ਤਲਵਿੰਦਰ ਸਿੰਘ ਬੁੱਟਰ
ਪੰਦਰ੍ਹਵੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਵਿਚਾਲੇ ਸ਼ਾਸਨ-ਕੁਸ਼ਾਸਨ ਨੂੰ ਲੈ ਕੇ ਦੂਸ਼ਣਬਾਜ਼ੀਆਂ ਦਾ ਦੌਰ ਮਘਿਆ ਹੋਇਆ ਹੈ। ਇਕ-ਦੂਜੇ ‘ਤੇ ਪੰਜਾਬ ਨੂੰ ਬਰਬਾਦ ਕਰਨ, ਫ਼ਿਰਕਾਪ੍ਰਸਤੀ, ਭਾਈ-ਭਤੀਜਾਵਾਦ, ਪਰਜਾ ਨੂੰ ਲੁੱਟਣ ਤੇ ਕੁੱਟਣ ਦੇ ਦੋਸ਼ ਲੱਗ ਰਹੇ ਹਨ। ਦੂਜਿਆਂ ਨੂੰ ਲੋਕ ਵਿਰੋਧੀ ‘ਤੇ ਆਪਣੇ ਆਪ ਨੂੰ ਪਰਜਾ ਦੇ ਸੇਵਾਦਾਰ ਸਾਬਤ ਕਰਨ ਲਈ ਸਾਰੀਆਂ ਰਾਜਸੀ ਧਿਰਾਂ ‘ਚ ਹੋੜ ਲੱਗੀ ਹੋਈ ਹੈ। ਇਸ ਦੌਰਾਨ ਸ਼ਾਸਨ ਦਾ ਸਭ ਤੋਂ ਮਹੱਤਵਪੂਰਨ ਪੱਖ ‘ਰਾਜ ਧਰਮ’ ਕਿਸੇ ਵੀ ਸਿਆਸੀ ਮੰਚ ‘ਤੇ ਸੰਵਾਦ ਦਾ ਹਿੱਸਾ ਨਹੀਂ ਬਣ ਰਿਹਾ। ‘ਰਾਜ ਧਰਮ’ ਅਜਿਹੀ ਮਰਯਾਦਾ ਦਾ ਨਾਂਅ ਹੈ, ਜਿਹੜੀ ਸ਼ਾਸਕਾਂ ਨੂੰ ਪਰਜਾ ਪ੍ਰਤੀ ਜਵਾਬਦੇਹੀ, ਜ਼ਿੰਮੇਵਾਰੀ, ਇਮਾਨਦਾਰੀ ਅਤੇ ਆਪਣੇ ਰਾਜ ਪ੍ਰਤੀ ਵਫ਼ਾਦਾਰੀ ਸਿਖਾਉਂਦੀ ਹੈ।
ਰਾਜਨੀਤੀ ਸ਼ਬਦ ਉਨ੍ਹਾਂ ਨਿਯਮਾਂ, ਸਿਧਾਂਤਾਂ ਅਤੇ ਪੱਧਤੀਆਂ ਦਾ ਸੂਚਕ ਹੈ, ਜਿਨ੍ਹਾਂ ਅਨੁਸਾਰ ਕੋਈ ਰਾਜਾ ਆਪਣੇ ਦੇਸ਼ ‘ਤੇ ਰਾਜ ਕਰਦਾ ਹੈ। ਮੌਜੂਦਾ ਸਮੇਂ ਰਾਜਨੀਤੀ ‘ਚ ਇਖਲਾਕੀ ਪੱਧਰ ਅਤੇ ਰਾਜ ਧਰਮ ਦੀ ਪਾਲਣਾ ਨਾ ਹੋਣ ਕਾਰਨ ਰਾਜਨੀਤੀ ਸ਼ਬਦ ਨਫ਼ਰਤ ਦਾ ਪਾਤਰ ਅਤੇ ਲੋਕ ਵਿਰੋਧੀ ਸੂਚਕ ਬਣ ਗਿਆ ਹੈ। ਰਾਜਨੀਤੀ ਦੇ ਚਿੰਤਨ ਦੀ ਪਰੰਪਰਾ ਵਿਚੋਂ ‘ਰਾਜ ਧਰਮ’ ਦਾ ਜਨਮ ਹੁੰਦਾ ਹੈ ਅਤੇ ਇਹ ਰਾਜੇ ਨੂੰ ਆਪਣੀ ਪਰਜਾ ਪ੍ਰਤੀ ਜ਼ਿੰਮੇਵਾਰੀਆਂ ਦਾ ਅਹਿਸਾਸ ਉਸੇ ਤਰ੍ਹਾਂ ਕਰਵਾਉਂਦਾ ਹੈ, ਜਿਵੇਂ ਇਕ ਸਮਾਜ ‘ਚ ਸੁੱਤੇ ਸਿੱਧ ਪਿਤਾ ਦੇ ਆਪਣੇ ਬੱਚਿਆਂ ਪ੍ਰਤੀ ਫ਼ਰਜ਼ ਤੈਅ ਹੁੰਦੇ ਹਨ। ਰਾਜਨੀਤੀ ਦੇ ਚਿੰਤਨ ਦਾ ਆਰੰਭ ਵਿਸ਼ਵ ਪ੍ਰਸਿੱਧ ਵਿਦਵਾਨ ਪਲੈਟੋ ਅਤੇ ਅਰਸਤੂ ਦੇ ਯੂਨਾਨੀ ਦਰਸ਼ਨ ਨਾਲ ਹੁੰਦਾ ਹੈ। ਪਲੈਟੋ (427-347 ਈਸਵੀ ਪੂਰਵ) ਰਾਜ ਨੂੰ ਸਮਾਜ ਦੇ ਨੈਤਿਕ ਵਿਕਾਸ ਲਈ ਜ਼ਰੂਰੀ ਸੰਸਥਾ ਮੰਨਦਾ ਹੋਇਆ ਇਕ ਅਜਿਹੇ ਸਮਾਜ ਦਾ ਸੰਕਲਪ ਪੇਸ਼ ਕਰਦਾ ਹੈ, ਜਿਸ ਦੀ ਅਗਵਾਈ ਇਕ ਅਜਿਹੇ ਸੂਝਵਾਨ ਤੇ ਦਾਰਸ਼ਨਿਕ ਰਾਜੇ ਦੇ ਹੱਥ ਹੋਵੇ, ਜਿਹੜਾ ਆਪਣੀ ਸੂਝ ਨਾਲ ਮਨੁੱਖ ਦੀਆਂ ਪ੍ਰਸਪਰ ਵਿਰੋਧੀ ਰੁਚੀਆਂ ਤੇ ਸ਼ਕਤੀਆਂ ਨੂੰ ਸੰਜਮ ‘ਚ ਲਿਆ ਕੇ ਇਕਸੁਰਤਾ ਵਿਚ ਬੰਨ੍ਹ ਸਕਦਾ ਹੋਵੇ। ਉਸ ਦੇ ਅਨੁਸਾਰ ਮਨੁੱਖ ਦਾ ਪੂਰਨ ਵਿਅਕਤੀਗਤ ਵਿਕਾਸ ਰਾਜ ਵਿਚ ਰਹਿ ਕੇ ਹੀ ਹੋ ਸਕਦਾ ਹੈ। ਚੰਗਾ ਰਾਜ ਪ੍ਰਬੰਧ ਉਹ ਕਰ ਸਕਦੇ ਹਨ, ਜਿਹੜੇ ਰਾਜ ਦੇ ਭਲੇ ਵਿਚ ਆਪਣਾ ਭਲਾ ਤੇ ਰਾਜ ਦੇ ਬੁਰੇ ਵਿਚ ਆਪਣਾ ਬੁਰਾ ਸਮਝਦੇ ਹੋਣ। ਪ੍ਰਸਿੱਧ ਯੂਨਾਨੀ ਦਾਰਸ਼ਨਿਕ ਅਰਸਤੂ (384-322 ਈਸਵੀ ਪੂਰਵ) ਨੇ ਵੀ ਰਾਜ ਨੂੰ ਪ੍ਰਕਿਰਤਕ ਸੰਸਥਾ ਮੰਨਿਆ ਹੈ। ਉਸ ਦੇ ਪ੍ਰਸਿੱਧ ਗ੍ਰੰਥ ‘ਰਾਜ ਸ਼ਾਸਨ’ ਅਨੁਸਾਰ, ਮਨੁੱਖ ਸੁਭਾਵਿਕ ਤੌਰ ‘ਤੇ ‘ਰਾਜ’ ਨਾਲ ਜੁੜਿਆ ਹੋਇਆ ਰਾਜਨੀਤਕ ਪ੍ਰਾਣੀ ਹੈ। ਰਾਜ ਤੋਂ ਬਾਹਰ ਰਹਿਣ ਵਾਲਾ ਮਨੁੱਖ ਜਾਂ ਤਾਂ ਮਾੜਾ ਮਨੁੱਖ ਹੈ ਜਾਂ ਫ਼ਿਰ ਮਨੁੱਖ ਤੋਂ ਉੱਚਾ।
ਭਾਰਤੀ ਪਰੰਪਰਾ ਵਿਚ ਰਾਜ ਦਾ ਸੰਕਲਪ ਵਿਸ਼ੇਸ਼ ਮਹੱਤਤਾ ਦਾ ਧਾਰਨੀ ਹੈ। ਇੱਥੇ ਧਰਮ ਆਧਾਰਤ ਰਾਜ ਪ੍ਰਣਾਲੀ ਨੂੰ ਪਰਮ ਉਪਯੋਗੀ ਅਤੇ ਨੈਤਿਕ ਸੰਸਥਾ ਮੰਨਿਆ ਗਿਆ ਹੈ। ਰਿਗਵੇਦ, ਮੰਨੂੰ ਸ੍ਰਿਮਤੀ, ਪੁਰਾਣ, ਰਾਮਾਇਣ, ਮਹਾਂਭਾਰਤ ਅਤੇ ਸ਼ੁਕਰਨੀਤੀ ਆਦਿ ਪ੍ਰਾਚੀਨ ਭਾਰਤੀ ਗ੍ਰੰਥ ਆਦਰਸ਼ਕ ਰਾਜ ਪ੍ਰਣਾਲੀ ਦਾ ਫ਼ਲਸਫ਼ਾ ਪੇਸ਼ ਕਰਦੇ ਹਨ। ਭਾਰਤੀ ਦਰਸ਼ਨ ਅਨੁਸਾਰ ਰਾਜ, ਧਰਮ ‘ਤੇ ਆਧਾਰਤ ਅਤੇ ਰਾਜਾ ਗੁਣੀ, ਚਰਿੱਤਰਵਾਨ ਅਤੇ ਵਿਸ਼ਵ ਦੀ ਭਲਾਈ ਲੋਚਣ ਵਾਲਾ ਹੋਵੇ, ਜਿਸ ਦੀ ਰਾਜ ਵਿਵਸਥਾ ਰਾਜਤੰਤਰੀ ਹੁੰਦਿਆਂ ਵੀ ਲੋਕਤੰਤਰੀ ਗੁਣਾਂ ਵਾਲੀ ਹੋਵੇ। ਮਹਾਂਭਾਰਤ ਅਨੁਸਾਰ ਸ੍ਰਿਸ਼ਟੀ ਰਚਨਾ ਪਿੱਛੋਂ ਲੋਕਾਂ ਦੀ ਬਹੁਤਾਤ ਹੋ ਜਾਣ ਕਾਰਨ ‘ਰੀਤੀ ਮਰਯਾਦਾ’ ਵਿਚ ਗੜਬੜੀ ਹੋਣ ਲੱਗੀ। ਸਾਰੇ ਆਪ ਮੁਹਾਰੇ ਹੋ ਕੇ ਅਨਰਥ ਕਰਨ ਲੱਗੇ ਤਾਂ ਦੇਵਤੇ ਇਕੱਠੇ ਹੋ ਕੇ ਬ੍ਰਹਮਾ ਪਾਸ ਗਏ, ਜਿਸ ‘ਤੇ ਬ੍ਰਹਮਾ ਨੇ ਨੀਤੀ ਸ਼ਾਸਤਰ ਬਣਾ ਕੇ ਦੇਵਤਿਆਂ ਨੂੰ ਦਿੱਤਾ ਤਾਂ ਜੋ ਇਸ ਨਿਯਮ ਅਨੁਸਾਰ ਪਰਜਾ ਨੂੰ ਚਲਾਉਣ ਲਈ ਰਾਜਾ ਥਾਪਿਆ ਜਾ ਸਕੇ। ਸਪੱਸ਼ਟ ਹੈ ਕਿ ਮਨੁੱਖੀ ਇਤਿਹਾਸ ਵਿਚ ਰਾਜ ਦੀ ਪ੍ਰਣਾਲੀ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਸੁਚੱਜੇ ਰਾਜ ਨੂੰ ਚਲਾਉਣ ਲਈ ਸ਼ੁਰੂ ਤੋਂ ਰਾਜੇ ਜਾਂ ਹਾਕਮ ਨੀਤੀ ਸ਼ਾਸਤਰਾਂ ਤੋਂ ਅਗਵਾਈ ਲੈਂਦੇ ਰਹੇ ਹਨ। ਰਾਜੇ-ਮਹਾਰਾਜਿਆਂ ਵਲੋਂ ਆਪਣੇ ਦਰਬਾਰ ਵਿਚ ਪੰਡਤਾਂ, ਕਾਜ਼ੀਆਂ, ਬੁੱਧੀਜੀਵੀਆਂ ਜਾਂ ਕਵੀਆਂ-ਵਿਦਵਾਨਾਂ ਨੂੰ ਰੱਖਣ ਦੀ ਪਰੰਪਰਾ ਵੀ ਇਸ ਦੀ ਗਵਾਹੀ ਭਰਦੀ ਹੈ ਕਿ ਰਾਜ ਨੂੰ ਚਲਾਉਣ ਲਈ ਰਾਜੇ ਹਮੇਸ਼ਾ ਚੰਗੀ ਅਗਵਾਈ ਲੋੜਦੇ ਰਹੇ ਹਨ। ਬੇਸ਼ੱਕ ਕਈ ਰਾਜਿਆਂ ਦੇ ਕਾਲ ‘ਚ ਧਾਰਮਿਕ ਸਲਾਹਕਾਰਾਂ ਦੇ ਪ੍ਰਭਾਵ ਕਾਰਨ ਕੱਟੜ੍ਹਤਾ ਜਾਂ ਜਬਰ ਜ਼ੁਲਮ ਵੀ ਹੋਏ, ਪਰ ਸਹੀ ਅਰਥਾਂ ‘ਚ ਧਰਮ ਤੋਂ ਰਾਜ ਦੀ ਅਗਵਾਈ ਲੈਣ ਦਾ ਭਾਵ; ਸਰਬ-ਸਾਂਝੇ, ਕਲਿਆਣਕਾਰੀ ਰਾਜ ਪ੍ਰਬੰਧ ਤੋਂ ਹੈ। ਸਿੱਖ ਧਰਮ ਵਿਚ ‘ਰਾਜ’ ਬਾਰੇ ਬ੍ਰਹਿਮੰਡੀ ਜੁਗਤ ਅਤੇ ਅਗਵਾਈ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਆਪਣੇ ਸਮਕਾਲੀ ਰਾਜਨੀਤਕ ਹਾਲਾਤਾਂ ਦਾ ਵਿਸ਼ਲੇਸ਼ਣ ਕੀਤਾ, ਉਥੇ ਉਨ੍ਹਾਂ ਨੇ ਹਾਕਮਾਂ ਨੂੰ ਉਨ੍ਹਾਂ ਦੇ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਕੀਤਾ। ਗੁਰੂ ਜੀ ਨੇ ਸਮਕਾਲੀ ਰਾਜਨੀਤਕ ਹਾਲਾਤਾਂ ਨੂੰ ਇਉਂ ਬਿਆਨ ਕੀਤਾ :
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ (ਮਾਝ ਕੀ ਵਾਰ, ਅੰਕ : 145)
ਗੁਰੂ ਜੀ ਨੇ ਨਾ-ਸਿਰਫ਼ ਰਾਜਿਆਂ ਨੂੰ ਉਨ੍ਹਾਂ ਦੇ ਗਿਰੀਵਾਨ ‘ਚ ਝਾਤੀ ਮਰਵਾਈ ਸਗੋਂ ਉਨ੍ਹਾਂ ਦੇ ਫ਼ਰਜ਼ਾਂ ਦਾ ਵੀ ਅਹਿਸਾਸ ਕਰਵਾਇਆ। ਗੁਰੂ ਸਾਹਿਬ ਨੇ ‘ਰਾਜ-ਧਰਮ’ ਦਾ ਮੁੱਢਲਾ ਫ਼ਰਜ਼ ‘ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨ’ ਦੱਸਿਆ। ਜ਼ੋਰ-ਜ਼ੁਲਮ ਨੂੰ ਹੀ ਰਾਜ ਕਰਨ ਦੀ ਸਮਰੱਥਾ ਸਮਝਣ ਵਾਲੇ ਹਾਕਮਾਂ ਨੂੰ ਗੁਰੂ ਸਾਹਿਬ ਨੇ ਅਸਲੀ ਹਾਕਮ ਦੀ ਯੋਗਤਾ ਇਉਂ ਦੱਸੀ :
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥ (ਮਾਰੂ ਵਾਰ, ਅੰਕ : 1088)
ਸੱਚਾਈ ਦੇ ਰਾਹ ‘ਤੇ ਚੱਲਣ ਵਾਲੇ ਹੀ ਰਾਜ ਤਖ਼ਤ ‘ਤੇ ਬੈਠਣ ਦੇ ਅਸਲ ਹੱਕਦਾਰ ਹਨ ਅਤੇ ਧਰਤੀ (ਰਾਜ-ਭਾਗ) ਦੇ ਮਾਲਕ ਬਣੇ ਭੂਮੀਪਤੀਆਂ ਦਾ ਭੁਲੇਖਾ ਦੂਰ ਕਰਨ ਲਈ ਗੁਰੂ ਸਾਹਿਬ ਨੇ ਆਖਿਆ ਕਿ ਉਹ ਰਾਜੇ ਨਹੀਂ ਹਨ ਕਿਉਂਕਿ ਉਹ ਖੁਦ ਧਰਤੀ (ਰਾਜ-ਭਾਗ) ਦੇ ਮਾਲਕ ਬਣਨ ਦੀ ਹੋੜ ਵਿਚ ਲੋਕਾਂ ‘ਤੇ ਜ਼ੋਰ-ਜ਼ੁਲਮ ਕਰ ਰਹੇ ਹਨ ਅਤੇ ਖੁਦ ਹੀ ਤ੍ਰਿਸ਼ਨਾਵਾਂ ਦਾ ਦੁੱਖ ਭੋਗ ਰਹੇ ਹਨ।
ਰਾਜਨੀਤੀ ਦੀ ਇਕ ਮਰਯਾਦਾ ਹੈ, ਜੋ ਕਦੇ ਵੀ ਭੰਗ ਨਹੀਂ ਹੋਣੀ ਚਾਹੀਦੀ। ਰਾਜਨੀਤੀ ਦਾ ਅਰਥ ਹੈ, ਰਾਜੇ ਦਾ ਪਰਜਾ ਨਾਲ ਕਿਹੋ ਜਿਹਾ ਵਰਤਾਓ ਹੈ, ਕੀ ਉਹ ਪਰਜਾ ਨੂੰ ਆਪਣਾ ਪੁੱਤਰ ਰੂਪ ਸਮਝ ਕੇ ਉਨ੍ਹਾਂ ਦੇ ਹਿੱਤ ਦੀ ਲੋਚਾ ਕਰਦਾ ਹੈ ਜਾਂ ਨਹੀਂ, ਇਸੇ ਤਰ੍ਹਾਂ ਪਰਜਾ ਦਾ ਫ਼ਰਜ਼ ਹੈ ਕਿ ਉਹ ਰਾਜਾ ਨੂੰ ਪਿਤਾ ਰੂਪ ਜਾਣ ਕੇ ਉਸ ਦੀ ਆਗਿਆ ਦਾ ਪਾਲਣ ਕਰੇ। ਇਸ ਤਰ੍ਹਾਂ ਦੇ ਰਾਜ ਨੂੰ ਸ੍ਰੇਸ਼ਟ ਰਾਜ ਮੰਨਿਆ ਗਿਆ ਹੈ। ਇਸ ਵਿਚ ਰਾਜਾ ਤੇ ਪਰਜਾ ਦੋਵੇਂ ਸੁਖੀ ਵੱਸਦੇ ਹਨ, ਇਕ ਦੂਜੇ ਦੇ ਸ਼ੁਭਚਿੰਤਕ ਹੁੰਦੇ ਹਨ। ਅਜਿਹੇ ਰਾਜ ਬਾਰੇ ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਹਨ :
ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨ ਰੂਪ,
ਤਾ ਤੇ ਨਿਹਚਿੰਤ ਨਿਰਭੈ ਬਸਤ ਲੋਗ ਜੀ। (ਕਬਿਤ: ੩੫੪)
***
ਜੈਸੇ ਰਾਜਾ ਧਰਮ ਸਰੂਪ ਰਾਜਨੀਤਿ ਬਿਖੈ,
ਤਾ ਕੇ ਦੇਸ ਪਰਜਾ ਬਸਤ ਸੁਖ ਪਾਇ ਕੈ। (ਕਬਿਤ : ੪੧੮)
‘ਪ੍ਰੇਮ ਸੁਮਾਰਗ’ ਗ੍ਰੰਥ ਵਿਚ ਰਾਜ ਦਾ ਆਦਰਸ਼ਕ ਗੁਣ ਇਸ ਤਰ੍ਹਾਂ ਵਰਨਣ ਕੀਤਾ ਗਿਆ ਹੈ, ”ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ। ਕੋਈ ਇਸ ਕੈ ਰਾਜ ਮੈ ਦੁਖਿਤ ਨ ਹੋਇ। ਰਾਜੇ ਕੋ ਚਾਹੀਐ ਜੋ ਆਪਨੇ ਉੱਪਰ ਭੀ ਨਿਆਉ ਕਰੇ।… ਰਾਜੇ ਕੋ ਚਾਹੀਐ ਜੋ ਬਿਨਾਂ ਕਿਰਤ ਰੋਜ਼ਗਾਰ ਕੋਈ ਪ੍ਰਾਣੀ ਨਾ ਰਹੈ, ਖਬਰ ਪਰਜਾ ਕੀ ਲੇਤਾ ਰਹੈ। ਰਾਜਾ ਇਸ ਬਾਤ ਕੋ ਸਿਰਜਿਆ ਹੈ, ਜੋ ਬੰਦੋਬਸਤ ਪਰਜਾ ਦੀ ਭਲੀ-ਭਾਂਤ ਕਰੈ।” ਗਿਆਨ ਰਤਨਾਵਲੀ ਅਨੁਸਾਰ ਮੀਰ ਬਾਬਰ ਦੀ ਬੇਨਤੀ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਉਪਦੇਸ਼ ਦਿੱਤਾ, ”ਧਰਮ ਦਾ ਨਿਆਉਂ ਕਰਨਾ, ਬਜ਼ੁਰਗਾਂ ਦੀ ਖ਼ਿਦਮਤ ਕਰਨੀ, ਗ਼ਰੀਬਾਂ ਨਾਲ ਵੰਡ ਖਾਣਾ, ਅਰ ਖ਼ੁਦਾਇ ਦੀ ਬੰਦਗੀ ਕਰਨੀ ਤਾਂ ਤੁਹਾਡਾ ਰਾਜ ਥਿਰ ਰਹੇਗਾ।”
ਗੁਰਮਤਿ ਵਿਚਲੇ ਰਾਜ ਸੰਕਲਪ ਦੀ ਵਿਲੱਖਣਤਾ ਇਹ ਹੈ ਕਿ ਇਹ ਰਾਜ ਸੱਤਾ ਨੂੰ ਕਿਸੇ ਇਕ ਮਨੁੱਖ, ਕਿਸੇ ਇਕ ਵਰਗ ਜਾਂ ਕਿਸੇ ਇਕ ਬਿਰਾਦਰੀ ਦੀ ਮਲਕੀਅਤ ਨਹੀਂ ਮੰਨਦਾ। ਰਾਜ ਸੱਤਾ ਦਾ ਅਸਲੀ ਮਾਲਕ ਅਕਾਲ ਪੁਰਖ ਨੂੰ ਮੰਨਿਆ ਗਿਆ ਹੈ। ਇਸੇ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਸਿੱਕਾ ਆਪਣਾ ਨਹੀਂ, ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂਅ ਦਾ ਚਲਾਇਆ। ਸਿੱਖ ਧਰਮ ਵਿਚ ਰਾਜਨੀਤੀ ਨੂੰ ਧਰਮ ਦੀ ਤਾਬਿਆ ਰੱਖਿਆ ਗਿਆ ਹੈ ਪਰ ਧਰਮ ਆਧਾਰਤ ਰਾਜਨੀਤੀ ਦਾ ਸਿੱਖ ਸੰਕਲਪ ਇਸ ਤੋਂ ਪਹਿਲੇ ਧਰਮ ਆਧਾਰਤ ਰਾਜ ਸੰਕਲਪਾਂ ਤੋਂ ਬਿਲਕੁਲ ਵੱਖਰਾ ਹੈ। ‘ਬੇਗਮਪੁਰਾ’ ਅਤੇ ‘ਹਲੇਮੀ ਰਾਜ’ ਦਾ ਗੁਰਮਤਿ ਵਿਚਲਾ ਸੰਕਲਪ ਇਕ ਅਜਿਹੇ ਰਾਜ ਦੀ ਸਿਰਜਣਾ ਕਰਦਾ ਹੈ, ਜਿਹੜਾ ਮਜ਼੍ਹਬ, ਜਾਤ, ਰੰਗ ਅਤੇ ਨਸਲ ਤੋਂ ਨਿਰਲੇਪ ਅਤੇ ਤੰਗਦਸਤੀਆਂ ਵਾਲੇ ਭੈੜੇ ਰਾਜ ਤੋਂ ਪਰਾਂ ਦੀ ਗੱਲ ਕਰਦਾ ਹੈ, ਭੈਅ, ਦੁੱਖ ਤੇ ਚਿੰਤਾ ਦਾ ਜਿੱਥੇ ਨਾਂਅ-ਨਿਸ਼ਾਨ ਤੱਕ ਨਾ ਹੋਵੇ। ਇਸ ਰਾਜ ਵਿਚ ਰਾਜਾ ਤੇ ਪਰਜਾ, ਦੋਵੇਂ ਪਰਮਾਤਮਾ ਦੇ ਭੈਅ ਵਿਚ ਵਿਚਰਦੇ ਹਨ। ਲੋਕ ਇਕ-ਦੂਜੇ ਨੂੰ ਪਿਆਰ ਕਰਦੇ ਹੋਣ। ਸਭ ਰਲ-ਮਿਲ ਕੇ, ਇਕ ਦੂਜੇ ਦੇ ਹੋ ਕੇ ਹਰ ਕਿਸੇ ਦਾ ਦੁੱਖ ਸੁਖ ਵੰਡਾਉਣ। ਨਾ ਉਥੇ ਮਾਲ-ਅਸਬਾਬ ਨੂੰ ਕੋਈ ਮਹਿਸੂਲ ਤੇ ਖ਼ਤਰਾ ਹੋਵੇ।
‘ਰਾਜ ਧਰਮ’ ਦੀ ਵਸੀਹ ਅਤੇ ਸਟੀਕ ਸ਼ਬਦਾਂ ਵਿਚ ਪ੍ਰੀਭਾਸ਼ਾ ਸਮਝਣੀ ਹੋਵੇ ਤਾਂ ਪ੍ਰੋ. ਪੂਰਨ ਸਿੰਘ ਦੇ ਇਹ ਸ਼ਬਦ ਕੁੱਜੇ ਵਿਚ ਸਮੁੰਦਰ ਹਨ, ”ਵਾਸਤਵ ਵਿਚ ਰਾਜਾ ਦਾ ਧਰਮ ਪਾਲਣਾ ਸਭ ਧਰਮਾਂ ਥੀਂ ਕਠਿਨ ਹੈ। ਰਾਜੇ ਦੇ ਹੱਥ ਵਿਚ ਤੱਕੜੀ ਹੈ, ਦਿਲ ਵਿਚ ਰੱਬ। ਜੇ ਓਹ ਰੱਬ ਵਰਗਾ ਨਾ ਹੋਵੇ, ਤਦ ਓਹ ਕਸਾਈ ਹੋ ਜਾਂਦਾ ਹੈ। ਜੇ ਪੂਰਾ ਨਾ ਤੋਲੇ ਤਦ ਓਹ ਜ਼ਾਲਮ ਹੈ। ਹਮਲਾਵਰਾਂ ਦੇ ਖ਼ਿਲਾਫ਼ ਗ਼ਰੀਬਾਂ ਦੀ ਰੱਛਯਾ ਨਾ ਕਰੇ ਤਦ ਓਹ ਪਤਿਤ ਹੋ ਜਾਂਦਾ ਹੈ। ਜੇ ਰੱਈਅਤ ਨੂੰ ਜਾਨਵਰਾਂ, ਸੱਪਾਂ, ਦਰਿਆਵਾਂ, ਅੱਗਾਂ ਥੀਂ ਨਾ ਬਚਾਵੇ, ਤਦ ਓਹ ਕਿਰਪਣ ਹੈ। ਜੇ ਓਹ ਕਿਸੇ ਨਾਲ ਧੜੇ-ਬਾਜ਼ੀ ਕਰੇ, ਯਾ ਕਿਸੀ ਮਜ਼੍ਹਬ ਦਾ ਹੋ ਕੇ ਰਾਜ ਕਮਾਵੇ, ਤਦ ਓਹ ਮਹਾਂ ਪਾਤਕੀ ਹੈ। ਰਾਜੇ ਦਾ ਧਰਮ, ਕਰਮ, ਮਜ਼੍ਹਬ ਨਿਆਂ ਦੀ ਤੁਲਨਾ ਹੈ। ਬੇਗ਼ਰਜ਼ ਰੱਬ ਦੀ ਮਖ਼ਲੂਕ ਨੂੰ ਸੁਖੀ ਕਰਨ ਦੀ ਸੇਵਾ ਓਹਦਾ ਸ਼ਾਸਨ (ਹੁਕਮ) ਹੈ। ਆਪ ਸਭ ਧਰਮਾਂ ਦਾ, ਸਭ ਕੌਮਾਂ ਦਾ, ਸਭ ਰੱਈਅਤ ਦਾ, ਅਮੀਰਾਂ, ਗ਼ਰੀਬਾਂ ਦਾ ਸਾਂਝਾ ਨਿਸ਼ਾਨ ਹੈ। ਕਾਨੂੰਨ ਸੁੱਚਾ ਹੈ। ਕਾਨੂੰਨ ਦਾ ‘ਭੈਅ ਤੇ ਦੰਡ’ ਪਰਜਾ ਦੀ ਰੱਛਾ ਰਾਜੇ ਦੀ ਫ਼ੌਜ ਦਾ ਕੇਵਲ ਇਕ ਧਰਮ ਹੈ।”
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …