ਭਾਰਤ ਦੇ ਉੱਤਰ-ਪੂਰਬੀ ਛੋਟੇ-ਛੋਟੇ ਰਾਜਾਂ ਵਿਚ ਚਿਰਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਦਾ ਬੋਲਬਾਲਾ ਰਿਹਾ ਹੈ। ਇਥੇ ਵੱਸਦੇ ਕਬੀਲਿਆਂ ਵਿਚ ਆਪਸੀ ਦੁਸ਼ਮਣੀ ਅਕਸਰ ਹਿੰਸਾ ਵਿਚ ਬਦਲ ਜਾਂਦੀ ਰਹੀ ਹੈ। ਇਸੇ ਲਈ ਇਥੋਂ ਦੇ ਬਹੁਤੇ ਸੂਬਿਆਂ ਵਿਚ ਸਖ਼ਤ ਕੇਂਦਰੀ ਕਾਨੂੰਨ ਵੀ ਲਾਗੂ ਕੀਤੇ ਜਾਂਦੇ ਰਹੇ ਹਨ। ਕਈ ਥਾਵਾਂ ‘ਤੇ ਹਾਲੇ ਵੀ ਅਜਿਹੀ ਹੀ ਸਥਿਤੀ ਬਣੀ ਹੋਈ ਹੈ। ਪਰ ਜਿਸ ਤਰ੍ਹਾਂ ਲਗਭਗ ਪਿਛਲੇ 2 ਮਹੀਨਿਆਂ ਤੋਂ ਮਨੀਪੁਰ ਵਿਚ ਕੁਕੀ ਅਤੇ ਮੈਤੇਈ ਕਬੀਲਿਆਂ ਵਿਚ ਆਪਸੀ ਲੜਾਈ ਜਾਰੀ ਹੈ, ਉਹ ਬੇਹੱਦ ਪ੍ਰੇਸ਼ਾਨ ਕਰਨ ਵਾਲੀ ਹੈ। ਹੁਣ ਤੱਕ ਇਸ ਹਿੰਸਾ ਵਿਚ 120 ਦੇ ਕਰੀਬ ਜਾਨਾਂ ਜਾ ਚੁੱਕੀਆਂ ਹਨ ਅਤੇ 50 ਹਜ਼ਾਰ ਦੇ ਕਰੀਬ ਲੋਕ ਘਰਾਂ ਤੋਂ ਬੇਘਰ ਹੋਏ ਕੈਂਪਾਂ ਵਿਚ ਰਹਿ ਰਹੇ ਹਨ। ਪ੍ਰਾਂਤਕ ਤੇ ਕੇਂਦਰ ਸਰਕਾਰ ਵਲੋਂ ਵੱਡੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਨ੍ਹਾਂ ਕਬੀਲਿਆਂ ਵਿਚ ਕਿਸੇ ਤਰ੍ਹਾਂ ਦਾ ਆਪਸੀ ਸਮਝੌਤਾ ਕਰਵਾਉਣ ਲਈ ਜ਼ਮੀਨ ਤਿਆਰ ਨਹੀਂ ਕੀਤੀ ਜਾ ਸਕੀ। ਸੂਬੇ ਦੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀਆਂ ਇਕ-ਦੂਜੇ ਪ੍ਰਤੀ ਆਪੋ-ਆਪਣੀਆਂ ਸ਼ਿਕਾਇਤਾਂ ਹਨ। ਇਥੇ ਅਮਨ ਕਾਨੂੰਨ ਅਤੇ ਵਿਰੋਧ ਦੀ ਚਿੰਗਾਰੀ ਅੰਗਰੇਜ਼ੀ ਰਾਜ ਦੇ ਸਮੇਂ ਤੋਂ ਹੀ ਭੜਕੀ ਰਹੀ ਹੈ। ਅੰਗਰੇਜ਼ੀ ਪ੍ਰਸ਼ਾਸਨ ਨੇ ਇਸ ਖਿੱਤੇ ਵਿਚ ਲਗਭਗ 200 ਸਾਲ ਪਹਿਲਾਂ 1826 ਈ. ਵਿਚ ਪੈਰ ਜਮਾਏ ਸਨ ਅਤੇ 1873 ਵਿਚ ਆਸਾਮ ਨੂੰ ਹਥਿਆਉਣ ਤੋਂ ਬਾਅਦ ਤੋਂ ਹੀ ਸਖ਼ਤ ਕਾਨੂੰਨ ਲਾਗੂ ਕੀਤੇ ਗਏ ਸਨ। ਮਨੀਪੁਰ ਨੂੰ ਉਸ ਤੋਂ ਬਾਅਦ 1891 ਵਿਚ ਅੰਗਰੇਜ਼ੀ ਰਾਜ ਨੇ ਆਪਣੀ ਸੁਰੱਖਿਆ ਵਾਲੇ ਰਾਜ ਵਿਚ ਸ਼ਾਮਿਲ ਕਰ ਲਿਆ ਸੀ।
ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵਿਚ ਇਥੇ ਬੀਰੇਨ ਸਿੰਘ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਬਣੀ ਸੀ। ਮੁੱਖ ਮੰਤਰੀ ਦੇ ਵੱਡੇ ਯਤਨਾਂ ਤੋਂ ਬਾਅਦ ਵੀ ਇਥੋਂ ਦੇ ਦੋ ਵੱਡੇ ਕਬੀਲਿਆਂ ਵਿਚ ਸਮਝੌਤਾ ਨਹੀਂ ਸੀ ਹੋ ਸਕਿਆ। ਇਹ ਚਿੰਗਾਰੀ ਮਈ ਦੇ ਮਹੀਨੇ ਵਿਚ ਉਸ ਸਮੇਂ ਹੋਰ ਵੀ ਭੜਕ ਉੱਠੀ ਸੀ, ਜਦੋਂ ਮਨੀਪੁਰ ਹਾਈਕੋਰਟ ਨੇ ਮੈਤੇਈ ਕਬੀਲੇ ਨੂੰ ਵੀ ਅਨੁਸੂਚਿਤ ਜਾਤੀਆਂ ਵਿਚ ਸ਼ਾਮਿਲ ਕਰਨ ਦਾ ਫ਼ੈਸਲਾ ਸੁਣਾ ਦਿੱਤਾ ਸੀ। ਮੈਤੇਈ ਜਾਤੀ ਦੇ ਲੋਕ ਮਨੀਪੁਰ ਵਿਚ ਬਹੁਗਿਣਤੀ ਵਿਚ ਹਨ, ਜਿਥੇ ਉਨ੍ਹਾਂ ਵਲੋਂ ਇਸ ਫ਼ੈਸਲੇ ਪ੍ਰਤੀ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਸੀ, ਉਥੇ ਕੁਕੀ ਕਬੀਲੇ ਦੇ ਲੋਕ ਇਸ ਫ਼ੈਸਲੇ ਤੋਂ ਹੋਰ ਵੀ ਭੜਕ ਉੱਠੇ ਸਨ। ਪਿਛਲੇ 2 ਮਹੀਨਿਆਂ ਤੋਂ ਇਥੇ ਹਿੰਸਾ ਦਾ ਦੌਰ ਦੌਰਾ ਹੈ, ਜੋ ਕਿਸੇ ਵੀ ਤਰ੍ਹਾਂ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਮਿਲੀਆਂ ਸੂਚਨਾਵਾਂ ਅਨੁਸਾਰ ਬਾਗ਼ੀ ਹੋਏ ਦੋਹਾਂ ਕਬੀਲਿਆਂ ਦੇ ਲੋਕਾਂ ਨੇ ਸੁਰੱਖਿਆ ਬਲਾਂ ਅਤੇ ਪੁਲਿਸ ਥਾਣਿਆਂ ‘ਚੋਂ ਹਜ਼ਾਰਾਂ ਹੀ ਹਥਿਆਰ ਲੁੱਟ ਲਏ ਸਨ, ਜਿਨ੍ਹਾਂ ਵਿਚ ਬੰਦੂਕਾਂ, ਕਾਰਬਾਈਨਾਂ, ਪਿਸਤੌਲਾਂ, ਏ.ਕੇ.-47 ਰਾਈਫਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਗੋਲੀ ਸਿੱਕਾ ਵੀ ਸ਼ਾਮਿਲ ਹੈ। ਚਾਹੇ ਸੁਰੱਖਿਆ ਬਲਾਂ ਨੇ ਇਨ੍ਹਾਂ ‘ਚੋਂ ਕਾਫੀ ਹਥਿਆਰ ਬਾਗੀਆਂ ਤੋਂ ਮੁੜ ਖੋਹ ਵੀ ਲਏ ਹਨ ਪਰ ਹਿੰਸਾ ਦੀ ਲਪੇਟ ਵਿਚ ਆਏ ਇਨ੍ਹਾਂ ਦੋਵਾਂ ਕਬੀਲਿਆਂ ਦੇ ਲੋਕ ਆਪਣੇ ਗੁਆਂਢੀ ਰਾਜ ਮਿਜ਼ੋਰਮ ਵਿਚ ਸ਼ਰਨ ਲੈਣ ਲੱਗੇ ਹਨ।
ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਸੰਬੰਧ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਸੱਦੀ ਸੀ, ਜਿਸ ਵਿਚ 18 ਸਿਆਸੀ ਪਾਰਟੀਆਂ ਸ਼ਾਮਿਲ ਹੋਈਆਂ ਸਨ। ਉਨ੍ਹਾਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਆਪੋ-ਆਪਣੇ ਸੁਝਾਅ ਦਿੱਤੇ ਸਨ ਤੇ ਤੁਰੰਤ ਇਕ ਸਰਬ ਪਾਰਟੀ ਵਫ਼ਦ ਮਨੀਪੁਰ ਭੇਜਣ ਲਈ ਕਿਹਾ ਸੀ। ਕਾਂਗਰਸ ਨੇ ਮੁੱਖ ਮੰਤਰੀ ਬੀਰੇਨ ਸਿੰਘ ਤੋਂ ਇਸ ਲਈ ਅਸਤੀਫ਼ੇ ਦੀ ਮੰਗ ਕੀਤੀ ਸੀ ਕਿ ਉਹ ਸਥਿਤੀ ਨੂੰ ਸੰਭਾਲਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ, ਉਂਜ ਵੀ ਉਹ ਮੈਤੇਈ ਕਬੀਲੇ ਨਾਲ ਸੰਬੰਧਿਤ ਹਨ ਤੇ ਕੁਕੀ ਕਬੀਲੇ ਦੇ ਲੋਕ ਹਿੰਸਾ ਭੜਕਣ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਸਮਝਦੇ ਹਨ। ਕੁਝ ਪਾਰਟੀਆਂ ਨੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਉਣ ਦੀ ਵੀ ਮੰਗ ਕੀਤੀ ਸੀ। ਇਸ ਵਿਚ ਬਹੁਤੀਆਂ ਪਾਰਟੀਆਂ ਨੇ ਕੇਂਦਰ ਸਰਕਾਰ ਦੇ ਨਾਕਾਮ ਰਹਿਣ ਦੀ ਵੀ ਸਖ਼ਤ ਆਲੋਚਨਾ ਕੀਤੀ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਅਤੇ ਮਿਸਰ ਦੇ ਦੌਰੇ ਤੋਂ ਪਰਤਦਿਆਂ ਤੁਰੰਤ ਆਪਣੇ ਵੱਡੇ ਵਜ਼ੀਰਾਂ ਤੇ ਅਫ਼ਸਰਾਂ ਨਾਲ ਇਸ ਸੰਬੰਧੀ ਮੀਟਿੰਗ ਕੀਤੀ, ਜਿਸ ਵਿਚ ਇਸ ਸੰਵੇਦਨਸ਼ੀਲ ਮੁੱਦੇ ਨੂੰ ਮੁੜ ਵਿਸਥਾਰਪੂਰਵਕ ਵਿਚਾਰਿਆ ਗਿਆ। ਚਾਹੇ ਕੇਂਦਰ ਸਰਕਾਰ ਵਲੋਂ ਸਥਿਤੀ ਦੇ ਸੁਧਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਹਾਲੇ ਵੀ ਉੱਥੇ ਹਿੰਸਾ ਦੇ ਸਾਏ ਹੇਠ ਲੋਕ ਰਹਿ ਰਹੇ ਹਨ, ਉਸ ਨੂੰ ਦੇਖਦਿਆਂ ਕੇਂਦਰ ਸਰਕਾਰ ਨੂੰ ਸਾਰੀਆਂ ਪਾਰਟੀਆਂ ਤੇ ਧਿਰਾਂ ਨਾਲ ਮਿਲ ਕੇ ਤੁਰੰਤ ਇਸ ਦੇ ਹਰ ਪਹਿਲੂ ‘ਤੇ ਵਿਚਾਰ ਕਰਕੇ ਪ੍ਰਭਾਵੀ ਰਣਨੀਤੀ ਨਾਲ ਇਸ ਨੂੰ ਹੱਲ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …