਦਾ ਕਲੇਸ਼

ਪੰਜਾਬ ਨੂੰ ਕਿਹੜੀ ਦਿਸ਼ਾ ਵਿਚ ਲਿਜਾਵੇਗਾ ਕੈਪਟਨ ਤੇ ਸਿੱਧੂ ਦਾ ਕਲੇਸ਼

ਪੰਜਾਬ ਦੇ ਸਿਆਸੀ ਸਮੀਕਰਨ ਹਰ ਦਿਨ ਟੁੱਟ-ਭੱਜ ਰਹੇ ਹਨ। ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਪੰਜਾਬ ਵਿਚ ਸਿਆਸੀ ਭੂਚਾਲ ਆ ਰਹੇ ਹਨ। ਪੰਜਾਬ ਦੇ ਤਾਜ਼ਾ ਸਿਆਸੀ ਹਾਲਾਤ ਨੂੰ ਜੇ ਵੇਖਿਆ ਜਾਏ ਤਾਂ ਸੂਬੇ ਵਿਚ ਇਸ ਸਮੇਂ ਘਮਸਾਨ ਪੂਰੇ ਜ਼ੋਰਾਂ ‘ਤੇ ਹੈ। ਇਸ ਘਮਸਾਨ ਦਰਮਿਆਨ ਸਭ ਪਾਰਟੀਆਂ ਆਪਣੀਆਂ-ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿਚ ਲੱਗੀਆਂ ਹੋਈਆਂ ਹਨ।
ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਮੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ। ਪਿਛਲੇ ਮਹੀਨੇ 18 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਨਾਟਕੀ ਘਟਨਾਕ੍ਰਮ ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਉਨ੍ਹਾਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈਕਮਾਨ ਨੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਕੈਪਟਨ ਅਮਰਿੰਦਰ ਸਿੰਘ ਬਾਰੇ ਮੁੱਖ ਮੰਤਰੀ ਦੇ ਅਹੁਦੇ ਤੋਂ ਲੱਥਣ ਤੋਂ ਬਾਅਦ ਜੋ ਕਿਆਸ ਚੱਲ ਰਹੇ ਸਨ, ਲਗਪਗ ਉਹ ਸੱਚ ਹੁੰਦੇ ਜਾਪ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਬਗਾਵਤ ਕਰਦਿਆਂ ਆਪਣੀ ਵੱਖਰੀ ਪਾਰਟੀ ਬਣਾਉਣ ਅਤੇ ਭਾਜਪਾ ਦਾ ਸਮਰਥਨ ਕਰਨ ਦੇ ਐਲਾਨ ਨੇ ਅਜੀਬੋ-ਗਰੀਬ ਸਿਆਸੀ ਹਾਲਾਤ ਬਣਾ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਲਹਿੰਦਿਆਂ ਹੀ ਅਮਰਿੰਦਰ ਸਿੰਘ ਨੂੰ ਵੀ ਪੰਜਾਬ ਵਿਚ ਖਾਮੀਆਂ ਨਜ਼ਰ ਆਉਣ ਲੱਗ ਪਈਆਂ ਹਨ। ਸ਼ਾਇਦ ਇਹ ਉਹੀ ਖ਼ਾਮੀਆਂ ਹਨ, ਜੋ ਉਨ੍ਹਾਂ ਨੂੰ ਸਿਸਵਾਂ ਦੇ ਆਪਣੇ ਫਾਰਮ ਹਾਊਸ ਵਿਚ ਬੈਠਿਆਂ ਸਾਢੇ 4 ਸਾਲ ਤੱਕ ਨਜ਼ਰ ਨਹੀਂ ਆਈਆਂ ਸਨ। ਕੈਪਟਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੰਜਾਬ ‘ਤੇ ਮੰਡਰਾਅ ਰਹੇ ਖ਼ਤਰੇ ਬਾਰੇ ਜਾਣਕਾਰੀ ਦਿੱਤੀ ਹੈ। ਪੰਜਾਬ ਨੂੰ ਕਿਸ ਹੱਦ ਤੱਕ ਪਾਕਿਸਤਾਨ ਅਤੇ ਉਥੋਂ ਡਰੋਨ ਰਾਹੀਂ ਆ ਰਹੇ ਹਥਿਆਰਾਂ ਕਾਰਨ ਖ਼ਤਰਾ ਹੈ, ਇਹ ਉਨ੍ਹਾਂ ਗ੍ਰਹਿ ਮੰਤਰੀ ਨੂੰ ਦੱਸਿਆ। ਨਾਲ ਹੀ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ। ਉਂਝ ਤਾਂ ਇਹ ਇਕ ਆਮ ਮੁਲਾਕਾਤ ਸੀ ਅਤੇ ਵਧੇਰੇ ਲੋਕਾਂ ਨੇ ਇਸ ਨੂੰ ਇਕ ਖ਼ਬਰ ਸਮਝ ਕੇ ਪੜ੍ਹਿਆ ਹੋਵੇਗਾ ਅਤੇ ਫਿਰ ਇਕ ਪਾਸੇ ਰੱਖ ਦਿੱਤਾ ਹੋਵੇਗਾ। ਇਸ ਪਿੱਛੇ ਜੋ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ, ਉਹ ਇਹ ਕਿ ਕੈਪਟਨ ਸਾਹਿਬ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਪਿੱਛੋਂ ਹੀ ਪਾਕਿਸਤਾਨ ਤੋਂ ਇੰਨਾ ਡਰ ਕਿਉਂ ਲੱਗਣ ਲੱਗ ਗਿਆ ਹੈ? ਮੁੱਖ ਮੰਤਰੀ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਨਾ ਤਾਂ ਕਦੇ ਪ੍ਰਧਾਨ ਮੰਤਰੀ ਅਤੇ ਨਾ ਹੀ ਕਦੇ ਗ੍ਰਹਿ ਮੰਤਰੀ ਕੋਲ ਪਾਕਿਸਤਾਨ ਦਾ ਜ਼ਿਕਰ ਕੀਤਾ ਸੀ। ਪੰਜਾਬ ਵਿਚ ਚੰਨੀ ਅਤੇ ਸਿੱਧੂ ਦੇ ਸਰਗਰਮ ਹੁੰਦਿਆਂ ਹੀ ਅਜਿਹੀ ਕਿਹੜੀ ਗੱਲ ਹੋ ਗਈ ਕਿ ਸੂਬੇ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲ ਖੜ੍ਹੇ ਹੋ ਗਏ। ਇਹ ਗੱਲ ਚਿੰਤਾ ਵਾਲੀ ਹੈ ਕਿ ਪੰਜਾਬ ਹਮੇਸ਼ਾ ਹੀ ਪਾਕਿਸਤਾਨ ਦੇ ਨਿਸ਼ਾਨੇ ‘ਤੇ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਰਹੱਦੀ ਖੇਤਰ ਵਿਚ ਹੱਥਿਆਰ ਅਤੇ ਡਰੱਗਜ਼ ਮਿਲ ਰਹੇ ਹਨ। ਜੋ ਸਾਢੇ 4 ਸਾਲ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵਿਚ ਹੋ ਰਿਹਾ ਸੀ, ਉਹੀ ਸਭ ਕੁਝ ਹੁਣ ਵੀ ਹੋ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਕਿਸਾਨਾਂ ਦੇ ਮੁੱਦੇ ਨੂੰ ਉਠਾਉਣ ਦਾ ਕਿਸਾਨ ਸੰਗਠਨਾਂ ਨੇ ਵਿਰੋਧ ਕੀਤਾ ਸੀ। ਸੰਗਠਨਾਂ ਨੇ ਕੈਪਟਨ ‘ਤੇ ਆਰੋਪ ਲਾਇਆ ਹੈ ਕਿ ਜਦੋਂ ਉਹ ਸੱਤਾ ਵਿਚ ਸਨ ਅਤੇ ਸੂਬੇ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਕਦੇ ਵੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ ਨਹੀਂ ਕੀਤੀ ਸੀ। ਉਨ੍ਹਾਂ ਕਿਸਾਨਾਂ ਦੇ ਮੁੱਦੇ ਨੂੰ ਕਿਸੇ ਵੀ ਕੇਂਦਰੀ ਆਗੂ ਕੋਲ ਨਹੀਂ ਉਠਾਇਆ ਸੀ। ਹੁਣ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟ ਚੁੱਕੇ ਹਨ ਤਾਂ ਖ਼ੁਦ ਨੂੰ ਕਿਸਾਨਾਂ ਦਾ ਹਿਤੈਸ਼ੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਖ਼ਰ ਹੁਣ ਕੈਪਟਨ ਕੇਂਦਰ ਸਰਕਾਰ ਦੇ ਸਾਹਮਣੇ ਕਿਸਾਨਾਂ ਦਾ ਮੁੱਦਾ ਉਠਾ ਕੇ ਕੀ ਸਾਬਿਤ ਕਰਨਾ ਚਾਹੁੰਦੇ ਹਨ? ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਦਾ ਸੰਘਰਸ਼ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਦਿੱਲੀ ਵਿਚ ਕਿਸਾਨ ਕਈ ਮਹੀਨਿਆਂ ਤੋਂ ਰੋਸ ਵਿਖਾਵੇ ਕਰ ਰਹੇ ਹਨ। ਕੈਪਟਨ ਪ੍ਰਤੀ ਕਿਸਾਨ ਪਹਿਲਾਂ ਤੋਂ ਹੀ ਗੁੱਸੇ ਵਿਚ ਹਨ। ਹੁਣ ਕੈਪਟਨ ਉਨ੍ਹਾਂ ਦੀਆਂ ਮੰਗਾਂ ਨੂੰ ਉਠਾਉਣ ਦਾ ਵਿਖਾਵਾ ਕਰ ਕੇ ਕਿਸਾਨਾਂ ਦੇ ਗੁੱਸੇ ਨੂੰ ਹੋਰ ਵੀ ਵਧਾ ਰਹੇ ਹਨ। ਹੁਣ ਕੈਪਟਨ ਕਿਸਾਨਾਂ ਦੇ ਮੁੱਦੇ ਨੂੰ ਮੋਹਰਾ ਬਣਾ ਕੇ ਭਾਜਪਾ ਦੇ ਵੱਡੇ ਆਗੂਆਂ ਨਾਲ ਸੰਪਰਕ ਕਰ ਕੇ ਭਾਜਪਾ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ।
ਖ਼ਾਸ ਗੱਲ ਇਹ ਹੈ ਕਿ ਜਦੋਂ ਪੰਜਾਬ ਵਿਚ ਹਾਲਾਤ ਪਿਛਲੇ ਕਈ ਸਾਲਾਂ ਤੋਂ ਇਕੋ ਜਿਹੇ ਹਨ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨਾਲ ਆਪਣੀ ਸਿਆਸੀ ਦੁਸ਼ਮਣੀ ਦੇ ਚੱਕਰ ‘ਚ ਪੰਜਾਬ ਨੂੰ ਕਿਉਂ ਟਾਰਗੈੱਟ ਕਰ ਰਹੇ ਹਨ। ਉਂਝ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਕਾਂਗਰਸ ਹਾਈਕਮਾਨ ਨੇ ਉਤਾਰਿਆ ਹੈ। ਕੈਪਟਨ ਵਾਰ-ਵਾਰ ਇਹ ਗੱਲ ਕਹਿ ਰਹੇ ਹਨ ਕਿ ਉਹ ਸਿੱਧੂ ਨੂੰ ਜਿੱਤਣ ਨਹੀਂ ਦੇਣਗੇ। ਮੁੱਖ ਮੰਤਰੀ ਦੀ ਕੁਰਸੀ ਤੋਂ ਉਨ੍ਹਾਂ ਨੂੰ ਸਿੱਧੂ ਨੇ ਨਹੀਂ ਉਤਾਰਿਆ ਹੈ। ਕੈਪਟਨ ਨੂੰ ਤਾਂ ਇਹ ਕਹਿਣਾ ਚਾਹੀਦਾ ਹੈ ਕਿ ਉਹ ਕਾਂਗਰਸ ਨੂੰ ਨਹੀਂ ਜਿੱਤਣ ਦੇਣਗੇ ਪਰ ਉਨ੍ਹਾਂ ਦੇ ਸ਼ਬਦਾਂ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਉਹ ਆਪਣੀ ਭੜਾਸ ਸਿੱਧੂ ‘ਤੇ ਕੱਢ ਕੇ ਆਪਣੇ ਪੱਧਰ ਦੀ ਸਿਆਸਤ ਕਰ ਰਹੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਨਵੀਂ ਪਾਰਟੀ ਬਣਾ ਕੇ ਜਾਂ ਭਾਜਪਾ ਵਿਚ ਜਾ ਕੇ ਸੂਬੇ ‘ਤੇ ਮੁੜ ਤੋਂ ਕਾਬਿਜ਼ ਹੋਣ ਦੇ ਆਪਣੇ ਸੁਫ਼ਨੇ ਸੰਜੋ ਰਹੇ ਹਨ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੀ ਧਰਮ ਪਤਨੀ ਪਰਨੀਤ ਕੌਰ ਖ਼ੁਦ ਉਨ੍ਹਾਂ ਦੇ ਨਾਲ ਨਹੀਂ ਹੈ। ਪਰਨੀਤ ਕੌਰ ਨੇ ਸਪੱਸ਼ਟ ਕਿਹਾ ਹੈ ਕਿ ਉਹ ਕਾਂਗਰਸ ਵਿਚ ਹੀ ਰਹੇਗੀ। ਇਕ ਹੀ ਪਰਿਵਾਰ ਵਿਚ 2 ਵੱਖ-ਵੱਖ ਸਿਆਸੀ ਪਾਰਟੀਆਂ ਵਿਚ ਰਹਿ ਕੇ ਕਿਵੇਂ ਕੰਮ ਚੱਲੇਗਾ? ਇਸ ਤਰ੍ਹਾਂ ਪੰਜਾਬ ਦੀ ਸਿਆਸਤ ਵਿਚ ਸਭ ਤੋਂ ਵੱਡੀ ਦਿਲਚਸਪੀ ਦਾ ਕੇਂਦਰ ਕੈਪਟਨ ਅਮਰਿੰਦਰ ਸਿੰਘ ਬਣੇ ਹੋਏ ਹਨ, ਜਿਨ੍ਹਾਂ ‘ਤੇ ਹਰੇਕ ਦੀ ਨਜ਼ਰ ਹੈ ਕਿ ਉਹ ਅਗਲੇ ਦਿਨੀ ਕਿਹੋ-ਜਿਹਾ ਸਿਆਸੀ ਪੈਂਤੜਾ ਤੇ ਫ਼ੈਸਲਾ ਲੈਂਦੇ ਹਨ।
ਉਧਰ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਲਾਹੁਣ ਤੋਂ ਬਾਅਦ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਾਂਤ ਨਹੀਂ ਹੋ ਰਹੇ। ਪਿਛਲੇ ਦਿਨੀ ਅਸਤੀਫਾ ਦੇਣ ਤੋਂ ਬਾਅਦ ਵਾਪਸ ਲੈਣ ਤੋਂ ਬਾਅਦ ਵੀ ਉਨ੍ਹਾਂ ਦੀ ਅਸੰਤੁਸ਼ਟੀ ਲਗਾਤਾਰ ਸਾਹਮਣੇ ਆ ਰਹੀ ਹੈ। ਸ਼ਾਇਦ ਇਸੇ ਕਾਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਅੱਕ ਕੇ ਇਹ ਬਿਆਨ ਦੇਣਾ ਪਿਆ ਕਿ ਮੈਂ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਹਾਂ ਤਾਂ ਜੋ ਨਵਜੋਤ ਸਿੱਧੂ ਜੋ ਕਰਨਾ ਚਾਹੁੰਦੇ ਹਨ ਮੁੱਖ ਮੰਤਰੀ ਬਣ ਕੇ ਕਰਕੇ ਦਿਖਾ ਦੇਣ। ਜਿਸ ਵੇਲੇ ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਪਤਾ ਨਹੀਂ ਕਿਸ ਵੇਲੇ ਚੋਣ ਜ਼ਾਬਤਾ ਲੱਗ ਜਾਵੇਗਾ, ਉਸ ਵੇਲੇ ਸੱਤਾਧਾਰੀ ਕਾਂਗਰਸ ਦਾ ਇਹ ਕਲੇਸ਼ ਸੁਖਾਵਾਂ ਨਹੀਂ ਹੈ। ਇਹ ਕਲੇਸ਼ ਚੋਣਾਂ ਤੱਕ ਕਾਂਗਰਸ ਨੂੰ ਕਿਸ ਕਰਵਟ ਲਿਜਾਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਪੰਜਾਬ ਦੇ ਲਈ ਬੇਹੱਦ ਨੁਕਸਾਨਦੇਹ ਸਾਬਤ ਹੋ ਰਿਹਾ ਹੈ।

 

RELATED ARTICLES
POPULAR POSTS