4.7 C
Toronto
Friday, November 27, 2026
spot_img
Homeਸੰਪਾਦਕੀਆਰਥਿਕ ਵਿਕਾਸ ਦਾ ਭਰਮ ਤੇ ਨਾਬਰਾਬਰੀ

ਆਰਥਿਕ ਵਿਕਾਸ ਦਾ ਭਰਮ ਤੇ ਨਾਬਰਾਬਰੀ

ਆਰਥਿਕ ਵਿਕਾਸ ਦਾ ਭਰਮ ਤੇ ਨਾਬਰਾਬਰੀਦੁਨੀਆ ਦੀ ਆਰਥਿਕ ਤਰੱਕੀ ਦਾ ਪੈਮਾਨਾ ਆਮ ਤੌਰ ‘ਤੇ ਕੁੱਲ ਘਰੇਲੂ ਉਤਪਾਦ (ਜੀਡੀਪੀ), ਵਿਕਾਸ ਦਰ, ਵਿਦੇਸ਼ੀ ਨਿਵੇਸ਼ ਅਤੇ ਪ੍ਰਤੀ ਵਿਅਕਤੀ ਆਮਦਨ ਵਰਗੇ ਸੂਚਕਾਂ ਨੂੰ ਮੰਨਿਆ ਜਾਂਦਾ ਹੈ ਪਰ ਇੱਕ ਬੁਨਿਆਦੀ ਸਵਾਲ ਨੂੰ ਅਕਸਰ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਕਿ ਇਸ ਤਰੱਕੀ ਦੇ ਲਾਭ ਕਿਸ ਨੂੰ ਮਿਲ ਰਹੇ ਹਨ ਅਤੇ ਕਿਹੜੇ ਲੋਕ ਇਨ੍ਹਾਂ ਤੋਂ ਵਾਂਝੇ ਰਹਿ ਜਾਂਦੇ ਹਨ? ਵਿਸ਼ਵ ਨਾਬਰਾਬਰੀ ਲੈਬ ਦੀ ਵਿਸ਼ਵ ਨਾਬਰਾਬਰੀ ਰਿਪੋਰਟ 2026 ਇਸ ਸਵਾਲ ਨੂੰ ਦੁਨੀਆ ਦੀ ਆਰਥਿਕਤਾ ਦੇ ਕੇਂਦਰ ਵਿੱਚ ਲਿਆਉਂਦੀ ਹੈ ਕਿਉਂਕਿ ਇਹ ਆਮਦਨ, ਦੌਲਤ, ਲਿੰਗਕ ਪਾੜੇ, ਜਲਵਾਯੂ ਸੰਕਟ ਅਤੇ ਕੌਮਾਂਤਰੀ ਵਿੱਤੀ ਪ੍ਰਬੰਧ ਦੀਆਂ ਅਸਮਾਨਤਾਵਾਂ ਦਾ ਵਿਸ਼ਲੇਸ਼ਣ ਕਰਦੀ ਹੈ। ਰਿਪੋਰਟ ਦਾ ਬੁਨਿਆਦੀ ਸੰਦੇਸ਼ ਸਪੱਸ਼ਟ ਹੈ ਕਿ ਦੁਨੀਆ ਪਹਿਲਾਂ ਨਾਲੋਂ ਵਧੇਰੇ ਅਮੀਰ ਹੋਈ ਹੈ ਪਰ ਇਸ ਅਮੀਰੀ ਦੀ ਵੰਡ ਬੇਹੱਦ ਨਾਬਰਾਬਰੀ ਵਾਲੀ ਹੈ। ਇਸ ਲਈ ਆਰਥਿਕ ਵਿਕਾਸ ਦਰ ਨੂੰ ਹੀ ਲੋਕਾਂ ਦੀ ਭਲਾਈ ਦਾ ਅੰਤਿਮ ਪੈਮਾਨਾ ਮੰਨਣਾ ਗੰਭੀਰ ਨੀਤੀਗਤ ਭੁੱਲ ਹੈ। ਦੁਨੀਆ ਦੇ ਸਭ ਤੋਂ ਵੱਧ ਅਮੀਰ ਲਗਪਗ 0.001 ਫ਼ੀਸਦੀ ਯਾਨੀ 60,000 ਲੋਕਾਂ ਕੋਲ ਦੁਨੀਆ ਦੇ ਹੇਠਲੇ 50 ਫ਼ੀਸਦੀ ਲੋਕਾਂ ਦੀ ਜਾਇਦਾਦ ਤੋਂ ਤਿੰਨ ਗੁਣਾ ਜ਼ਿਆਦਾ ਜਾਇਦਾਦ ਹੈ। ਸਾਲ 1995 ਵਿੱਚ ਇਨ੍ਹਾਂ ਦੀ ਜਾਇਦਾਦ ਦਾ ਹਿੱਸਾ 4 ਫ਼ੀਸਦੀ ਸੀ, ਜੋ ਵਧ ਕੇ 2025 ਵਿੱਚ 6 ਫ਼ੀਸਦੀ ਹੋ ਗਿਆ ਸੀ। ਉਪਰਲੀ 10 ਫ਼ੀਸਦੀ ਅਮੀਰ ਆਬਾਦੀ ਕੋਲ ਕੁੱਲ ਵਿਸ਼ਵ ਦੌਲਤ ਦਾ ਲਗਪਗ 75 ਫ਼ੀਸਦੀ ਹਿੱਸਾ ਹੈ ਜਦੋਂਕਿ ਹੇਠਲੇ 50 ਫ਼ੀਸਦੀ ਲੋਕਾਂ ਕੋਲ ਸਿਰਫ਼ 2 ਫ਼ੀਸਦੀ ਦੌਲਤ ਹੈ। ਆਮਦਨ ਦੀ ਵੰਡ ਵੀ ਇਸੇ ਤਰ੍ਹਾਂ ਨਾਬਰਾਬਰੀ ਵਾਲੀ ਹੈ। ਦੁਨੀਆ ਦੀ ਸਿਖਰਲੀ 10 ਫ਼ੀਸਦੀ ਆਬਾਦੀ ਕੁੱਲ ਆਮਦਨ ਦਾ ਲਗਪਗ 53 ਫ਼ੀਸਦੀ ਹਿੱਸਾ ਹਾਸਲ ਕਰਦੀ ਹੈ ਜਦੋਂਕਿ ਹੇਠਲੇ 50 ਫ਼ੀਸਦੀ ਲੋਕਾਂ ਦੇ ਹਿੱਸੇ ਮਹਿਜ਼ 8 ਫ਼ੀਸਦੀ ਆਮਦਨ ਆਉਂਦੀ ਹੈ। ਇਹ ਅੰਕੜੇ ਸਿਰਫ਼ ਅਮੀਰਾਂ ਤੇ ਗ਼ਰੀਬਾਂ ਵਿਚਕਾਰ ਆਮਦਨ ਦੇ ਫ਼ਰਕ ਨੂੰ ਹੀ ਨਹੀਂ ਦਰਸਾਉਂਦੇ ਸਗੋਂ ਆਰਥਿਕ ਪ੍ਰਬੰਧ ਦੀ ਬੁਨਿਆਦੀ ਬਣਤਰ ‘ਤੇ ਵੀ ਸਵਾਲ ਖੜ੍ਹੇ ਕਰਦੇ ਹਨ। ਜਦੋਂ ਆਰਥਿਕ ਵਿਕਾਸ ਦੇ ਵੱਡੇ ਲਾਭ ਸੀਮਿਤ ਲੋਕਾਂ ਕੋਲ ਇਕੱਠੇ ਹੁੰਦੇ ਜਾਣ ਤਾਂ ਬਹੁਗਿਣਤੀ ਦੀ ਖ਼ਰੀਦ ਸ਼ਕਤੀ, ਜੀਵਨ ਪੱਧਰ ਅਤੇ ਆਰਥਿਕ ਸੁਰੱਖਿਆ ਵਿੱਚ ਉਸੇ ਅਨੁਪਾਤ ਨਾਲ ਸੁਧਾਰ ਨਹੀਂ ਹੁੰਦਾ। ਅਰਥਚਾਰੇ ਵਿੱਚ ਵਸਤਾਂ ਤੇ ਸੇਵਾਵਾਂ ਦਾ ਉਤਪਾਦਨ ਵਧਣ ਦੇ ਬਾਵਜੂਦ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਖ਼ੁਸ਼ਹਾਲੀ ਦੀ ਘਾਟ ਇਸੇ ਵਿਰੋਧਾਭਾਸ ਦਾ ਨਤੀਜਾ ਹੈ। ਇੱਥੇ ਆਮਦਨ ਅਤੇ ਦੌਲਤ ਵਿਚਲਾ ਫ਼ਰਕ ਸਮਝਣਾ ਵੀ ਜ਼ਰੂਰੀ ਹੈ। ਆਮਦਨ ਕਿਸੇ ਸਮੇਂ ਦੌਰਾਨ ਹੋਣ ਵਾਲੀ ਕਮਾਈ ਹੈ ਜਦੋਂਕਿ ਦੌਲਤ ਵਿੱਚ ਜ਼ਮੀਨ, ਮਕਾਨ, ਵਿੱਤੀ ਸੰਪਤੀਆਂ ਅਤੇ ਹੋਰ ਜਾਇਦਾਦਾਂ ਵਿੱਚੋਂ ਕਰਜ਼ੇ ਘਟਾਉਣ ਮਗਰੋਂ ਬਚੀ ਕੀਮਤ/ਮੁੱਲ ਸ਼ਾਮਿਲ ਹੁੰਦਾ ਹੈ। ਜੇ ਕਿਸੇ ਪਰਿਵਾਰ ਕੋਲ ਜਾਇਦਾਦ, ਵਿਰਾਸਤੀ ਪੂੰਜੀ ਅਤੇ ਵਿੱਤੀ ਨਿਵੇਸ਼ ਹਨ ਤਾਂ ਉਹ ਕਿਰਤ ਤੋਂ ਮਿਲਣ ਵਾਲੀ ਆਮਦਨ ਤੋਂ ਇਲਾਵਾ ਕਿਰਾਇਆ, ਵਿਆਜ, ਲਾਭਅੰਸ਼ ਅਤੇ ਪੂੰਜੀਗਤ ਵਾਧੇ ਤੋਂ ਵੀ ਕਮਾਈ ਕਰ ਸਕਦਾ ਹੈ। ਇਸਦੇ ਉਲਟ ਜਾਇਦਾਦ ਤੋਂ ਵਾਂਝਾ ਪਰਿਵਾਰ ਆਪਣੀ ਰੋਜ਼ੀ-ਰੋਟੀ ਲਈ ਮੁੱਖ ਤੌਰ ‘ਤੇ ਮਜ਼ਦੂਰੀ ਜਾਂ ਤਨਖ਼ਾਹ ‘ਤੇ ਨਿਰਭਰ ਰਹਿੰਦਾ ਹੈ। ਇਸੇ ਕਰਕੇ ਦੌਲਤ ਦੀ ਨਾਬਰਾਬਰੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਆਰਥਿਕ ਅਤੇ ਸਮਾਜਿਕ ਪਾੜਿਆਂ ਨੂੰ ਕਾਇਮ ਰੱਖ ਸਕਦੀ ਹੈ।
ਭਾਰਤ ਲਈ ਰਿਪੋਰਟ ਦੇ ਅੰਕੜੇ ਖਾਸ ਤੌਰ ‘ਤੇ ਚਿੰਤਾਜਨਕ ਹਨ। ਸਾਲ 2024 ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਸਿਖਰਲੀ 10 ਫ਼ੀਸਦੀ ਆਬਾਦੀ ਕੋਲ ਕੌਮੀ ਆਮਦਨ ਦਾ ਲਗਪਗ 57.7 ਫ਼ੀਸਦੀ ਹਿੱਸਾ ਹੈ ਜਦੋਂਕਿ ਹੇਠਲੇ 50 ਫ਼ੀਸਦੀ ਲੋਕਾਂ ਨੂੰ ਸਿਰਫ਼ 15 ਫ਼ੀਸਦੀ ਆਮਦਨ ਮਿਲਦੀ ਹੈ। ਦੌਲਤ ਦੀ ਵੰਡ ਹੋਰ ਵੀ ਨਾਬਰਾਬਰ ਹੈ ਕਿਉਂਕਿ ਸਿਖਰਲੇ 10 ਫ਼ੀਸਦੀ ਕੋਲ ਕੁੱਲ ਦੌਲਤ ਦਾ ਲਗਪਗ 65 ਫ਼ੀਸਦੀ ਅਤੇ ਸਿਖਰਲੇ ਇੱਕ ਫ਼ੀਸਦੀ ਕੋਲ ਤਕਰੀਬਨ 40 ਫ਼ੀਸਦੀ ਹਿੱਸਾ ਹੈ ਜਦੋਂਕਿ ਹੇਠਲੇ 50 ਫ਼ੀਸਦੀ ਲੋਕਾਂ ਕੋਲ ਕੁੱਲ ਦੌਲਤ ਦਾ ਸਿਰਫ਼ 6.4 ਫ਼ੀਸਦੀ ਹੈ। ਇਸ ਦਾ ਮਤਲਬ ਹੈ ਕਿ ਭਾਰਤ ਦੀ ਆਰਥਿਕ ਤਰੱਕੀ ਦੇ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਬਰਾਬਰ ਨਹੀਂ ਪਹੁੰਚ ਰਹੇ। ਇੱਕ ਪਾਸੇ ਵੱਡੇ ਕਾਰੋਬਾਰੀ, ਵਿੱਤੀ ਸੰਪਤੀਆਂ ਅਤੇ ਜਾਇਦਾਦਾਂ ਦੀ ਕੀਮਤ ਵਿੱਚ ਵਾਧੇ ਨਾਲ ਉੱਚ ਆਮਦਨ ਵਾਲੇ ਵਰਗਾਂ ਦੀ ਦੌਲਤ ਵਧਦੀ ਹੈ।
ਭਾਰਤ ਦੀ ਪ੍ਰਤੀ ਵਿਅਕਤੀ ਔਸਤ ਮਹੀਨਾਵਾਰ ਆਮਦਨ ਖ਼ਰੀਦ ਸ਼ਕਤੀ ਸਮਾਨਤਾ (ਪੀਪੀਪੀ) ਦੇ ਆਧਾਰ ‘ਤੇ ਲਗਪਗ 518 ਯੂਰੋ ਦਰਸਾਈ ਗਈ ਹੈ ਪਰ ਇਹ ਔਸਤ ਸਮਾਜ ਅੰਦਰਲੀ ਵੰਡ ਨੂੰ ਆਪਣੇ ਆਪ ਨਹੀਂ ਦਿਖਾਉਂਦੀ। ਜੇ ਕੁਝ ਲੋਕਾਂ ਦੀ ਆਮਦਨ ਬਹੁਤ ਉੱਚੀ ਹੋਵੇ ਅਤੇ ਵੱਡੀ ਆਬਾਦੀ ਦੀ ਆਮਦਨ ਘੱਟ ਹੋਵੇ ਤਾਂ ਅਸਲ ਜੀਵਨ ਹਾਲਾਤ ਦੀ ਤਸਵੀਰ ਨੂੰ ਔਸਤ ਧੁੰਦਲਾ ਕਰ ਸਕਦੀ ਹੈ। ਇਸੇ ਲਈ ਆਮਦਨ ਦੀ ਔਸਤ ਦੇ ਨਾਲ-ਨਾਲ ਉਸ ਦੀ ਵੰਡ, ਰੁਜ਼ਗਾਰ ਦੀ ਗੁਣਵੱਤਾ, ਸਿੱਖਿਆ, ਸਿਹਤ, ਪੋਸ਼ਣ (ਖ਼ਾਸਕਰ ਬੱਚਿਆਂ ਵਿੱਚ) ਅਤੇ ਸਮਾਜਿਕ ਸੁਰੱਖਿਆ ਦੇ ਸੂਚਕਾਂ ਨੂੰ ਵੀ ਦੇਖਣਾ ਲਾਜ਼ਮੀ ਹੈ। ਇਸ ਸੰਦਰਭ ਵਿੱਚ ਭਾਰਤ ਦੇ ਵਿਕਾਸ ਮਾਡਲ ਦੀ ਆਲੋਚਨਾਤਮਕ ਸਮੀਖਿਆ ਜ਼ਰੂਰੀ ਹੈ। ਉੱਚ ਜੀਡੀਪੀ ਵਿਕਾਸ ਦਰ ਆਪਣੇ ਆਪ ਵਿੱਚ ਨਾ ਤਾਂ ਰੁਜ਼ਗਾਰ ਦੀ ਗਾਰੰਟੀ ਹੈ, ਨਾ ਹੀ ਉਚਿਤ ਮਜ਼ਦੂਰੀ ਅਤੇ ਜਨਤਕ ਸੇਵਾਵਾਂ ਤੱਕ ਬਰਾਬਰ ਪਹੁੰਚ ਦੀ। ਜੇਕਰ ਵਿਕਾਸ ਦੇ ਨਾਲ ਮਜ਼ਦੂਰਾਂ ਦੀ ਸੌਦੇਬਾਜ਼ੀ ਦੀ ਤਾਕਤ ਕਮਜ਼ੋਰ ਹੋਵੇ, ਸਥਾਈ ਨੌਕਰੀਆਂ ਦੀ ਥਾਂ ਅਸਥਾਈ ਤੇ ਠੇਕਾ ਪ੍ਰਣਾਲੀ ਫੈਲੇ ਅਤੇ ਜਨਤਕ ਸਿੱਖਿਆ ਤੇ ਸਿਹਤ ਉੱਤੇ ਪਰਿਵਾਰਾਂ ਦਾ ਆਪਣਾ ਖਰਚਾ ਵਧੇ ਤਾਂ ਵਿਕਾਸ ਦੇ ਲਾਭਾਂ ਦੀ ਵੰਡ ਹੋਰ ਵੀ ਨਾਬਰਾਬਰੀ ਵਾਲੀ ਹੋ ਸਕਦੀ ਹੈ। ਇੱਕ ਅਹਿਮ ਨੁਕਤਾ ਇਹ ਹੈ ਕਿ ਵਿਸ਼ਵ ਦੀ ਦੌਲਤ ਵਿੱਚ ਵਾਧੇ ਦਾ ਵੱਡਾ ਹਿੱਸਾ ਨਿੱਜੀ ਖੇਤਰ ਦੀਆਂ ਸੰਪਤੀਆਂ ਵਿੱਚ ਇਕੱਠਾ ਹੋਇਆ ਹੈ ਜਦੋਂਕਿ ਜਨਤਕ ਦੌਲਤ ਦਾ ਵਾਧਾ ਇਸ ਦੇ ਮੁਕਾਬਲੇ ਸੀਮਿਤ ਰਿਹਾ ਹੈ।
1990ਵਿਆਂ ਤੋਂ ਅਰਬਪਤੀਆਂ ਅਤੇ ਅਤਿ-ਅਮੀਰ ਲੋਕਾਂ ਦੀ ਦੌਲਤ ਵਿੱਚ ਸਾਲਾਨਾ ਵਾਧਾ ਲਗਪਗ 8 ਫ਼ੀਸਦੀ ਰਿਹਾ ਹੈ, ਜੋ ਹੇਠਲੇ 50 ਫ਼ੀਸਦੀ ਲੋਕਾਂ ਦੀ ਦੌਲਤ ਦੇ ਵਾਧੇ ਨਾਲੋਂ ਕਾਫ਼ੀ ਤੇਜ਼ ਹੈ। ਇਹ ਤੱਥ ਦਰਸਾਉਂਦੇ ਹਨ ਕਿ ਦੌਲਤ ਦਾ ਕੇਂਦਰੀਕਰਨ ਆਰਥਿਕ ਪ੍ਰਬੰਧ ਦੀ ਡੂੰਘੀ ਸੰਰਚਨਾਤਮਕ ਸਮੱਸਿਆ ਹੈ। ਜਦੋਂ ਪੂੰਜੀ ਤੋਂ ਹੋਣ ਵਾਲੀ ਆਮਦਨ ਮਜ਼ਦੂਰੀ ਤੋਂ ਹੋਣ ਵਾਲੀ ਆਮਦਨ ਨਾਲੋਂ ਤੇਜ਼ੀ ਨਾਲ ਵਧਦੀ ਹੈ ਤਾਂ ਜਾਇਦਾਦ ਦੇ ਮਾਲਕਾਂ ਅਤੇ ਆਪਣੀ ਕਿਰਤ ਵੇਚ ਕੇ ਗੁਜ਼ਾਰਾ ਕਰਨ ਵਾਲਿਆਂ ਵਿਚਲਾ ਪਾੜਾ ਵਧਦਾ ਜਾਂਦਾ ਹੈ। ਇਸ ਸਥਿਤੀ ਵਿੱਚ ਸਿਰਫ਼ ਬਾਜ਼ਾਰ ਦੀਆਂ ਤਾਕਤਾਂ ‘ਤੇ ਭਰੋਸਾ ਕਰਨਾ ਕਾਫ਼ੀ ਨਹੀਂ। ਮਜ਼ਦੂਰਾਂ ਲਈ ਉਚਿਤ ਉਜਰਤਾਂ, ਸਮੂਹਿਕ ਸੌਦੇਬਾਜ਼ੀ ਦੇ ਹੱਕ, ਸਮਾਜਿਕ ਸੁਰੱਖਿਆ ਅਤੇ ਜਨਤਕ ਸੇਵਾਵਾਂ ਦੀ ਮਜ਼ਬੂਤੀ ਤੋਂ ਬਿਨਾਂ ਵਿਕਾਸ ਦੇ ਲਾਭਾਂ ਦੀ ਵਿਆਪਕ ਵੰਡ ਸੰਭਵ ਨਹੀਂ।
– ਡਾ. ਕੇਸਰ ਸਿੰਘ ਭੰਗੂ
(‘ਪੰਜਾਬੀ ਟ੍ਰਿਬਿਊਨ’ ਵਿਚੋਂ ਧੰਨਵਾਦ ਸਹਿਤ)

RELATED ARTICLES
POPULAR POSTS