Breaking News
Home / ਮੁੱਖ ਲੇਖ / ਕਰੋਨਾ ਵਾਇਰਸ ਵਿਰੁੱਧ ਜੰਗ ਲਈ ਕਿੰਨਾ ਕੁ ਤਿਆਰ ਹੈ ਪੰਜਾਬ?

ਕਰੋਨਾ ਵਾਇਰਸ ਵਿਰੁੱਧ ਜੰਗ ਲਈ ਕਿੰਨਾ ਕੁ ਤਿਆਰ ਹੈ ਪੰਜਾਬ?

ਸਤਨਾਮ ਸਿੰਘ ਮਾਣਕ
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਚੁਣੌਤੀ ਨਿਰੰਤਰ ਵਧਦੀ ਜਾ ਰਹੀ ਹੈ। ਹੁਣ ਤੱਕ ਸਿਰਫ ਚੀਨ, ਦੱਖਣੀ ਕੋਰੀਆ, ਵੀਅਤਨਾਮ ਅਤੇ ਕਿਊਬਾ ਆਦਿ ਦੇਸ਼ ਹੀ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਣ ਤੋਂ ਰੋਕਣ ਵਿਚ ਕਾਮਯਾਬ ਹੋਏ ਹਨ। ਅਮਰੀਕਾ, ਕੈਨੇਡਾ, ਇਟਲੀ, ਸਪੇਨ ਆਦਿ ਦੇਸ਼ਾਂ ਵਿਚ ਵੱਡੀ ਪੱਧਰ ‘ਤੇ ਯਤਨ ਹੋਣ ਦੇ ਬਾਵਜੂਦ ਇਸ ਦੇ ਫੈਲਾਓ ‘ਤੇ ਅਜੇ ਰੋਕ ਨਹੀਂ ਲੱਗ ਸਕੀ ਅਤੇ ਇਨ੍ਹਾਂ ਦੇਸ਼ਾਂ ਵਿਚ ਹਰ ਰੋਜ਼ ਸੈਂਕੜੇ ਲੋਕ ਇਸ ਬਿਮਾਰੀ ਨਾਲ ਮਰ ਰਹੇ ਹਨ। ਇਸ ਤੋਂ ਇਲਾਵਾ ਰੂਸ, ਜਰਮਨ, ਬਰਤਾਨੀਆ ਅਤੇ ਹੋਰ ਅਨੇਕਾਂ ਵਿਕਸਿਤ ਦੇਸ਼ਾਂ ਵਿਚ ਵੀ ਇਹ ਨਿਰੰਤਰ ਫੈਲਦਾ ਜਾ ਰਿਹਾ ਹੈ। ਇਸ ਕਾਰਨ ਵਿਸ਼ਵ ਪੱਧਰ ‘ਤੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਲੋਂ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ ਹੈ।ઠ
ਜਿਥੋਂ ਤੱਕ ਭਾਰਤ ਦੀ ਗੱਲ ਹੈ, ਭਾਵੇਂ ਸ਼ੁਰੂ ਵਿਚ ਇਹ ਬਿਮਾਰੀ ਬਹੁਤ ਘੱਟ ਰਫ਼ਤਾਰ ਨਾਲ ਵਧ ਰਹੀ ਸੀ ਪਰ ਹੁਣ ਸਮੇਂ ਦੇ ਬੀਤਣ ਨਾਲ ਇਸ ਦੇ ਫੈਲਾਓ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਤੱਕ ਦੇ ਅੰਕੜਿਆਂ ਮੁਤਾਬਿਕ ਦੇਸ਼ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 6000 ਦੇ ਨੇੜੇ ਪੁੱਜ ਗਈ ਹੈ ਅਤੇ 176 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਸੈਂਕੜੇ ਵਿਅਕਤੀ ਠੀਕ ਹੋਏ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ 107 ਵਿਅਕਤੀ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ ਅਤੇ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਨ੍ਹਾਂ 8 ਵਿਚੋਂ ਹੀ ਇਕ ਉੱਘੇ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਵੀ ਹਨ, ਜਿਨ੍ਹਾਂ ਦੀ ਮੌਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਰਾਜ ਵਿਚ ਇਕ ਵਿਅਕਤੀ ਇਸ ਬਿਮਾਰੀ ਤੋਂ ਠੀਕ ਵੀ ਹੋਇਆ ਹੈ। ਪੰਜਾਬ ਸਰਕਾਰ ਨੇ ਰਾਜ ਵਿਚ ਕੋਰੋਨਾ ਵਾਇਰਸ ਦੀ ਕਰੋਪੀ ਨੂੰ ਰੋਕਣ ਲਈ ਜੋ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ਮੁਤਾਬਿਕ ਸ਼ੱਕੀ ਵਿਅਕਤੀਆਂ ਨੂੰ ਵੱਖਰੇ ਰੱਖਣ ਲਈ 2200 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਰਾਜ ਵਿਚ ਇਸ ਸਮੇਂ ਨਿੱਜੀ ਹਸਪਤਾਲਾਂ ਕੋਲ 250 ਵੈਂਟੀਲੇਟਰ ਹਨ ਅਤੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ 20 ਅਤੇ ਪਟਿਆਲਾ ਦੇ ਸਰਕਾਰੀ ਹਸਪਤਾਲ ਵਿਚ ਵੀ 20 ਵੈਂਟੀਲੇਟਰ ਹਨ। ਹੋਰ ਹਸਪਤਾਲਾਂ ਵਿਚ ਸਿਰਫ ਇਕਾ-ਦੁੱਕਾ ਹੀ ਵੈਂਟੀਲੇਟਰ ਸੈੱਟ ਮੌਜੂਦ ਹਨ। ਜਲੰਧਰ ਸਿਵਲ ਹਸਪਤਾਲ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਰਾਖਵਾਂ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਅਧੀਨ ਚੱਲ ਰਹੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਵੀ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਅਤੇ ਸ਼ੱਕੀ ਵਿਅਕਤੀਆਂ ਨੂੰ ਰੱਖਣ ਲਈ ਰਾਖਵਾਂ ਕੀਤਾ ਗਿਆ ਹੈ।ઠ
ਅਹਿਮ ਸਵਾਲ ਇਹ ਹੈ ਕਿ ਕੌਮੀ ਪੱਧਰ ‘ਤੇ ਅਤੇ ਵੱਖ-ਵੱਖ ਰਾਜਾਂ ਦੀ ਪੱਧਰ ‘ਤੇ ਇਸ ਮਹਾਂਮਾਰੀ ਨਾਲ ਲੜਨ ਲਈ ਜੋ ਪ੍ਰਬੰਧ ਕੀਤੇ ਗਏ ਹਨ, ਉਹ ਕਿੰਨੇ ਕੁ ਢੁਕਵੇਂ ਹਨ? ਪਰ ਇਸ ਪੱਖ ਤੋਂ ਤੱਥਾਂ ਨੂੰ ਦੇਖਦੇ ਹਾਂ ਤਾਂ ਨਿਰਾਸ਼ਾ ਹੀ ਹੱਥ ਲਗਦੀ ਹੈ। ਇਸ ਸੰਦਰਭ ਵਿਚ ਇਕ ਗੱਲ ਸਭ ਨੂੰ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਅੰਤਿਮ ਫ਼ੈਸਲਾਕੁੰਨ ਲੜਾਈ ਸਿਹਤ ਸੇਵਾਵਾਂ ਦੇ ਖੇਤਰ ਵਿਚ ਹੀ ਲੜੀ ਜਾਵੇਗੀ ਅਤੇ ਇਸ ਲੜਾਈ ਵਿਚ ਡਾਕਟਰਾਂ, ਨਰਸਾਂ ਤੇ ਸਿਹਤ ਸੇਵਾਵਾਂ ਨਾਲ ਜੁੜੇ ਹੋਰ ਲੋਕਾਂ ਦਾ ਅਹਿਮ ਰੋਲ ਹੋਵੇਗਾ। ਥਾਲੀਆਂ ਤੇ ਤਾਲੀਆਂ ਵਜਾ ਕੇ ਜਾਂ ਮੋਮਬੱਤੀਆਂ ਜਗਾ ਕੇ ਇਸ ਮਹਾਂਮਾਰੀ ਨੂੰ ਹਰਗਿਜ਼ ਨਹੀਂ ਰੋਕਿਆ ਜਾ ਸਕਦਾ। ਇਹ ਲੋਕਾਂ ਦਾ ਧਿਆਨ ਸਿਹਤ ਸੇਵਾਵਾਂ ਦੀਆਂ ਕਮੀਆਂ ਵਲੋਂ ਭਟਕਾ ਕੇ ਹੋਰ ਫਜ਼ੂਲ ਦੇ ਮੁੱਦਿਆਂ ਵੱਲ ਲਾਉਣ ਦੀ ਕੋਸ਼ਿਸ਼ ਹੈ। ਹਾਂ ਕੁਝ ਹਫ਼ਤਿਆਂ ਲਈ ਤਾਲਾਬੰਦੀ ਕਰਕੇ ਇਸ ਦੇ ਵਧਣ ਦੀ ਰਫ਼ਤਾਰ ਨੂੰ ਜ਼ਰੂਰ ਥੋੜ੍ਹਾ ਘੱਟ ਕੀਤਾ ਜਾ ਸਕਦਾ ਹੈ ਤਾਂ ਕਿ ਉਸ ਸਮੇਂ ਦੀ ਵਰਤੋਂ ਆਪਣੀਆਂ ਸਿਹਤ ਸੇਵਾਵਾਂ ਨੂੰ ਚੁਸਤ-ਦਰੁਸਤ ਕਰਨ ਲਈ ਕੀਤੀ ਜਾ ਸਕੇ ਅਤੇ ਵੱਡੀ ਗਿਣਤੀ ਵਿਚ ਇਕੋ ਸਮੇਂ ਮਰੀਜ਼ਾਂ ਦੀਆਂ ਹਸਪਤਾਲਾਂ ਵਿਚ ਭੀੜਾਂ ਨਾ ਹੋ ਜਾਣ। ਸੋ, ਦੇਸ਼ ਵਿਚ ਇਸ ਸਮੇਂ 14 ਅਪ੍ਰੈਲ ਤੱਕ ਤਾਲਾਬੰਦੀ ਚੱਲ ਰਹੀ ਹੈ। 14 ਅਪ੍ਰੈਲ ਤੱਕ ਕੌਮੀ ਪੱਧਰ ‘ਤੇ ਕੇਂਦਰ ਸਰਕਾਰ ਵਲੋਂ ਇਸ ਦਾ ਜਾਇਜ਼ਾ ਲਿਆ ਜਾਏਗਾ ਕਿ ਇਸ ਨੂੰ ਅੱਗੇ ਜਾਰੀ ਰੱਖਣਾ ਹੈ ਜਾਂ ਨਹੀਂ। ਕਿਉਂਕਿ ਅਨੇਕਾਂ ਪਹਿਲੂਆਂ ਤੋਂ ਦੇਸ਼ ਦੀ ਆਰਥਿਕਤਾ ਅਤੇ ਲੋਕਾਂ ਦੇ ਸਮਾਜਿਕ ਜੀਵਨ ‘ਤੇ ਵੀ ਇਸ ਦਾ ਗਹਿਰਾ ਅਸਰ ਪੈ ਰਿਹਾ ਹੈ। ਜੇਕਰ ਲੰਮੇ ਸਮੇਂ ਤੱਕ ਤਾਲਾਬੰਦੀ ਚਲਦੀ ਹੈ ਤਾਂ ਜਿਥੇ ਸਨਅਤ, ਖੇਤੀਬਾੜੀ ਤੇ ਵਪਾਰ ਦੇ ਖੇਤਰ ਪ੍ਰਭਾਵਿਤ ਹੋਣਗੇ, ਉਥੇ ਸਰਕਾਰ ਦੇ ਮਾਲੀਏ ਦੇ ਸਾਧਨ ਠੱਪ ਹੋਣ ਕਾਰਨ ਕੇਂਦਰ ਅਤੇ ਰਾਜ ਸਰਕਾਰਾਂ ਲਈ ਵਿੱਤੀ ਸੰਕਟ ਵੀ ਵਧ ਜਾਏਗਾ ਅਤੇ ਇਸ ਨਾਲ ਹੀ ਦੇਸ਼ ਵਿਚ ਵੱਡੀ ਪੱਧਰ ‘ਤੇ ਬੇਰੁਜ਼ਗਾਰੀ ਵੀ ਵਧ ਜਾਏਗੀ। ਇਸ ਲਈ ਤਾਲਾਬੰਦੀ ਨੂੰ ਲੰਮੇ ਸਮੇਂ ਤੱਕ ਜਾਰੀ ਰੱਖਣਾ ਸੰਭਵ ਨਹੀਂ ਹੋਏਗਾ। ਫਿਰ ਵੀ ਇਸ ਸਮੇਂ ਦੀ ਵੱਧ ਤੋਂ ਵੱਧ ਵਰਤੋਂ ਦੇਸ਼ ਭਰ ਵਿਚ ਸਿਹਤ ਸੇਵਾਵਾਂ ਨੂੰ ਦਰੁਸਤ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ।
ਇਸ ਪ੍ਰਸੰਗ ਵਿਚ ਹੀ ਅਸੀਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਚਰਚਾ ਕਰਾਂਗੇ। ਪੰਜਾਬ ਵਿਚ ਭਾਵੇਂ ਹੁਣ ਤੱਕ 107 ਮਾਮਲੇ ਹੀ ਸਾਹਮਣੇ ਆਏ ਹਨ ਅਤੇ 8 ਵਿਅਕਤੀ ਹੀ ਮਾਰੇ ਗਏ ਹਨ। ਕਹਿ ਸਕਦੇ ਹਾਂ ਕਿ ਅਜੇ ਰਾਜ ਵਿਚ ਇਹ ਚੁਣੌਤੀ ਆਰੰਭ ਹੀ ਹੋਈ ਹੈ। ਆਉਣ ਵਾਲੇ ਸਮੇਂ ਵਿਚ ਜੇਕਰ ਬਦਕਿਸਮਤੀ ਨਾਲ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਵਧ ਜਾਂਦੀ ਹੈ ਤਾਂ ਰਾਜ ਨੂੰ ਇਸ ਸਬੰਧ ਵਿਚ ਵੱਡੀ ਪੱਧਰ ‘ਤੇ ਸਿਹਤ ਸਹੂਲਤਾਂ ਦੀ ਵਿਵਸਥਾ ਕਰਨੀ ਪਵੇਗੀ। ਹੁਣ ਤੱਕ ਇਸ ਸਬੰਧ ਵਿਚ ਜੋ ਊਣਤਾਈਆਂ ਸਾਹਮਣੇ ਆਈਆਂ ਹਨ, ਉਹ ਇਸ ਪ੍ਰਕਾਰ ਹਨ :
ਸਰਕਾਰੀ ਹਸਪਤਾਲਾਂ ਵਿਚ ਟ੍ਰੇਂਡ ਡਾਕਟਰਾਂ ਅਤੇ ਨਰਸਾਂ ਦੀ ਭਾਰੀ ਕਮੀ ਹੈ। ਵੈਂਟੀਲੇਟਰ, ਆਕਸੀਜਨ ਸੈੱਟ ਤੇ ਮਰੀਜ਼ਾਂ ਦੇ ਟੈਸਟਾਂ ਲਈ ਟੈਸਟਿੰਗ ਕਿੱਟਾਂ ਦੀ ਵੀ ਘਾਟ ਹੈ। ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲਾਂ ਵਿਚ ਜੋ ਮਰੀਜ਼ਾਂ ਅਤੇ ਸ਼ੱਕੀ ਵਿਅਕਤੀਆਂ ਨੂੰ ਨਜ਼ਰਸਾਨੀ ਹੇਠ ਰੱਖਣ ਲਈ ਵੱਖਰੇ ਵਾਰਡ ਬਣਾਏ ਗਏ ਹਨ, ਉਨ੍ਹਾਂ ਵਿਚ ਸਾਫ਼-ਸਫ਼ਾਈ ਅਤੇ ਖਾਣੇ ਦੇ ਬਿਹਤਰ ਪ੍ਰਬੰਧ ਨਹੀਂ ਹਨ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਹਸਪਤਾਲਾਂ ਵਿਚ ਕੋਰੋਨਾ ਪੀੜਤ ਮਰੀਜ਼ਾਂ ਅਤੇ ਕੋਰੋਨਾ ਵਾਇਰਸ ਦੇ ਸ਼ੱਕ ਕਾਰਨ ਵੱਖਰੇ (ਆਈਸੋਲੇਸ਼ਨ) ਵਿਚ ਰੱਖੇ ਗਏ ਵਿਅਕਤੀਆਂ ਨੂੰ ਇਕੱਠੇ ਹੀ ਰੱਖਿਆ ਗਿਆ ਹੈ। ਇਸ ਕਾਰਨ ਸ਼ੱਕੀ ਵਿਅਕਤੀਆਂ ਵਿਚ ਵੀ ਇਹ ਬਿਮਾਰੀ ਦੇ ਫੈਲਣ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਅਤੇ ਕੋਰੋਨਾ ਵਾਇਰਸ ਕਾਰਨ ਸ਼ੱਕ ਦੇ ਆਧਾਰ ‘ਤੇ ਨਜ਼ਰਸਾਨੀ ਹੇਠ ਰੱਖੇ ਗਏ ਵਿਅਕਤੀਆਂ ਨੂੰ ਵੱਖਰੇ ਵਾਰਡਾਂ ਜਾਂ ਵੱਖਰੇ-ਵੱਖਰੇ ਹਸਪਤਾਲਾਂ ਵਿਚ ਰੱਖੇ ਜਾਣ ਦੀ ਜ਼ਰੂਰਤ ਹੈ।ઠ
ਇਹ ਗੱਲ ਵੀ ਦੇਖਣ ਵਿਚ ਆਈ ਹੈ ਕਿ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਅਮਲੇ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਜਿਸ ਤਰ੍ਹਾਂ ਦੀ ਸਿੱਖਿਆ-ਦੀਖਿਆ ਦੇਣ ਦੀ ਲੋੜ ਹੈ, ਉਹ ਅਜੇ ਵੀ ਦਿੱਤੀ ਨਹੀਂ ਗਈ। ਉਨ੍ਹਾਂ ਨੇ ਮਰੀਜ਼ਾਂ ਦਾ ਇਲਾਜ ਕਰਦਿਆਂ ਆਪਣੇ-ਆਪ ਨੂੰ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਣ ਤੋਂ ਕਿਵੇਂ ਬਚਾਉਣਾ ਹੈ ਅਤੇ ਕਿਹੜੀਆਂ-ਕਿਹੜੀਆਂ ਹਦਾਇਤਾਂ ਦਾ ਖਿਆਲ ਰੱਖਣਾ ਹੈ, ਇਸ ਤਰ੍ਹਾਂ ਦੀ ਸੋਝੀ ਬਹੁਤੇ ਸਿਹਤ ਅਮਲੇ ਵਿਚ ਨਹੀਂ ਹੈ। ਇਸ ਕਾਰਨ ਉਹ ਮਰੀਜ਼ਾਂ ਦਾ ਇਲਾਜ ਕਰਨ ਅਤੇ ਉਨ੍ਹਾਂ ਕੋਲ ਜਾਣ ਤੋਂ ਘਬਰਾ ਰਹੇ ਹਨ।
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਅਮਲੇ ਨੂੰ ਕੋਰੋਨਾ ਵਾਇਰਸ ਦੇ ਮਰੀਜ਼ਾਂ ਨਾਲ ਨਿਪਟਦਿਆਂ (ਪ੍ਰਸਨਲ ਪ੍ਰੋਟੈਕਟਿਵ ਇਕਿਊਪਮੈਂਟਸ) ਭਾਵ ਜਿਸ ਤਰ੍ਹਾਂ ਦੀ ਸੁਰੱਖਿਆ ਕਿੱਟ ਦੀ ਲੋੜ ਹੈ, ਇਹ ਕਿੱਟਾਂ ਹਸਪਤਾਲਾਂ ਵਿਚ ਮੌਜੂਦ ਨਹੀਂ ਹਨ, ਜਿਸ ਕਰਕੇ ਵੀ ਡਾਕਟਰ ਅਤੇ ਨਰਸਾਂ ਮਰੀਜ਼ਾਂ ਦਾ ਖੁੱਲ੍ਹ ਕੇ ਇਲਾਜ ਕਰਨ ਲਈ ਉਨ੍ਹਾਂ ਦੇ ਨੇੜੇ ਨਹੀਂ ਜਾ ਰਹੇ। ਇਸੇ ਕਾਰਨ ਮਰੀਜ਼ਾਂ ਨੂੰ ਲੈ ਕੇ ਆਉਣ ਜਾਂ ਕੰਮ ਕਰ ਰਹੀਆਂ 108 ਨੰਬਰ ਦੀਆਂ ਐਾਬੂਲੈਂਸਾਂ ਦੇ ਡਰਾਈਵਰਾਂ ਅਤੇ ਹੋਰ ਅਮਲੇ ਵਿਚ ਵੀ ਆਪਣੀ ਸੁਰੱਖਿਆ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ। ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਦੀਆਂ ਨਰਸਾਂ ਅਤੇ ਹੋਰ ਸਿਹਤ ਅਮਲੇ ਨੇ ਇਸ ਸਬੰਧੀ ਖੁੱਲ੍ਹ ਕੇ ਸ਼ਿਕਾਇਤਾਂ ਕੀਤੀਆਂ ਹਨ ਕਿ ਉਨ੍ਹਾਂ ਕੋਲ ਨਾ ਤਾਂ ਲੋੜੀਂਦੀਆਂ ਸੁਰੱਖਿਆ ਕਿੱਟਾਂ ਹਨ ਅਤੇ ਨਾ ਹੀ ਹਸਪਤਾਲ ਵਿਚ ਇਲਾਜ ਲਈ ਲੋੜੀਂਦਾ ਹੋਰ ਸਾਜ਼ੋ-ਸਾਮਾਨ ਅਤੇ ਡਾਕਟਰੀ ਸਮੱਗਰੀ ਮੌਜੂਦ ਹੈ।
ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਦੇ ਜਿਹੜੇ ਮਰੀਜ਼ ਲੁਧਿਆਣੇ ਅਤੇ ਅੰਮ੍ਰਿਤਸਰ ਵਿਚ ਦਾਖ਼ਲ ਹੋਏ ਹਨ। ਉਨ੍ਹਾਂ ਦਾ ਠੀਕ ਤਰ੍ਹਾਂ ਇਲਾਜ ਨਹੀਂ ਹੋ ਸਕਿਆ। ਲੁਧਿਆਣਾ ਦੀ ਪੀੜਤ ਔਰਤ ਨੂੰ ਪਹਿਲਾਂ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਫਿਰ ਵੈਂਟੀਲੇਟਰ ਨਾ ਹੋਣ ਦਾ ਬਹਾਨਾ ਲਾ ਕੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭੇਜ ਦਿੱਤਾ ਗਿਆ ਜਿਥੇ ਸਮੇਂ ਸਿਰ ਵੈਂਟੀਲੇਟਰ ਲਾ ਕੇ ਉਸ ਦਾ ਇਲਾਜ ਆਰੰਭ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਵੀ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਚਾਰ ਘੰਟੇ ਤੱਕ ਇਲਾਜ ਆਰੰਭ ਨਾ ਹੋ ਸਕਿਆ ਅਤੇ ਨਾ ਹੀ ਉਨ੍ਹਾਂ ਨੂੰ ਵੈਂਟੀਲੇਟਰ ਮੁਹੱਈਆ ਕੀਤਾ ਗਿਆ, ਜਦੋਂ ਕਿ ਉਹ ਪਹਿਲਾਂ ਹੀ ਸਾਹ ਦੇ ਮਰੀਜ਼ ਸਨ। ਦੋਸ਼ ਇਹ ਲੱਗ ਰਹੇ ਹਨ ਕਿ ਉਨ੍ਹਾਂ ਦੀ ਮੌਤ ਸਮੇਂ ਸਿਰ ਇਲਾਜ ਦੀਆਂ ਸਹੂਲਤਾਂ ਨਾ ਮਿਲ ਸਕਣ ਕਾਰਨ ਹੋਈ ਹੈ ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਵਿਅਕਤੀਆਂ ਨੂੰ ਰੱਖਣ ਲਈ ਵੱਖਰੇ ਤੌਰ ‘ਤੇ ਬਣਾਏ ਗਏ ਵਾਰਡਾਂ ਅੰਦਰ ਸਫ਼ਾਈ ਅਤੇ ਉਥੇ ਰੱਖੇ ਗਏ ਵਿਅਕਤੀਆਂ ਨੂੰ ਸੰਤੁਲਿਤ ਭੋਜਨ ਦੀ ਲੋੜ ਪੂਰੀ ਕਰਨ ਅਤੇ ਉਨ੍ਹਾਂ ਨੂੰ ਇਲਾਜ ਦੀਆਂ ਹੋਰ ਸਹੂਲਤਾਂ ਦੇਣ ਦੀ ਵਿਵਸਥਾ ਵਿਚ ਵੀ ਅਨੇਕਾਂ ਤਰ੍ਹਾਂ ਦੀਆਂ ਖਾਮੀਆਂ ਹਨ। ਇਥੋਂ ਤੱਕ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਵਾਰਡਾਂ ਨੂੰ ਕੀਟਾਣੂੰ ਰਹਿਤ ਕਰਨ ਲਈ ਲੋੜੀਂਦੇ ਸੈਨੇਟਾਈਜ਼ਰ ਅਤੇ ਸਪਰੇਆਂ ਵੀ ਮੁਹੱਈਆ ਨਹੀਂ ਹਨ। ਇਥੋਂ ਤੱਕ ਕਿ ਰੱਖੇ ਗਏ ਵਿਅਕਤੀਆਂ ਦਾ ਬੁਖਾਰ ਚੈੱਕ ਕਰਨ ਲਈ ਥਰਮਾਮੀਟਰ ਵੀ ਉਥੇ ਮੌਜੂਦ ਨਹੀਂ ਹਨ। ਜੇਕਰ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੇ ਇਲਾਜ ਲਈ ਲੋੜੀਂਦੀਆਂ ਸਹੂਲਤਾਂ ਨਹੀਂ ਹੋਣਗੀਆਂ ਅਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸ਼ੱਕ ਵਿਚ ਰੱਖੇ ਗਏ ਵਿਅਕਤੀਆਂ ਦੀਆਂ ਖੁਰਾਕ ਸਮੇਤ ਹੋਰ ਡਾਕਟਰੀ ਲੋੜਾਂ ਨੂੰ ਪੂਰਾ ਕਰਨ ਲਈ ਬਿਹਤਰ ਪ੍ਰਬੰਧ ਨਹੀਂ ਹੋਣਗੇ ਤਾਂ ਇਸ ਬਿਮਾਰੀ ਨੂੰ ਰੋਕਣਾ ਮੁਸ਼ਕਿਲ ਹੋ ਜਾਏਗਾ। ਬਿਹਤਰ ਖੁਰਾਕ ਦੀ ਇਸ ਕਰਕੇ ਲੋੜ ਹੈ ਕਿ ਇਸ ਤਰ੍ਹਾਂ ਵੱਖਰੇ ਰੱਖੇ ਮਰੀਜ਼ਾਂ ਜਾਂ ਸ਼ੱਕੀ ਵਿਅਕਤੀਆਂ ਨੂੰ ਉਨ੍ਹਾਂ ਦੇ ਵਾਰਸ ਬਾਹਰੋਂ ਖਾਣਾ ਨਹੀਂ ਦੇ ਸਕਦੇ। ਲੋਕਾਂ ਵਿਚ ਇਹ ਡਰ ਤੇ ਦਹਿਸ਼ਤ ਹੋਰ ਵਧ ਰਹੀ ਹੈ ਕਿ ਜੇ ਉਹ ਬਦਕਿਸਮਤੀ ਨਾਲ ਇਸ ਬਿਮਾਰੀ ਤੋਂ ਪ੍ਰਭਾਵਿਤ ਹੋ ਗਏ ਤਾਂ ਸਰਕਾਰੀ ਹਸਪਤਾਲਾਂ ਵਿਚ ਉਨ੍ਹਾਂ ਦਾ ਬਿਹਤਰ ਇਲਾਜ ਨਹੀਂ ਹੋ ਸਕੇਗਾ। ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮੌਤ ਤੋਂ ਬਾਅਦ ਇਹ ਸਵਾਲ ਹੋਰ ਵੀ ਉੱਭਰ ਕੇ ਸਾਹਮਣੇ ਆਇਆ ਹੈ।
ਇਸ ਸਬੰਧ ਵਿਚ ਇਕ ਹੋਰ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਰਾਜ ਦੇ ਬਹੁਤ ਸਾਰੇ ਨਿੱਜੀ ਹਸਪਤਾਲਾਂ ਨੇ ਓ.ਪੀ.ਡੀਜ਼ (ਮਰੀਜ਼ਾਂ ਨੂੰ ਦੇਖਣ ਦਾ ਅਮਲ) ਹੀ ਬੰਦ ਕਰ ਦਿੱਤਾ ਹੈ ਅਤੇ ਆਪਣੇ ਹਸਪਤਾਲ ਬੰਦ ਕਰਕੇ ਡਾਕਟਰ ਘਰ ਬੈਠ ਗਏ ਹਨ। ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਨ੍ਹਾਂ ਦੇ ਹਸਪਤਾਲ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਕੋਈ ਮਰੀਜ਼ ਆ ਗਿਆ ਅਤੇ ਉਨ੍ਹਾਂ ਨੇ ਉਸ ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਹਸਪਤਾਲ ਦੀ ਬਦਨਾਮੀ ਹੋਵੇਗੀ ਅਤੇ ਜੇਕਰ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਦਾਖ਼ਲ ਕਰ ਲਿਆ ਤਾਂ ਉਨ੍ਹਾਂ ਦੇ ਹਸਪਤਾਲ ਵਿਚ ਹੋਰ ਬਿਮਾਰੀਆਂ ਦੇ ਮਰੀਜ਼ ਦਾਖ਼ਲ ਹੋਣ ਲਈ ਜਾਂ ਇਲਾਜ ਕਰਾਉਣ ਲਈ ਨਹੀਂ ਆਉਣਗੇ ਅਤੇ ਜੇਕਰ ਕਿਸੇ ਮਰੀਜ਼ ਦੀ ਅਜਿਹੇ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ ਤਾਂ ਉਨ੍ਹਾਂ ਦੇ ਹਸਪਤਾਲ ਦੀ ਬਦਨਾਮੀ ਹੋ ਜਾਏਗੀ। ਇਸੇ ਕਾਰਨ ਰਾਜ ਦੇ ਬਹੁਤ ਸਾਰੇ ਵੱਡੇ ਅਤੇ ਛੋਟੇ ਨਿੱਜੀ ਹਸਪਤਾਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਸਾਹਮਣਾ ਕਰਨ ਤੋਂ ਭੱਜਦੇ ਨਜ਼ਰ ਆ ਰਹੇ ਹਨ। ਭਾਵੇਂ ਡਾ: ਨਵਜੋਤ ਸਿੰਘ ਦਾਹੀਆ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਨੇ ਇਹ ਕਿਹਾ ਹੈ ਕਿ ਉਹ ਸਰਕਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ ਅਤੇ ਇਸ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਅਤੇ ਸਿਹਤ ਵਿਭਾਗ ਦੇ ਹੋਰ ਆਲਾ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਹਿਯੋਗ ਦੇ ਢੰਗ-ਤਰੀਕੇ ਤੈਅ ਕਰ ਲਏ ਜਾਣਗੇ।
ਸੋ, ਇਸ ਚਰਚਾ ਦੇ ਸੰਦਰਭ ਵਿਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿੰਨੀ ਵੱਡੀ ਇਹ ਮਹਾਂਮਾਰੀ ਹੈ ਅਤੇ ਜਿੰਨੀ ਤੇਜ਼ੀ ਨਾਲ ਇਹ ਮਹਾਂਮਾਰੀ ਵਧ ਰਹੀ ਹੈ, ਉਸ ਮੁਤਾਬਿਕ ਨਾ ਤਾਂ ਕੌਮੀ ਪੱਧਰ ‘ਤੇ ਅਤੇ ਨਾ ਹੀ ਰਾਜ ਦੀ ਪੱਧਰ ‘ਤੇ ਸਰਕਾਰਾਂ ਦੀਆਂ ਤਿਆਰੀਆਂ ਢੁਕਵੀਆਂ ਹਨ। ਇਕ ਬਹੁਤ ਵੱਡੀ ਮਹਾਂਮਾਰੀ ਨੇ ਸਾਡੇ ਦਰਵਾਜ਼ੇ ‘ਤੇ ਦਸਤਕ ਦੇ ਦਿੱਤੀ ਹੈ। ਇਸ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਖੇਤਰ ਦੇ ਸਿਹਤ ਕਰਮੀਆਂ ਦਰਮਿਆਨ ਨਜ਼ਦੀਕੀ ਤਾਲਮੇਲ ਦੀ ਲੋੜ ਹੈ, ਖ਼ਾਸ ਕਰਕੇ ਸਰਕਾਰੀ ਹਸਪਤਾਲਾਂ ਵਿਚ ਡਾਕਟਰੀ ਅਮਲੇ ਲਈ ਸੁਰੱਖਿਆ ਕਿੱਟਾਂ, ਮਰੀਜ਼ਾਂ ਦੇ ਵੱਧ ਤੋਂ ਵੱਧ ਟੈਸਟਾਂ ਲਈ ਟੈਸਟਿੰਗ ਕਿੱਟਾਂ ਅਤੇ ਇਲਾਜ ਲਈ ਦਵਾਈਆਂ ਸਮੇਤ ਸਾਰੇ ਲੋੜੀਂਦੇ ਸਾਜ਼ੋ-ਸਾਮਾਨ ਦੀ ਛੇਤੀ ਤੋਂ ਛੇਤੀ ਵਿਵਸਥਾ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਵੱਡੀ ਪੱਧਰ ‘ਤੇ ਲੋਕਾਂ ਵਿਚ ਇਹ ਵੀ ਚੇਤਨਾ ਫੈਲਾਉਣੀ ਚਾਹੀਦੀ ਹੈ ਕਿ ਜੇਕਰ ਬਦਕਿਸਮਤੀ ਨਾਲ ਕਿਸੇ ਵਿਅਕਤੀ ਦੀ ਇਸ ਬਿਮਾਰੀ ਨਾਲ ਮੌਤ ਹੁੰਦੀ ਹੈ ਤਾਂ ਉਸ ਵਿਅਕਤੀ ਦੀ ਮ੍ਰਿਤਕ ਦੇਹ ਦੀ ਸਾਂਭ-ਸੰਭਾਲ ਕਰਕੇ ਪੂਰੀ ਸਾਵਧਾਨੀ ਵਰਤਦਿਆਂ ਉਸ ਦਾ ਅੰਤਿਮ ਸੰਸਕਾਰ ਕਿਵੇਂ ਕਰਨਾ ਹੈ? ਲੋਕਾਂ ਵਿਚੋਂ ਇਹ ਵਹਿਮ-ਭਰਮ ਵੀ ਦੂਰ ਕਰਨ ਦੀ ਲੋੜ ਹੈ ਕਿ ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨ ਨਾਲ ਕੋਰੋਨਾ ਵਾਇਰਸ ਨਹੀਂ ਫੈਲਦਾ ਅਤੇ ਨਾ ਹੀ ਸਬੰਧਿਤ ਵਿਅਕਤੀ ਦੀਆਂ ਅਸਥੀਆਂ ਚੁਗਣ ਨਾਲ ਕੋਰੋਨਾ ਵਾਇਰਸ ਫੈਲਦਾ ਹੈ। ਇਸ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਦੀਆਂ ਸਪੱਸ਼ਟ ਗਾਈਡ ਲਾਈਨਾਂ ਹਨ, ਉਨ੍ਹਾਂ ਨੂੰ ਆਮ ਲੋਕਾਂ ਤੱਕ ਮੀਡੀਏ ਅਤੇ ਹੋਰ ਸਾਧਨਾਂ ਰਾਹੀਂ ਪਹੁੰਚਾਇਆ ਜਾਣਾ ਚਾਹੀਦਾ ਹੈ। ਕਿਉਂਕਿ ਹੁਣ ਤੱਕ ਭਾਈ ਨਿਰਮਲ ਸਿੰਘ ਖ਼ਾਲਸਾ, ਲੁਧਿਆਣਾ ਦੀ ਇਕ ਔਰਤ ਅਤੇ ਫ਼ਿਰੋਜ਼ਪੁਰ ਦੇ ਇਕ ਨੌਜਵਾਨ ਦੇ ਸਸਕਾਰ ਦੇ ਮਾਮਲੇ ਵਿਚ ਵੱਡੀਆਂ ਸਮੱਸਿਆਵਾਂ ਪੇਸ਼ ਆ ਚੁੱਕੀਆਂ ਹਨ।
ਅਸੀਂ ਫਿਰ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਨੂੰ ਜਨਜੀਵਨ ਚਲਦਾ ਰੱਖਣ ਲਈ ਹੋਰ ਪ੍ਰਬੰਧ ਕਰਨ ਦੇ ਨਾਲ-ਨਾਲ ਸਭ ਤੋਂ ਵੱਧ ਜ਼ੋਰ ਆਪਣੀਆਂ ਸਿਹਤ ਸੇਵਾਵਾਂ ਨੂੰ ਜਲਦੀ ਤੋਂ ਜਲਦੀ ਚੁਸਤ-ਦਰੁਸਤ ਕਰਨ ਵੱਲ ਦੇਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਔਖੇ ਦਿਨਾਂ ਵਿਚ ਲੋਕਾਂ ਦੀਆਂ ਵੱਧ ਤੋਂ ਵੱਧ ਜ਼ਿੰਦਗੀਆਂ ਬਚਾਈਆਂ ਜਾ ਸਕਣ। ਕਿਤੇ ਅਜਿਹਾ ਨਾ ਹੋਵੇ ਕਿ ਲੰਮੇ ਸਮੇਂ ਤੱਕ ਸਿਹਤ ਖੇਤਰ ਨੂੰ ਸਰਕਾਰਾਂ ਵਲੋਂ ਨਜ਼ਰਅੰਦਾਜ਼ ਰੱਖਣ ਦੀ ਕੀਮਤ ਹੁਣ ਲੋਕਾਂ ਨੂੰ ਆਪਣੀਆਂ ਜਾਨਾਂ ਦੇ ਕੇ ਚੁਕਾਉਣੀ ਪਵੇ।
(ਅਜੀਤ ‘ਚੋਂ ਧੰਨਵਾਦ ਸਹਿਤ)

Check Also

ਕੌਮਾਂਤਰੀ ਪੱਧਰ ‘ਤੇ ਸਿੱਖ ਵਿਚਾਰਧਾਰਾ ਦੇ ਉਭਾਰ ਵਾਲਾ ਰਿਹਾ ਸਾਲ 2021

ਤਲਵਿੰਦਰ ਸਿੰਘ ਬੁੱਟਰ ਬੇਸ਼ੱਕ ਸਾਲ 2021 ਦੌਰਾਨ ਸਿੱਖ ਪੰਥ ਨੂੰ ਅਨੇਕਾਂ ਅੰਦਰੂਨੀ-ਬਾਹਰੀ, ਕੌਮੀ ਤੇ ਕੌਮਾਂਤਰੀ …