ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕੌਮੀ ਅਸੈਂਬਲੀ ਵਿਚ ਆਪਣਾ ਬਹੁਮਤ ਗਵਾਉਣ ਅਤੇ ਵਿਰੋਧੀ ਪਾਰਟੀਆਂ ਵਲੋਂ ਉਸ ਵਿਰੁੱਧ ਅਵਿਸ਼ਵਾਸ ਦਾ ਮਤਾ ਪੇਸ਼ ਕੀਤੇ ਜਾਣ ਤੋਂ ਪਹਿਲਾਂ ਉਥੋਂ ਦੇ ਸਿਆਸੀ ਮੰਚ ‘ਤੇ ਜੋ ਦ੍ਰਿਸ਼ ਦੇਖਣ ਨੂੰ ਮਿਲੇ ਸਨ, ਉਹ ਕਿਸੇ ਨਾਟਕ ਤੋਂ ਘੱਟ ਨਹੀਂ ਸਨ। ਚਾਹੇ ਇਮਰਾਨ ਖ਼ਾਨ ਅਖ਼ੀਰ ਤੱਕ ਭਬਕੀਆਂ ਮਾਰਦਾ ਰਿਹਾ ਤੇ ਦਹਾੜਦਾ ਰਿਹਾ ਪਰ ਉਸ ਦੀ ਕੌਮੀ ਅਸੈਂਬਲੀ ਵਿਚ ਹਾਰ ਯਕੀਨੀ ਨਜ਼ਰ ਆਉਣ ਲੱਗੀ ਸੀ ਕਿਉਂਕਿ ਉਸ ਦੀ ਆਪਣੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਦੇ ਬਹੁਤ ਸਾਰੇ ਅਸੈਂਬਲੀ ਮੈਂਬਰਾਂ ਨੇ ਵੀ ਉਸ ਵਿਰੁੱਧ ਬਗ਼ਾਵਤ ਕਰ ਦਿੱਤੀ ਸੀ। ਉਸ ਦੀਆਂ ਭਾਈਵਾਲ ਪਾਰਟੀਆਂ ਨੇ ਖੁੱਲ੍ਹੇ ਰੂਪ ਵਿਚ ਵਿਰੋਧੀਆਂ ਨਾਲ ਖੜ੍ਹੇ ਹੋਣ ਦਾ ਐਲਾਨ ਕਰ ਦਿੱਤਾ ਸੀ। ਇਸੇ ਦੌਰਾਨ ਹੀ ਉਹ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਦੋ ਵਾਰ ਮਿਲਿਆ ਸੀ। ਇਸ ਨੇ ਸ਼ੱਕ ਨੂੰ ਹੋਰ ਵਧਾ ਦਿੱਤਾ ਸੀ ਕਿ ਪਾਕਿਸਤਾਨ ਦੀ ਫ਼ੌਜ ਪੈਦਾ ਹੋਈ ਇਸ ਗੜਬੜ ਵਿਚ ਇਕ ਵਾਰ ਫਿਰ ਵੱਡੀ ਭੂਮਿਕਾ ਨਿਭਾਅ ਸਕਦੀ ਹੈ। ਪਾਕਿਸਤਾਨ ਦੇ ਲਗਭਗ 73 ਸਾਲਾਂ ਦੇ ਇਤਿਹਾਸ ਵਿਚ ਘੱਟੋ-ਘੱਟ ਅੱਧੇ ਸਮੇਂ ਲਈ ਇਸ ਦੇਸ਼ ਵਿਚ ਫ਼ੌਜੀ ਤਾਨਾਸ਼ਾਹੀ ਦੀ ਹਕੂਮਤ ਰਹੀ ਹੈ, ਜਿਸ ਨੇ ਨਾ ਸਿਰਫ ਇਸ ਨੂੰ ਪੂਰੀ ਤਰ੍ਹਾਂ ਨਿਚੋੜ ਹੀ ਦਿੱਤਾ ਸਗੋਂ ਸ਼ੁਰੂ ਵਿਚ ਬਣਾਏ ਗਏ ਇਸ ਦੇ ਲਿਖਤੀ ਸੰਵਿਧਾਨ ਦੀਆਂ ਰੱਜ ਕੇ ਧੱਜੀਆਂ ਵੀ ਉਡਾਈਆਂ ਤੇ ਆਪਣੇ ਹਿਤਾਂ ਨਾਲ ਜੋੜਨ ਲਈ ਉਸ ਵਿਚ ਵੱਡੀਆਂ ਤਬਦੀਲੀਆਂ ਵੀ ਕਰਵਾਈਆਂ। ਪਾਕਿਸਤਾਨ ਵਿਚ ਦੋ ਵੱਡੀਆਂ ਪਾਰਟੀਆਂ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਜ਼ੁਲਫਿਕਾਰ ਅਲੀ ਭੁੱਟੋ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ ਹੀ ਵਧੇਰੇ ਕਰਕੇ ਸਿਆਸੀ ਦ੍ਰਿਸ਼ ‘ਤੇ ਛਾਈਆਂ ਰਹੀਆਂ ਹਨ, ਚਾਹੇ ਉਨ੍ਹਾਂ ਨੂੰ ਵੀ ਬਣੇ ਰਹੇ ਨਾਜ਼ੁਕ ਹਾਲਾਤ ‘ਤੇ ਫ਼ੌਜ ਦੇ ਇਸ਼ਾਰਿਆਂ ‘ਤੇ ਚੱਲਣਾ ਪਿਆ। ਇਸ ਦੀ ਇਕ ਸਿਤਮ-ਜ਼ਰੀਫੀ ਇਹ ਰਹੀ ਕਿ ਅੱਜ ਤੱਕ ਕਿਸੇ ਵੀ ਪਾਰਟੀ ਦਾ ਕੋਈ ਵੀ ਪ੍ਰਧਾਨ ਮੰਤਰੀ ਆਪਣਾ ਮਿੱਥਿਆ ਕਾਰਜਕਾਲ ਪੂਰਾ ਕਰਨ ਤੋਂ ਅਸਮਰੱਥ ਰਿਹਾ ਹੈ। ਇਸ ਦਾ ਇਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਸਮੇਂ-ਸਮੇਂ ਇਥੋਂ ਦੇ ਹੁਕਮਰਾਨਾਂ ਦੀਆਂ ਨੀਤੀਆਂ ਕਾਰਨ ਨਾ ਸਿਰਫ਼ ਇਹ ਲੰਮੇ ਸਮੇਂ ਤੱਕ ਅਮਰੀਕਾ ਦੇ ਪ੍ਰਭਾਵ ਹੇਠ ਰਿਹਾ ਸਗੋਂ ਬਾਅਦ ਵਿਚ ਚੀਨ ਨੇ ਆਪਣੇ ਢੰਗ ਨਾਲ ਇਸ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ।
ਇਥੋਂ ਦੇ ਲਗਭਗ ਸਾਰੇ ਹੀ ਹੁਕਮਰਾਨ ਮੁਲਕ ਦੀਆਂ ਹੋਰ ਅਨੇਕਾਂ ਗੰਭੀਰ ਸਮੱਸਿਆਵਾਂ ਤੋਂ ਪੱਲਾ ਝਾੜਨ ਦੀ ਨੀਤੀ ਨੂੰ ਮੁੱਖ ਰੱਖ ਕੇ ਆਪਣੇ ਗੁਆਂਢੀ ਭਾਰਤ ਨਾਲ ਕਸ਼ਮੀਰ ਮਸਲੇ ਦਾ ਹਊਆ ਹੀ ਖੜ੍ਹਾ ਕਰਦੇ ਰਹੇ। ਇਸ ਦੇ ਨਾਲ ਹੀ ਉਨ੍ਹਾਂ ਅੱਤਵਾਦੀ ਸੰਗਠਨਾਂ ਦੇ ਮੋਢਿਆਂ ‘ਤੇ ਬੰਦੂਕ ਚਲਾਈ ਜਾਣਾ ਹੀ ਬਿਹਤਰ ਸਮਝਿਆ। ਆਪਣੇ ਦੂਜੇ ਗੁਆਂਢੀ ਅਫ਼ਗਾਨਿਸਤਾਨ ਨਾਲ ਇਸ ਦੇ ਸੰਬੰਧ ਹਮੇਸ਼ਾ ਅਜੀਬੋ-ਗ਼ਰੀਬ ਬਣੇ ਰਹੇ। ਉਥੇ ਆਪਣੀ ਧੌਂਸ ਬਣਾਈ ਰੱਖਣ ਲਈ ਇਸ ਨੇ ਅੱਤਵਾਦੀ ਸੰਗਠਨ ਤਾਲਿਬਾਨ ਨੂੰ ਸੁਰੱਖਿਆ ਤੇ ਹੱਲਾਸ਼ੇਰੀ ਦਿੱਤੀ। ਇਸੇ ਦਾ ਨਤੀਜਾ ਹੈ ਕਿ ਅੱਜ ਉਥੇ ਮੁੜ ਦਹਾਕਿਆਂ ਦੀ ਲਹੂ ਵੀਟਵੀਂ ਲੜਾਈ ਤੋਂ ਬਾਅਦ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਚਾਹੇ ਅਫ਼ਗਾਨਿਸਤਾਨ ਵਿਚ ਤਾਲਿਬਾਨੀ ਜਿੱਤ ਗਏ ਹਨ ਪਰ ਆਪਣੀਆਂ ਇਨ੍ਹਾਂ ਨੀਤੀਆਂ ਕਰਕੇ ਅੱਜ ਪਾਕਿਸਤਾਨ ਹਾਰ ਗਿਆ ਲਗਦਾ ਹੈ। ਜਿਸ ਤਰ੍ਹਾਂ ਦੇ ਦੁਨੀਆ ਭਰ ਦੇ ਅੱਤਵਾਦੀ ਗਰੁੱਪਾਂ ਦਾ ਜਮਾਵੜਾ ਪਾਕਿਸਤਾਨ ਵਿਚ ਲੱਗ ਗਿਆ ਹੈ, ਉਨ੍ਹਾਂ ਨੇ ਪਾਕਿਸਤਾਨ ਦੀ ਹੋਂਦ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਅੱਜ ਇਨ੍ਹਾਂ ਗਰੁੱਪਾਂ ਵਿਚੋਂ ਕਈ ਗਰੁੱਪ ਅੰਦਰੋਂ ਹੀ ਪਾਕਿਸਤਾਨ ਦੀ ਫ਼ੌਜ ਨਾਲ ਸਖ਼ਤ ਲੜਾਈ ਲੜ ਰਹੇ ਹਨ। ਅਜਿਹੀਆਂ ਨੀਤੀਆਂ ਕਰਕੇ ਉਥੋਂ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ ਵਿਚ ਵੱਖਰੇ ਰਾਜ ਦੀ ਕਾਇਮੀ ਲਈ ਲਗਾਤਾਰ ਬਹੁਤ ਗੰਭੀਰ ਲੜਾਈ ਚੱਲ ਰਹੀ ਹੈ। ਇਸ ਤੋਂ ਇਲਾਵਾ ਅੱਜ ਪਾਕਿਸਤਾਨ ਬੁਰੀ ਤਰ੍ਹਾਂ ਵਿਦੇਸ਼ੀ ਕਰਜ਼ੇ ਦੇ ਬੋਝ ਹੇਠ ਦੱਬਿਆ ਪਿਆ ਹੈ। ਇਸ ਵਿਚ ਬਹੁਤੇ ਲੋਕਾਂ ਦਾ ਗੁਰਬਤ, ਬੇਰੁਜ਼ਗਾਰੀ ਤੇ ਮਹਿੰਗਾਈ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ।
ਵਿੱਦਿਆ ਤੇ ਸਿਹਤ ਸਹੂਲਤਾਂ ਪੱਖੋਂ ਇਹ ਦੇਸ਼ ਪੂਰੀ ਤਰ੍ਹਾਂ ਪਛੜ ਗਿਆ ਹੈ ਜਦੋਂ ਕਿ ਇਮਰਾਨ ਖ਼ਾਨ ਨੇ ਸਾਲ 2018 ਦੀਆਂ ਆਮ ਚੋਣਾਂ ਇਹ ਵਾਅਦਾ ਕਰਕੇ ਜਿੱਤੀਆਂ ਸਨ ਕਿ ਉਹ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਨਾਲ-ਨਾਲ ਨਵਾਂ ਪਾਕਿਸਤਾਨ ਬਣਾਏਗਾ। ਲਗਾਤਾਰ ਆਪਣੇ ਅਜਿਹੇ ਭਾਸ਼ਨਾਂ ਕਰਕੇ ਉਸ ਨੇ ਦੋ ਵਾਰ ਚੋਣਾਂ ਜਿੱਤੀਆਂ ਅਤੇ ਮਈ 2014 ਵਿਚ ਪ੍ਰਸ਼ਾਸਨ ਚਲਾ ਰਹੇ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਵਿਰੁੱਧ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਤੇ ਲਗਾਤਾਰ ਲਾਹੌਰ ਤੋਂ ਇਸਲਾਮਾਬਾਦ ਤੱਕ ਮਾਰਚ ਕੀਤੇ। ਇਕ ਸਾਲ ਬਾਅਦ ਹੋਈਆਂ ਆਮ ਚੋਣਾਂ ਵਿਚ ਨਵਾਜ਼ ਸ਼ਰੀਫ਼ ਵਲੋਂ ਵੋਟਾਂ ਵਿਚ ਹੇਰਾਫੇਰੀ ਕਰਨ ਦੇ ਇਲਜ਼ਾਮ ਲਗਾ ਕੇ ਸਰਕਾਰ ਲਈ ਇਕ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਸੀ। ਇਸੇ ਦੇ ਬਲਬੂਤੇ 2018 ਵਿਚ ਉਹ ਆਮ ਚੋਣਾਂ ਜਿੱਤ ਗਿਆ। ਪਰ ਪਿਛਲੇ ਸਾਢੇ ਤਿੰਨ ਸਾਲ ਤੋਂ ਉਸ ਦੀਆਂ ਨੀਤੀਆਂ ਅਤੇ ਬਿਆਨ ਮੁਲਕ ਸਾਹਮਣੇ ਪੈਦਾ ਹੋਈ ਗੰਭੀਰ ਸਮੱਸਿਆ ਤੋਂ ਨਿਜਾਤ ਨਾ ਦਿਵਾ ਸਕੇ। ਇਸ ਸਮੇਂ ਦੌਰਾਨ ਉਹ ਆਪਣੇ ਵਿਰੋਧੀਆਂ ਖਿਲਾਫ਼ ਘਟੀਆ ਪੱਧਰ ਦੇ ਬਿਆਨ ਦਾਗ਼ਦਾ ਰਿਹਾ।
ਚਾਹੇ ਉਸ ਨੇ ਸਾਲ 2019 ਵਿਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਕਰਤਾਰਪੁਰ ਦਾ ਲਾਂਘਾ ਸ਼ੁਰੂ ਕਰ ਕੇ ਇਕ ਵੱਡਾ ਤੇ ਮਹੱਤਵਪੂਰਨ ਕਦਮ ਉਠਾਇਆ ਸੀ, ਪਰ ਕਸ਼ਮੀਰ ਦੇ ਮਸਲੇ ‘ਤੇ ਉਸ ਨੇ ਲਗਾਤਾਰ ਭਾਰਤ ਨਾਲ ਆਪਣੀਆਂ ਨੀਤੀਆਂ ਕਰਕੇ ਦੁਸ਼ਮਣੀ ਨੂੰ ਪਹਿਲਾਂ ਨਾਲੋਂ ਵੀ ਵਡੇਰਾ ਕਰ ਲਿਆ। ਫਰਵਰੀ ਦੇ ਮਹੀਨੇ 2019 ਵਿਚ ਪਾਕਿਸਤਾਨ ਦੇ ਅੱਤਵਾਦੀ ਗਰੁੱਪਾਂ ਵਲੋਂ ਕੀਤੇ ਗਏ ਹਮਲੇ ਵਿਚ 40 ਭਾਰਤੀ ਜਵਾਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਭਾਰਤ ਨਾਲ ਉਸ ਦੇ ਸੰਬੰਧ ਬੇਹੱਦ ਵਿਗੜ ਗਏ, ਜਿਸ ਨਾਲ ਦੋਹਾਂ ਦੇਸ਼ਾਂ ਵਿਚ ਆਪਸੀ ਬੇਇਤਫ਼ਾਕੀ ਹੋਰ ਵੀ ਵਧ ਗਈ। ਚਾਹੇ ਹੁਣ ਵਿਰੋਧੀ ਧਿਰਾਂ ਵਲੋਂ ਉਸ ਨੂੰ ਸਿਆਸੀ ਤੌਰ ‘ਤੇ ਪਟਖਨੀ ਦੇਣ ਤੋਂ ਬਾਅਦ ਉਸ ਨੇ ਵਿਦੇਸ਼ੀ ਸ਼ਕਤੀਆਂ ‘ਤੇ ਇਲਜ਼ਾਮ ਲਗਾਉਣੇ ਸ਼ੁਰੂ ਕੀਤੇ ਹਨ ਪਰ ਇਨ੍ਹਾਂ ‘ਤੇ ਅੱਜ ਬਹੁਤੇ ਲੋਕਾਂ ਵਲੋਂ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ। ਵਿਰੋਧੀ ਧਿਰ ਵਲੋਂ ਪੇਸ਼ ਕੀਤੇ ਗਏ ਬੇਵਿਸਾਹੀ ਦੇ ਮਤੇ ਨੂੰ ਦੇਖ ਕੇ ਇਮਰਾਨ ਖ਼ਾਨ ਦੀ ਕੌਮੀ ਅਸੈਂਬਲੀ ਨੂੰ ਭੰਗ ਕਰਨ ਦੀ ਕਾਰਵਾਈ ਨੇ ਪਾਕਿਸਤਾਨ ‘ਚ ਇਕ ਨਵਾਂ ਸੰਵਿਧਾਨਕ ਸੰਕਟ ਪੈਦਾ ਕਰ ਦਿੱਤਾ ਹੈ, ਜਿਸ ਨਾਲ ਇਹ ਦੇਸ਼ ਹੋਰ ਵੀ ਗੰਭੀਰ ਤੇ ਵੱਡੀ ਸਮੱਸਿਆ ਵਿਚ ਘਿਰਿਆ ਨਜ਼ਰ ਆਉਂਦਾ ਹੈ।